ਤਾਜਾ ਖਬਰਾਂ
.
ਖਰੜ (ਐਸ.ਏ.ਐਸ. ਨਗਰ), 8 ਦਸੰਬਰ, 2024: ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਖਰੜ ਵਿਖੇ ਬਣਨ ਵਾਲੇ ਸਕੂਲ ਆਫ਼ ਐਮੀਨੈਂਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਬਕਾਇਆ ਸਿਵਲ, ਇਲੈਕਟ੍ਰਿਕ ਅਤੇ ਪਬਲਿਕ ਹੈਲਥ ਕੰਮਾਂ ਨੂੰ ਮੁੜ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ 1.56 ਕਰੋੜ ਰੁਪਏ ਦੇ ਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਖਰੜ ਸ਼੍ਰੀਮਤੀ ਮਾਨ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਦੀ ਉਸਾਰੀ ਦਾ ਮੌਜੂਦਾ ਅਨੁਮਾਨ 10.94 ਕਰੋੜ ਤੋਂ ਵਧਾ ਕੇ 16.84 ਕਰੋੜ ਕਰ ਦਿੱਤਾ ਗਿਆ ਹੈ ਤਾਂ ਜੋ ਨਵੀਂ ਇਮਾਰਤ ਨੂੰ ਅਤਿ-ਆਧੁਨਿਕ ਦਿੱਖ ਦਿੱਤੀ ਜਾ ਸਕੇ। ਇਸ ਲਈ ਪੰਜਾਬ ਸਰਕਾਰ ਵੱਲੋਂ ਕਾਰਜਕਾਰੀ ਏਜੰਸੀ ਲੋਕ ਨਿਰਮਾਣ ਵਿਭਾਗ ਨੂੰ ਲੋੜੀਂਦੇ ਵਾਧੂ ਖ਼ਰਚ, 5.90 ਕਰੋੜ ਰੁਪਏ ਦੀ ਸੋਧੀ ਹੋਈ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਅਨੁਸਾਰ ਇਲਾਕੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਆਫ ਐਮੀਨੈਂਸ ਦੀ ਨਵੀਂ ਇਮਾਰਤ ਦਾ ਨਿਰਮਾਣ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ।
ਵਿਧਾਇਕ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੋਧੀ ਹੋਈ ਯੋਜਨਾ ਅਨੁਸਾਰ ਨਵੀਂ ਇਮਾਰਤ ਵਿੱਚ ਮਾਡਿਊਲਰ ਲੈਬਜ਼, ਸਾਈਨੇਜ, ਐਥਲੈਟਿਕ ਟ੍ਰੈਕ, ਵਾਲੀਬਾਲ ਕੋਰਟ ਅਤੇ ਬੈਡਮਿੰਟਨ ਕੋਰਟ ਤੋਂ ਇਲਾਵਾ ਹੋਰ ਸਿਵਲ, ਇਲੈਕਟ੍ਰੀਕਲ ਅਤੇ ਪਬਲਿਕ ਹੈਲਥ ਦੇ ਕੰਮ ਮੁਕੰਮਲ ਕੀਤੇ ਜਾਣਗੇ।
ਉਨ੍ਹਾਂ ਖਰੜ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਕੂਲ ਆਫ ਐਮੀਨੈਂਸ ਖਰੜ ਦੀ ਨਵੀਂ ਇਮਾਰਤ ਨੂੰ ਬੜੀ ਜਲਦੀ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਸਰਕਾਰੀ ਸਕੂਲ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਸਕਣ।
Get all latest content delivered to your email a few times a month.