ਤਾਜਾ ਖਬਰਾਂ
.
ਲੁਧਿਆਣਾਃ 23 ਸਤੰਬਰ- ਨੌਜਵਾਨ ਪੰਜਾਬੀ ਕਵੀ ਜਗਜੀਤ ਹਰਫ਼ ਦੀ ਸੱਜਰੇ ਅਹਿਸਾਸ ਵਾਲੀ ਕਾਵਿ ਪੁਸਤਕ “ਕੱਕੀ ਤੋਰ” ਲੋਕ ਅਰਪਣ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਨਵੇਂ ਸ਼ਾਇਰਾਂ ਦੀ ਰਚਨਾ ਵਿੱਚ ਅਸਲੋਂ ਨਵੇਂ ਤੇ ਆਧੁਨਿਕ ਯੁਗ ਦੇ ਪ੍ਰਭਾਵ ਚਿਤਰ ਤੇ ਬਿੰਬ ਹਰ ਨਵੀਂ ਪੁਸਤਕ ਨਾਲ ਸਾਹਮਣੇ ਆ ਰਹੇ ਹਨ। ਇਹ ਗੱਲ ਤਸੱਲੀ ਵਾਲੀ ਹੈ ਕਿ ਇਨ੍ਹਾਂ ਦੇ ਨਕਸ਼ ਤੇ ਨੁਹਾਰ ਪੂਰਬਲੇ ਕਵੀਆਂ ਨਾਲ ਰਲ਼ਣ ਮਿਲਣ ਦੀ ਥਾਂ ਉਨ੍ਹਾਂ ਦੇ ਆਪੋ ਆਪਣੇ ਸੁਹਜ ਸੰਸਾਰ ਨਾਲ ਮਿਲਦੀ ਜੁਲਦੀ ਹੈ। ਇਹ ਸਾਰੇ ਕਵੀ ਕਾਫ਼ਲੇ ਨਾਲ ਨਹੀਂ ਚੱਲਦੇ ਸਗੋਂ ਆਪੋ ਆਪਣੀ ਮਸ਼ਾਲ ਲੈ ਕੇ ਤੁਰਦੇ ਹਨ। ਉਨ੍ਹਾਂ ਜਸਵੀਰ ਹਰਫ਼ ਨੂੰ ਮੁਬਾਰਕ ਦਿੱਤੀ ਜਿਸ ਨੇ ਕਿਤਾਬ ਦੇ ਸਮਰਪਣ ਵਿੱਚ ਹੀ ਆਪਣੇ ਕਾਵਿ ਮੁਹਾਂਦਰੇ ਦੇ ਦਰਸ਼ਨ ਕਰਵਾ ਦਿੱਤੇ ਹਨ। ਅੱਖਰਾਂ ਦੇ ਮੋੜਾਂ, ਸ਼ਬਦਾਂ ਦੇ ਜੋੜਾਂ, ਘੁੱਗੀਆਂ ਜਨੌਰਾਂ, ਰੰਗਾਂ ਤੇ ਤੋਰਾਂ ਦੇ ਨਾਮ ਜੋ ਰਾਤ ਬਰਾਤੇ ਮੇਰੇ ਲਈ ਕਵਿਤਾ ਨਜ਼ਮ ਤੇ ਗੀਤ ਬਣੇ। ਮਾਤਾ ਪਿਤਾ ਲਈ ਪ੍ਰਣਾਮ ਵੀ ਕਮਾਲ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ”ਪ੍ਰਣਾਮ ਮੇਰੇ ਮਾਤਾ ਪਿਤਾ ਨੂੰ, ਜਿੰਨ੍ਹਾਂ ਦੀ ਸਹਿਜ ਅਸੀਸੀ ਛਾਂ ਸਦਕਾ ਮੈਂ ਧੁੱਪਾਂ ਦੇ ਬਰਾਬਰ ਖਲੋ ਸਕਿਆ।
ਜਸਵੀਰ ਹਰਫ਼ ਬਾਰੇ ਅਮਨਦੀਪ ਸਿੰਘ ਕੈਂਥ ਨੇ ਦੱਸਿਆ ਕਿ ਮੂਣਕ(ਸੰਗਰੂਰ) ਦਾ ਜੰਮਪਲ ਨੌਜਵਾਨ ਕਵੀ ਜਸਵੀਰ ਹਰਫ਼ ਕਿੱਤੇ ਵੱਲੋਂ ਇੰਜਨੀਅਰ ਹੈ ਅਤੇ ਇਸ ਸਮੇਂ ਲੁਧਿਆਣਾ ਵਿੱਚ ਵੱਸਦਾ ਹੈ। ਉਸ ਦੀ ਸਾਹਿੱਤਕ ਉਮਰ ਵੀ ਬਹੁਤੀ ਲੰਮੇਰੀ ਨਹੀਂ ਅਤੇ ਨਾ ਹੀ ਉਹ ਸਾਹਿੱਤਕ ਦ੍ਰਿਸ਼ ਤੇ ਬਹੁਤਾ ਸਰਗਰਮ ਹੈ। ਉਸ ਦੀ ਇਸ ਪਲੇਠੀ ਕਾਵਿ ਪੁਸਤਕ ਨੂੰ ਆੱਟਮ ਆਰਟ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਧੰਨਵਾਦ ਕਰਦਿਆਂ ਜਸਵੀਰ ਹਰਫ਼ ਨੇ ਕਿਹਾ ਕਿ ਮੇਰੀ ਇਹ ਰੀਝ ਸੀ ਕਿ ਮੇਰੀ ਪਲੇਠੀ ਕਾਵਿ ਪੁਸਤਕ ਪ੍ਰੋ. ਗੁਰਭਜਨ ਸਿੰਘ ਗਿੱਲ ਲੋਕ ਅਰਪਣ ਕਰਨ। ਮੇਰੀ ਇਹ ਰੀਝ ਅੱਜ ਪੂਰੀ ਹੋਈ ਹੈ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਵੀ ਲੇਖਕ ਨੂੰ ਆਸ਼ੀਰਵਾਦ ਦਿੱਤੀ।
Get all latest content delivered to your email a few times a month.