ਤਾਜਾ ਖਬਰਾਂ
.
ਅੰਮ੍ਰਿਤਸਰ, 2 ਅਕਤੂਬਰ- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 19 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਸਥਿਤ ਹੋਟਲ ਮਾਲਕਾਂ ਨਾਲ ਇਕੱੱਤਰਤਾ ਕੀਤੀ, ਜਿਸ ਦੌਰਾਨ ਹੋਟਲ ਮਾਲਕਾਂ ਨੇ ਵਿਸ਼ਵਾਸ ਦਿਵਾਇਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੇ ਰਹਿਣ ਲਈ ਵੱਧ ਤੋਂ ਵੱਧ ਕਮਰੇ ਸ਼੍ਰੋਮਣੀ ਕਮੇਟੀ ਨੂੰ ਮਹੱਈਆ ਕਰਵਾਏ ਜਾਣਗੇ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਇਕੱਤਰਤਾ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਹਰ ਸਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ, ਜਿਨ੍ਹਾਂ ਦੇ ਰਹਿਣ ਲਈ ਹੋਟਲ ਮਾਲਕਾਂ ਵੱਲੋਂ ਦਿੱਤਾ ਜਾਂਦਾ ਸਹਿਯੋਗ ਸ਼ਲਾਘਾਯੋਗ ਹੈ। ਉਨ੍ਹਾਂ ਹੋਟਲ ਮਾਲਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਚੰਗਾ ਉੱਦਮ ਹੈ ਅਤੇ ਆਸ ਕਰਦੇ ਹਾਂ ਕਿ ਇਸ ਦੀ ਨਿਰੰਤਰਤਾ ਬਣੀ ਰਹੇਗੀ। ਭਾਈ ਮਹਿਤਾ ਨੇ ਹੋਟਲਾਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਸਬੰਧੀ 18 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਅਤੇ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਨਗਰ ਕੀਰਤਨ ਦੇ ਰਸਤੇ ਵਿਚ ਸਵਾਗਤ ਲਈ ਵੀ ਅਪੀਲ ਕੀਤੀ। ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਵੀ ਹੋਟਲ ਮਾਲਕਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਅੰਮ੍ਰਿਤਸਰ ਹੋਟਲ ਅਤੇ ਗੈਸਟ ਹਾਊਸ ਐਸੋਸੀਏਸ਼ਨ ਦੇ ਚੇਅਰਮੈਨ ਹਰਿੰਦਰ ਸਿੰਘ ਤੇ ਪ੍ਰਧਾਨ ਸੁਰਿੰਦਰ ਸਿੰਘ ਨੇ ਹੋਟਲ ਮਾਲਕਾਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਹੋਟਲਾਂ ਵਿਚ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਕਮਰਿਆਂ ਤੋਂ ਇਲਾਵਾ ਅਸੀਂ ਸੰਗਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਵਚਨਬਧ ਹਾਂ ਅਤੇ ਰਹਾਂਗੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ, ਗੁਰਪ੍ਰੀਤ ਸਿੰਘ ਤੋਂ ਇਲਾਵਾ ਇਕੱਤਰਤਾ ’ਚ ਪੁੱਜੇ ਹੋਟਲਾਂ ਮਾਲਕਾਂ ਵਿਚ ਸੁਪਿੰਦਰ ਸਿੰਘ, ਹਰਿੰਦਰ ਸਿੰਘ, ਸੁਖਵਿੰਦਰ ਸਿੰਘ ਲਾਡੀ, ਕੇਐਸ ਖੁਰਾਣਾ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ ਸਭਰਵਾਲ, ਸੁਖਦੇਵ ਸਿੰਘ ਸਾਹਨੀ, ਜਤਿੰਦਰਪਾਲ ਸਿੰਘ, ਸਰਜੋਤ ਸਿੰਘ ਸਾਹਨੀ, ਬੀਰਇੰਦਰ ਸਿੰਘ,ਸੁਰਿੰਦਰ ਸਿੰਘ, ਜਤਿਨ ਸੇਠ, ਭੁਪਿੰਦਰਪਾਲ ਸਿੰਘ,ਜਗਜੀਤ ਸਿੰਘ ਖਾਲਸਾ, ਰਾਜੀਵ ਗੁਪਤਾ, ਹਰਦੀਪ ਸਿੰਘ, ਰਣਜੀਤ ਸਿੰਘ ਸਚਦੇਵਾ ਸਮੇਤ ਵੱਖ-ਵੱਖ ਹੋਟਲਾਂ ਦੇ ਨੁਮਾਇੰਦੇ ਸ਼ਾਮਲ ਸਨ।
Get all latest content delivered to your email a few times a month.