IMG-LOGO
ਹੋਮ ਪੰਜਾਬ: 🔷 ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ...

🔷 ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ਦੀ ਸੁਲਝਾਈ ਗੁੱਥੀ, ਅਰਸ਼ ਡੱਲਾ ਨਿਕਲਿਆ ਮਾਸਟਰਮਾਈਂਡ; ਰੇਕੀ ਮਾਡਿਊਲ ਦੇ ਤਿੰਨ ਵਿਅਕਤੀ ਕਾਬੂ

Admin User - Oct 18, 2024 06:45 PM
IMG

DGP ਨੇ ਕਿਹਾ- ਕਤਲ ਵਿੱਚ ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਹੋਣ ਦੇ ਮਿਲੇ ਸਬੂਤ; ਬਿਆਨਾਂ ਮੁਤਾਬਕ ਵਾਰਦਾਤ ਪਿੱਛੇ ਅੰਮ੍ਰਿਤਪਾਲ ਸਿੰਘ ਹੱਥ, ਸਾਜ਼ਿਸ਼ ਦਾ ਪਤਾ ਲਗਾਉਣ ਲਈ ਜਾਂਚ ਜਾਰੀ

ਚੰਡੀਗੜ੍ਹ, 18 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਹਰੀ ਨੌ ਉਰਫ਼ ਭੋਡੀ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਕਤਲ ਕਾਂਡ ਦੀ ਗੁੱਥੀ ਸੁਲਝਾ ਦਿੱਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਡੀਜੀਪੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ, ਡੀਆਈਜੀ ਫਰੀਦਕੋਟ ਰੇਂਜ ਅਸ਼ਵਨੀ ਕਪੂਰ ਅਤੇ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨਾਲ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਿਲਾਲ ਅਹਿਮਦ ਉਰਫ਼ ਫੌਜੀ, ਗੁਰਮਰਦੀਪ ਸਿੰਘ ਉਰਫ ਪੋਂਟੂ ਅਤੇ ਅਰਸ਼ਦੀਪ ਸਿੰਘ ਉਰਫ ਝੰਡੂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀ ਨੌ ਉਰਫ਼ ਭੋਡੀ ਦਾ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ਰਜਿਸਟ੍ਰੇਸ਼ਨ ਨੰਬਰ ਪੀ.ਬੀ-04ਯੂ-3258 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਦੇ ਕਤਲ ਦਾ ਮਾਸਟਰਮਾਈਂਡ ਵਿਦੇਸ਼ ਅਧਾਰਤ ਗੈਂਗਸਟਰ ਅਰਸ਼ ਡੱਲਾ ਅਤੇ ਹੋਰ ਵਿਅਕਤੀ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰੇਕੀ ਕਰਨ ਅਤੇ ਕਤਲ ਨੂੰ ਅੰਜਾਮ ਦੇਣ ਲਈ ਵਿਦੇਸ਼ ਅਧਾਰਤ ਵੱਖ-ਵੱਖ ਸੰਚਾਲਕਾਂ ਦੇ ਵੱਖੋ-ਵੱਖਰੇ ਮਾਡਿਊਲਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਵਲੋਂ ਸਾਜ਼ਿਸ਼ ਨੂੰ ਛੁਪਾਉਣ ਲਈ ਵੱਖੋ-ਵੱਖਰੇ ਮਾਡਿਊਲਾਂ ਨੂੰ ਵੱਖ-ਵੱਖ ਕੰਮ ਸੌਂਪੇ ਗਏ ਸਨ। 
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨੋਂ ਵਿਅਕਤੀ ਰੇਕੀ ਕਰਨ ਵਾਲੇ ਮਾਡਿਊਲ ਦਾ ਹਿੱਸਾ ਸਨ, ਜਿਸ ਦਾ ਸੰਚਾਲਨ ਕੈਨੇਡਾ ਅਧਾਰਤ ਕਰਮਵੀਰ ਸਿੰਘ ਉਰਫ ਗੋਰਾ ਵੱਲੋਂ ਕੀਤਾ ਜਾ ਰਿਹਾ ਸੀ। ਰੇਕੀ ਕਰਨ ਵਾਲੇ ਮਾਡਿਊਲ ਨੇ ਆਪਣੇ ਸੰਚਾਲਕਾਂ ਅਤੇ ਵੱਖੋ-ਵੱਖਰੇ ਮਾਡਿਊਲਾਂ ਰਾਹੀਂ ਮਹੱਤਵਪੂਰਨ ਜਾਣਕਾਰੀ ਸ਼ੂਟਰ ਮਾਡਿਊਲ ਨੂੰ ਦਿੱਤੀ।
ਡੀਜੀਪੀ ਨੇ ਕਿਹਾ ਕਿ ਸ਼ੂਟਰ ਮਾਡਿਊਲ ਦੇ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ ਜੋ ਕਤਲ ਦੀ ਸਾਜ਼ਿਸ਼ ਵਿੱਚ ‘ਵਾਰਿਸ ਪੰਜਾਬ ਦੇ’ (ਡਬਲਯੂ.ਪੀ.ਡੀ.) ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਹਨ। ਜਾਂਚ ਦੌਰਾਨ ਦਰਜ ਕੀਤੇ ਗਏ ਕੁਝ ਬਿਆਨਾਂ ਅਨੁਸਾਰ ਇਹ ਕਤਲ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਵੱਲੋਂ ਅਪਰਾਧ ਦੇ ਸਾਰੇ ਪਹਿਲੂਆਂ ਦੀ ਸਬੂਤਾਂ ਦੇ ਆਧਾਰ 'ਤੇ ਪੇਸ਼ੇਵਰ ਢੰਗ ਨਾਲ ਕਾਨੂੰਨ ਮੁਤਾਬਿਕ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਅਪਰਾਧਿਕ ਭੂਮਿਕਾ ਉਪਲਬਧ ਸਬੂਤਾਂ ਦੇ ਆਧਾਰ ‘ਤੇ ਨਿਰਧਾਰਤ ਕੀਤੀ ਜਾਵੇਗੀ।
ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ, ਫਰੀਦਕੋਟ ਜ਼ਿਲ੍ਹਾ ਪੁਲਿਸ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਅਧਿਕਾਰੀਆਂ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕੀਤੀ ਗਈ ਹੈ ਅਤੇ ਵੱਖ-ਵੱਖ ਟੀਮਾਂ ਨੂੰ ਵਾਰਦਾਤ ਵਾਲੀ ਥਾਂ ਦੀ ਜਾਂਚ ਕਰਨ ਅਤੇ ਭੌਤਿਕ ਤੇ ਡਿਜੀਟਲ ਸਬੂਤ ਇਕੱਠੇ ਕਰਨ ਦਾ ਕੰਮ ਸੌਂਪਿਆ ਗਿਆ। 
ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਅਤੇ ਹਮਲਾਵਰਾਂ ਦੇ ਆਉਣ-ਜਾਣ ਦੇ ਰਸਤੇ ਦਾ ਪਤਾ ਲਗਾਉਣ ਲਈ ਸੀਸੀਟੀਵੀ ਦੇ ਅਗਲੇ-ਪਿਛਲੇ ਲਿੰਕੇਜ ਦੀ ਪੈਰਵੀ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਡੀਜੀਪੀ ਨੇ ਦੱਸਿਆ ਕਿ ਫਰੀਦਕੋਟ ਜਿਲ੍ਹਾ ਪੁਲਿਸ ਨੇ ਬਾਰੀਕੀ ਨਾਲ ਜਾਂਚ ਕਰਦਿਆਂ 125 ਕਿਲੋਮੀਟਰ ਦੇ ਘੇਰੇ ਵਿੱਚ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ, ਜਿਸ ਨਾਲ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਲੀਡ ਵਿਕਸਿਤ ਕਰਨ ਵਿੱਚ ਮਦਦ ਮਿਲੀ।
ਡੀਜੀਪੀ ਨੇ ਦੱਸਿਆ ਕਿ ਰਣਨੀਤਕ ਸਥਾਨਾਂ 'ਤੇ ਮੋਬਾਈਲ ਟਾਵਰ ਰਾਹੀ ਰਿਕਾਰਡ ਪ੍ਰਾਪਤ ਕੀਤਾ ਗਿਆ ਅਤੇ ਇਸ ਦੀ ਵਿਆਪਕ ਡੇਟਾ ਵਿਸ਼ਲੇਸ਼ਣ ਸਾਧਨਾਂ ਰਾਹੀਂ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀਆਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ।
ਜਾਂਚ ਦੌਰਾਨ ਹੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਵਿਆਪਕ ਸਾਜ਼ਿਸ਼ ਬਾਰੇ ਵੀ ਜਾਣਕਾਰੀ ਮਿਲੀ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਬਹੁਤ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਸਾਜ਼ਿਸ਼ ਦੀ ਤਹਿ ਤੱਕ ਪਹੁੰਚਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਡੀਜੀਪੀ ਨੇ ਪੰਜਾਬ ਪੁਲਿਸ ਦੀ ਪੇਸ਼ੇਵਰ ਢੰਗ ਨਾਲ ਜਾਂਚ ਕਰਨ ਅਤੇ ਅਪਰਾਧ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਐਫਆਈਆਰ ਨੰਬਰ 159 ਮਿਤੀ 10-10-2024 ਨੂੰ ਥਾਣਾ ਕੋਟਕਪੂਰਾ ਵਿਖੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 103 (1), 126 (2) ਅਤੇ 3 (5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.