ਤਾਜਾ ਖਬਰਾਂ
.
ਜਗਰਾਓ 27 ਨਵੰਬਰ ( ਹੇਮ ਰਾਜ ਬੱਬਰ ) ਕਥਿਤ ਥਾਣਾਮੁਖੀ ਅਤੇ ਏਐਸਆਈ ਵਲੋਂ ਮਾਤਾ ਸੁਰਿੰਦਰ ਕੌਰ, ਭੈਣ ਕੁਲਵੰਤ ਕੌਰ ਤੇ ਮਨਪ੍ਰੀਤ ਕੌਰ ਵਗੈਰਾ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਤਸੀਹੇ ਦੇਣ ਸਬੰਧੀ ਦਰਜ ਮੁਕੱਦਮੇ ਦੀ ਤਫਤੀਸ਼ ਮਹਿਲਾ ਅਫਸਰਾਂ ਤੋਂ ਕਰਵਾਉਣ ਸਬੰਧੀ ਵਿਸ਼ੇਸ਼ ਅਦਾਲਤ ਵਲੋਂ ਜਾਰੀ ਕੀਤੇ ਹੁਕਮਾਂ ਦੇ ਹਵਾਲੇ 'ਚ ਧਰਨਾਕਾਰੀ ਜੱਥੇਬੰਦੀਆਂ ਨੇ ਡੀਜੀਪੀ ਅਤੇ ਪ੍ਰਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ "ਪੀੜਤ ਪਰਿਵਾਰ 32 ਮਹੀਨਿਆਂ ਤੋਂ ਨਿਆਂ ਦੀ ਆਸ ਵਿੱਚ ਥਾਣੇ ਮੂਹਰੇ ਧਰਨੇ 'ਤੇ ਬੈਠੇ ਪੀੜਤਾਂ ਨੂੰ ਨਿਆਂ ਦਿਵਾਉਣ ਹਿੱਤ ਮੁਕੱਦਮੇ ਦੀ ਤਫਤੀਸ਼ ਮਹਿਲਾ ਉੱਚ ਅਫ਼ਸਰਾਂ ਤੋਂ ਕਰਵਾਈ ਜਾਵੇ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਭੂਰ ਸਿੰਘ, ਸੀਟੂ ਆਗੂ ਨਿਰਮਲ ਸਿੰਘ ਧਾਲੀਵਾਲ ਅਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਲੰਘੇ ਹਫਤੇ ਅਨੁਸੂਚਿਤ ਜਾਤੀਆਂ ਦੇ ਮਾਮਲਿਆਂ ਦੀ ਸੁਣਵਾਈ ਲਈ ਬਣੀ ਵਿਸ਼ੇਸ਼ ਅਦਾਲਤ ਵਲੋਂ ਉਕਤ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦੋ ਅਨੁਸੂਚਿਤ ਜਾਤੀ ਪਰਿਵਾਰਾਂ 'ਤੇ ਕਥਿਤ ਥਾਣਾਮੁਖੀ ਵਲੋਂ ਨਜਾਇਜ਼ ਪੁਲਿਸ ਹਿਰਾਸਤ ਵਿੱਚ ਤੀਜੇ ਦਰਜੇ ਦੇ "ਅੱਤਿਆਚਾਰਾਂ" ਕੀਤੇ ਸਨ ਅਤੇ ਉੱਚ ਪੱਧਰੀ ਪੜਤਾਲ ਰਿਪੋਰਟਾਂ ਦੇ ਅਧਾਰ ਤੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ ਪਰ ਮੁਕਾਮੀ ਪੁਲਿਸ ਨੇ ਪੀੜਤਾਂ ਕੁਲਵੰਤ ਕੌਰ ਦੀ ਮੌਤ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਸੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਪੀੜਤ ਪਰਿਵਾਰ ਬਣਦਾ ਮੁਆਵਜਾ ਲੈਣ ਅਤੇ ਦੋਸ਼ੀਆਂ ਸਜ਼ਾਵਾਂ ਦਿਵਾਉਣ ਲਈ ਲੰਘੀ 23 ਮਾਰਚ 2022 ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਹਨ ਪਰ ਮੌਜੂਦਾ ਸਰਕਾਰ ਪੀੜਤਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਬੇੜਾ ਗ਼ਰਕ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪੀੜ੍ਹਤਾਂ ਤੇ ਜਾਤੀ ਵਿੱਤਕਰੇ ਦੀ ਪੁਸ਼ਟੀ ਕਰਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜਣ ਦੇ ਬਾਵਜੂਦ ਅਧਿਕਾਰੀਆਂ ਦੇ ਕੰਨ ਜੂੰ ਨਹੀਂ ਸਰਕੀ। ਆਗੂਆਂ ਨੇ ਦੋਸ਼ ਲਗਾਇਆ ਕਿ ਅੱਤਿਆਚਾਰਾਂ ਦੇ ਇਸ ਮਾਮਲੇ ਵਿੱਚ ਇੱਕ ਆਈ. ਬੀ. ਦਾ ਜੋਆਇੰਟ ਡਾਇਰੈਕਟਰ, ਇੱਕ ਸੇਵਾਮੁਕਤ ਡੀਐਸਪੀ, ਇੱਕ ਮੌਜੂਦਾ ਡੀਐਸਪੀ, ਇੱਕ ਸਾਬਕਾ ਥਾਣਾਮੁਖੀ, ਇੱਕ ਥਾਣੇਦਾਰ ਅਤੇ ਪੰਚ-ਸਰਪੰਚ ਆਦਿ ਸ਼ਾਮਲ ਹਨ ਜਿਨ੍ਹਾਂ ਖਿਲਾਫ ਡੀਜੀਪੀ/ਇੰਟੈਲੀਜੈਂਸ, ਡੀਜੀਪੀ/ਐਚਆਰ ਦੀਆਂ ਪੜਤਾਲੀਆ ਰਿਪੋਰਟਾਂ ਅਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਆਦੇਸ਼ਾਂ ਦੇ ਬਾਵਜ਼ੂਦ ਬਣਦੀ ਕਾਨੂੰਨੀ ਕਾਰਵਾਈ ਨਾਂ ਕਰਕੇ ਪੁਲਿਸ ਅਧਿਕਾਰੀਆਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ। ਇਸ ਸਮੇਂ ਹਰੀ ਸਿੰਘ ਚਚਰਾੜੀ, ਹਰਵਿੰਦਰ, ਬਲਦੇਵ ਜਗਰਾਓਂ ਆਦਿ ਹਾਜ਼ਰ ਸਨ।
Get all latest content delivered to your email a few times a month.