ਤਾਜਾ ਖਬਰਾਂ
.
ਐ ਪੰਜਾਬ ਵਾਸੀਓ !
(ਅੱਤਵਾਦ ਦੀ ਤੇਜ਼ ਹਨੇਰੀ ਮੌਕੇ ਇਹ ਗੀਤ 1986 'ਚ
ਸਵ. ਨਰਿੰਦਰ ਬੀਬਾ ਜੀ ਨੇ ਕਿਲ੍ਹਾ ਰਾਏਪੁਰ ਦੀਆਂ
ਖੇਡਾਂ ਲਈ ਰੀਕਾਰਡ ਕਰਵਾਇਆ ਸੀ।)
ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ!
ਜੜੋਂ ਈਰਖ਼ਾ ਮੁਕਾਓ ਐ ਪੰਜਾਬ ਵਾਸੀਓ!
ਖੇਡਾਂ ਖੇਡਣਾ ਖਿਡਾਉਣਾ ਸਾਡਾ ਧਰਮ ਨਿਸ਼ਾਨ।
ਸਾਡੇ ਵਾਸਤੇ ਹੈ ਏਹੀ ਹੁਣ ਦੀਨ ਤੇ ਈਮਾਨ।
ਸਾਰੇ ਰਲ ਮਿਲ ਗਾਓ ਐ ਪੰਜਾਬ ਵਾਸੀਓ!
ਸਾਡੇ ਧਰਮਾਂ ਦੇ ਲੋਕ ਰਲ ਖੇਡਦੇ ਕਬੱਡੀ।
ਕਦੇ ਆਵੇ ਨਾ ਧਿਆਨ ਕਿਹੜੀ ਜ਼ਾਤ ਛੋਟੀ ਵੱਡੀ।
ਏਹੀ ਸਬਕ ਪੜ੍ਹਾਓ ਐ ਪੰਜਾਬ ਵਾਸੀਓ!
ਬੈਲਗੱਡੀਆਂ ਦੀ ਦੌੜ ਦਾ ਨਜ਼ਾਰਾ ਵੇਖ ਲਓ।
ਏਕਾ ਬੌਲਦਾਂ ਦਾ ਜਿੱਤਦੈ ਇਸ਼ਾਰਾ ਵੇਖ ਲਓ।
ਪਿਆਰ ਚੇਤਨਾ ਵਧਾਓ ਐ ਪੰਜਾਬ ਵਾਸੀਓ!
ਪਵੇ ਕਿੱਕਲੀ ਤੇ ਗਿੱਧਾ ਬੋਲੀ ਪਾਉਣ ਮੁਟਿਆਰਾਂ।
ਲੱਗੇ ਅੰਬਰਾਂ ਤੋਂ ਲੱਥੀਆਂ ਨੇ ਕੂੰਜਾਂ ਦੀਆਂ ਡਾਰਾਂ।
ਕੂੰਜਾਂ ਅੱਗ ਤੋਂ ਬਚਾਓ ਐ ਪੰਜਾਬ ਵਾਸੀਓ!
ਜੜ੍ਹੋਂ ਈਰਖ਼ਾ ਮੁਕਾਓ ਐ ਪੰਜਾਬ ਵਾਸੀਓ!
2.
ਖੇਡ ਗੀਤ
(ਹੰਸ ਰਾਜ ਹੰਸ ਦੇ ਨਾਂ...ਜਿਸ ਦੇ ਗਾਏ ਲੁਧਿਆਣਾ ਵਿਖੇ 2001 ਵਿਚ
ਹੋਈਆਂ ਕੌਮੀ ਖੇਡਾਂ ਦਾ ਆਰੰਭ ਹੋਇਆ ਸੀ।)
ਖੇਡਣ ਦੇ ਦਿਨ ਚਾਰ ਦੋਸਤੋ, ਖੇਡਣ ਦੇ ਦਿਨ ਚਾਰ।
ਵਿਚ ਮੈਦਾਨੇ ਜੋ ਨਾ ਨਿੱਤਰੇ, ਉਹ ਧਰਤੀ 'ਤੇ ਭਾਰ
ਦੋਸਤੋ! ਖੇਡਣ ਦੇ ਦਿਨ ਚਾਰ ... ... ... ... ... ।
ਧਰਤੀ ਦੇਸ ਪੰਜਾਬ ਦੀ ਜਿਥੇ ਪੰਜ ਦਰਿਆ ਦੇ ਹਾਣੀ।
ਸਿੰਜਦੇ ਮਾਲਵਾ, ਮਾਝਾ ਦੇਂਦੇ, ਦੋਆਬੇ ਨੂੰ ਪਾਣੀ।
ਹਰੀਆਂ ਭਰੀਆਂ ਫ਼ਸਲਾਂ ਸਦਕਾ, ਜਗ ਤੇ ਤੁਰੀ ਕਹਾਣੀ।
ਵਿਗਿਆਨੀ, ਕਿਰਸਾਨਾਂ ਰਲ ਕੇ ਅੰਨ ਦੇ ਭਰੇ ਭੰਡਾਰ ।
ਦੋਸਤੋ! ਖੇਡਣ ਦੇ ਦਿਨ ਚਾਰ ... ... ... ... ।
ਕਿੱਕਰ ਸਿੰਘ ਗਾਮੇ ਤੇ ਦਾਰੇ, ਪਹਿਲਵਾਨ ਕਰਤਾਰਾਂ।
ਕੁੱਲ ਦੁਨੀਆਂ ਤੇ ਝੰਡੀ ਕੀਤੀ, ਕਦੇ ਨਾ ਮੰਨੀਆਂ ਹਾਰਾਂ।
ਪਿਰਥੀਪਾਲ, ਸੁਰਜੀਤ ਦੇ ਮਗਰੋਂ ਪਰਗਟ ਸਿੰਘ ਦੇ ਯਾਰਾਂ।
ਰਮਨਦੀਪ ਦੇ ਸਾਥੀ ਬਣ ਗਏ ਹਾਕੀ ਵਿਚ ਸਰਦਾਰ।
ਵੀਰਿਓ! ਖੇਡਣ ਦੇ ਦਿਨ ਚਾਰ... ... ... ... ...।
ਰੱਸਾ ਖਿੱਚਦੇ ਬਾਬੇ, ਖੇਡਣ ਮੁੰਡੇ ਕੌਡ-ਕਬੱਡੀ।
ਸਭ ਧਰਮਾਂ ਦਾ ਸਾਂਝਾ ਮੁੜ੍ਹਕਾ, ਊਚ ਨੀਚ ਸਭ ਛੱਡੀ।
ਮਿਲਖਾ ਸਿੰਘ ਜਿਹੇ ਉਡਣ-ਖਟੋਲੇ ਮਾਰ ਮਾਰਦੇ ਵੱਡੀ।
ਚਲੋ ਅਖਾੜੇ ਦੇ ਵਿਚ ਚੱਲੀਏ, ਕੱਲ੍ਹ ਦਾ ਨਹੀਂ ਇਤਬਾਰ।
ਵੀਰਿਓ ! ਖੇਡਣ ਦੇ ਦਿਨ ਚਾਰ ... ... ... ... ....।
ਬਾਜ਼ਾਂ ਵਰਗੇ ਗੱਭਰੂ ਵੇਖੋ, ਮਿਰਗਣੀਆਂ ਮੁਟਿਆਰਾਂ।
ਵਿਚ ਮੈਦਾਨ ਦੇ ਉੱਡਦੀਆਂ ਨੇ ਅਹੁ ਕੂੰਜਾਂ ਦੀਆਂ ਡਾਰਾਂ।
ਮੇਰੀ ਇਹ ਅਰਦਾਸ ਇਨ੍ਹਾਂ ਨੂੰ ਕਦੇ ਨਾ ਆਵੇ ਹਾਰ।
ਵੀਰਿਓ ! ਖੇਡਣ ਦੇ ਦਿਨ ਚਾਰ।
🟩
Get all latest content delivered to your email a few times a month.