ਤਾਜਾ ਖਬਰਾਂ
ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ‘ਹਿੰਦ ਦੀ ਚਾਦਰ’ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ 24 ਅਤੇ 25 ਜਨਵਰੀ ਨੂੰ ਵਿਸ਼ਾਲ ਪੱਧਰ ‘ਤੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਹ ਸਮਾਗਮ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਦੇਸ਼-ਵਿਦੇਸ਼ ਤੋਂ ਪ੍ਰਮੁੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਦੀ ਵੱਡੀ ਹਾਜ਼ਰੀ ਦੀ ਉਮੀਦ ਹੈ। ਇਸੀ ਕੜੀ ਤਹਿਤ ਸਿੱਖ ਭਾਈਚਾਰੇ ਦੇ ਇੱਕ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮਾਂ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਹ ਸੱਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸ਼ਹੀਦੀ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਭੇਜੇ ਗਏ ਸੱਦਾ-ਪੱਤਰ ਰਾਹੀਂ ਭੇਂਟ ਕੀਤਾ ਗਿਆ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰਦਿਆਂ ਇਹ ਸੱਦਾ ਖੁਸ਼ੀ ਨਾਲ ਸਵੀਕਾਰ ਕੀਤਾ ਅਤੇ 25 ਜਨਵਰੀ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਆਪਣੀ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਧਰਮ, ਸੱਚ ਅਤੇ ਮਨੁੱਖੀ ਅਜ਼ਾਦੀ ਦੀ ਰੱਖਿਆ ਲਈ ਆਪਣਾ ਸੀਸ ਨਿਛਾਵਰ ਕਰਨ ਵਾਲੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਆਯੋਜਿਤ ਸਮਾਗਮਾਂ ‘ਚ ਹਾਜ਼ਰੀ ਭਰਨਾ ਉਹ ਆਪਣਾ ਫ਼ਰਜ਼ ਸਮਝਦੇ ਹਨ।
ਇਸ ਮੌਕੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਬਣੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ, ਸੈਕਟਰੀ ਸੁਖਵਿੰਦਰ ਸਿੰਘ ਸੋਨੂੰ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੋਕਸਮੈਨ ਭਾਈ ਕੰਵਲਜੀਤ ਸਿੰਘ ਅਜਰਾਨਾ, ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਭਾਈ ਹਰਸ਼ਦੀਪ ਸਿੰਘ ਰੰਧਾਵਾ ਅਤੇ ਡਾ. ਅਵਤਾਰ ਸਿੰਘ ਬੁੱਟਰ ਸਮੇਤ ਹੋਰ ਪ੍ਰਮੁੱਖ ਮੈਂਬਰ ਵਫ਼ਦ ਵਿੱਚ ਸ਼ਾਮਿਲ ਰਹੇ।
Get all latest content delivered to your email a few times a month.