ਤਾਜਾ ਖਬਰਾਂ
.
ਚੰਡੀਗੜ੍ਹ- ਹਰਿਆਣਾ 'ਚ ਹੁਣ ਪ੍ਰਾਈਵੇਟ ਢਾਬਿਆਂ 'ਤੇ ਰੋਡਵੇਜ਼ ਦੀਆਂ ਬੱਸਾਂ ਨਹੀਂ ਰੁਕਣਗੀਆਂ। ਜਿਸ ਤਰਜ਼ 'ਤੇ ਰੇਲਵੇ ਨੇ ਆਪਣੇ ਯਾਤਰੀਆਂ ਲਈ ਕੰਟੀਨਾਂ ਬਣਾਈਆਂ ਹਨ, ਉਸੇ ਤਰਜ਼ 'ਤੇ ਸੂਬੇ ਦੇ ਬੱਸ ਸਟੈਂਡਾਂ 'ਤੇ ਕੰਟੀਨ ਬਣਾਉਣ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਕੰਟੀਨਾਂ ਖੋਲ੍ਹ ਕੇ ਬੱਸ ਸਟੈਂਡ 'ਤੇ ਆਉਣ ਵਾਲੇ ਯਾਤਰੀਆਂ ਲਈ ਬਿਹਤਰ ਪ੍ਰਬੰਧ ਕੀਤੇ ਜਾ ਸਕਣ।
ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਟਰਾਂਸਪੋਰਟ ਵਿਭਾਗ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਇਹ ਸਖ਼ਤ ਹੁਕਮ ਦਿੱਤੇ। ਵਿੱਜ ਨੇ ਕਿਹਾ ਕਿ ਢਾਬਿਆਂ 'ਤੇ ਬੱਸਾਂ ਨਾ ਰੋਕਣ ਦੇ ਹੁਕਮ ਪਹਿਲਾਂ ਹੀ ਲਾਗੂ ਹੋ ਚੁੱਕੇ ਹਨ। ਪ੍ਰਾਈਵੇਟ ਢਾਬਿਆਂ ’ਤੇ ਬੱਸਾਂ ਰੋਕਣ ਵਾਲੇ ਡਰਾਈਵਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿੱਜ ਨੇ ਇਹ ਵੀ ਕਿਹਾ ਕਿ ਦੇਖਿਆ ਗਿਆ ਹੈ ਕਿ ਹਰਿਆਣਾ ਵਿੱਚ ਕਈ ਵਾਹਨ ਬਿਨਾਂ ਨੰਬਰ ਪਲੇਟ ਦੇ ਚੱਲਦੇ ਹਨ। ਹੁਣ ਅਜਿਹਾ ਨਹੀਂ ਹੋਵੇਗਾ। ਜੇਕਰ ਕੋਈ ਵਾਹਨ ਬਿਨਾਂ ਨੰਬਰ ਜਾਂ ਨੰਬਰ ਪਲੇਟ ਤੋਂ ਚੱਲਦਾ ਹੈ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ।
ਮੀਟਿੰਗ ਵਿੱਚ ਵਿਜ ਨੇ ਰੋਡਵੇਜ਼ ਦੇ ਜੀਐਮ ਨੂੰ ਬੱਸਾਂ ਦੀ ਰੁਟੀਨ ਚੈਕਿੰਗ ਕਰਨ ਅਤੇ ਇਸ ਵਿੱਚ ਵਾਧਾ ਕਰਨ ਦੇ ਹੁਕਮ ਦਿੱਤੇ ਹਨ। ਲੋਕਾਂ ਦੀ ਸਹੂਲਤ ਦਾ ਖਿਆਲ ਰੱਖਿਆ ਜਾਵੇ। ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਲਗਾਤਾਰ ਨਿਗਰਾਨੀ ਰੱਖੀ ਜਾਵੇ।
ਮੀਟਿੰਗ ਵਿੱਚ ਅਨਿਲ ਵਿੱਜ ਨੇ ਸੁਝਾਅ ਦਿੱਤਾ ਕਿ ਰੋਡਵੇਜ਼ ਦੀਆਂ ਬੱਸਾਂ ਦੇ ਸਮੇਂ ਲਈ ਇੱਕ ਡਿਜੀਟਲ ਐਪ ਬਣਾਈ ਜਾਵੇ, ਜਿਸ ਨੂੰ ਜੀ.ਪੀ.ਐਸ. ਦੇ ਨਾਲ ਜੋੜਿਆ ਜਾਵੇ। ਰੇਲਵੇ ਦੀ ਤਰ੍ਹਾਂ ਬੱਸਾਂ ਦਾ ਸਮਾਂ ਵੀ ਐਪ 'ਤੇ ਦਿਖਾਈ ਦੇਣਾ ਚਾਹੀਦਾ ਹੈ। ਇਹ ਵੀ ਪਤਾ ਲੱਗ ਜਾਵੇਗਾ ਕਿ ਬੱਸ ਕਿਸ ਰੂਟ 'ਤੇ ਚੱਲ ਰਹੀ ਹੈ ਅਤੇ ਕਿਸ ਸਮੇਂ ਤੱਕ ਇਹ ਮੰਜ਼ਿਲ 'ਤੇ ਪਹੁੰਚੇਗੀ। ਇਸ ਐਪ ਰਾਹੀਂ ਅਧਿਕਾਰੀਆਂ ਨੂੰ ਬੱਸਾਂ ਦੀ ਨਿਗਰਾਨੀ ਕਰਨਾ ਵੀ ਆਸਾਨ ਹੋ ਜਾਵੇਗਾ। ਲੋਕ ਬੱਸਾਂ ਦਾ ਸਮਾਂ ਵੀ ਦੇਖ ਸਕਣਗੇ। ਇਸ ਨਾਲ ਪੇਂਡੂ ਰੂਟਾਂ 'ਤੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਵਧੇਰੇ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਨੂੰ ਵੀ ਇਸ ਨਿਯਮ ਦੀ ਪਾਲਣਾ ਕਰਨੀ ਪਵੇਗੀ। ਵਿੱਜ ਨੇ ਕਿਹਾ ਕਿ ਨਿਯਮਾਂ ਅਨੁਸਾਰ ਪ੍ਰਾਈਵੇਟ ਬੱਸਾਂ ਨੇ ਪਿੰਡ ਵਿੱਚੋਂ ਲੰਘਣਾ ਹੁੰਦਾ ਹੈ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ।
Get all latest content delivered to your email a few times a month.