IMG-LOGO
ਹੋਮ ਪੰਜਾਬ, ਸਾਹਿਤ, ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ: ਪ੍ਰੋ. ਗੁਰਭਜਨ...

ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ: ਪ੍ਰੋ. ਗੁਰਭਜਨ ਸਿੰਘ ਗਿੱਲ

Admin User - Apr 02, 2024 04:06 AM
IMG

 ਲੁਧਿਆਣਾ: 2 ਅਪ੍ਰੈਲ  2021 ਸਵੇਰੇ 10.10 ’ਤੇ ਲਾਹੌਰ ਤੋਂ ਭਾਜੀ ਸ਼ੌਕਤ ਅਲੀ ਦੇ ਪੁੱਤਰ ਅਲੀ ਇਮਰਾਨ ਸ਼ੌਕਤ ਦਾ ਫੋਨ ’ਤੇ ਬੋਲ-ਸੁਨੇਹਾ ਮਿਲਿਆ, ਅੱਬਾ ਹਯਾਤੀ ਦੀ ਆਖਰੀ ਜੰਗ ਲੜ ਰਹੇ ਨੇ। ਜ਼ਿੰਦਗੀ ਤੇ ਮੌਤ ਵਿਚਕਾਰ ਕਸ਼ਮਕਸ਼ ਹੈ, ਡਾਕਟਰ ਪੂਰੀ ਵਾਹ ਲਾ ਰਹੇ ਨੇ, ਤੁਸੀਂ ਸਭ ਅਰਦਾਸ ਕਰੋ ਆਪਣੇ ਵੱਡੇ ਵੀਰ ਲਈ।
ਮੈਂ ਸਮਝ ਗਿਆ, ਪਾਣੀ ਗਲ਼ ਗਲ਼ ਚੜ੍ਹ ਆਇਆ ਹੈ। ਕੁਝ ਦਿਨ ਪਹਿਲਾਂ ਹੀ ਸ਼ੌਕਤ ਭਾ ਜੀ ਨਾਲ ਗੱਲ ਗੋਈ ਤਾਂ ਮਨ ਦਹਿਲ ਗਿਆ ਸੀ। ਹਾਲਾਤ ਸੜਗੀਨ ਲੱਗ ਰਹੇ ਸਨ ਸਿਹਤ ਪੱਖੋਂ। 

ਤਾਂਹੀਉਂ ਜਾਪਿਆ ਕਿ ਹੁਣ ਬਚਣਾ ਮੁਹਾਲ ਜਾਪਦਾ ਹੈ। ਰੋਂਦਿਆਂ ਭਰੜਾਈ ਆਵਾਜ਼ ਵਿੱਚ ਜਿੰਨੀ ਕੁ ਕਰ ਸਕਿਆ,ਅਰਦਾਸ ਕਰਕੇ ਇਮਰਾਨ ਨੂੰ ਰ‌ਿਕਾਰਡ ਕਰਕੇ ਭੇਜੀ। ਰੱਬ ਨੂੰ ਆਖਿਆ ਕਿ ਕਹਿਰ ਨਾ ਕਰ। ਮਾਵਾਂ ਸ਼ੌਕਤ ਅਲੀ ਰੋਜ਼ ਨਹੀਂ ਜੰਮਦੀਆਂ।
ਰੱਬ ਰੱਬ ਕਰਕੇ ਸ਼ਾਮ ਉਡੀਕੀ। ਚਾਰ ਸਾਢੇ ਚਾਰ ਵਜੇ ਤੀਕ ਸ਼ੁਕਰ ਕੀਤਾ ਕਿ ਕੋਈ ਉਦਾਸ ਖ਼ਬਰ ਨਹੀਂ ਆਈ। 
ਲੱਖ ਰੋਕਣ ਦੇ ਬਾਵਜੂਦ ਨੀਂਦਰ ਨੇ ਢਾਹ ਲਿਆ ,ਗਿਆਨੀ ਪਿੰਦਰਪਾਲ ਸਿੰਘ ਦੀ ਪਟਿਆਲਿਉਂ ਆਉਂਦੀ ਕਥਾ ਸੁਣਦੇ ਸੁਣਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵੈਰਾਗ ਚੋਂ ਵੀ ਸ਼ੌਕਤ ਅਲੀ ਭਾਜੀ ਦਾ ਚਿਹਰਾ ਬਾਰ ਬਾਰ ਉੱਭਰ ਰਿਹਾ ਸੀ। ਨੀਂਦ ਉੱਖੜੀ , ਜਾਗਿਆ ਤਾਂ ਫੋਨ ’ਤੇ ਪੰਜ ਸੱਤ ਸੁਨੇਹੇ ਸਨ। ਡਾ: ਸੁਖਨੈਨ,ਪੰਮੀ ਬਾਈ, ਅਸ਼ਰਫ਼ ਸੁਹੇਲ ਲਾਹੌਰ ਤੇ ਕਿੰਨੇ ਹੋਰ।
ਲੱਗਿਆ ਗਲੋਬ ਹਿੱਲ ਰਿਹਾ ਹੈ। ਭਾਣਾ ਵਾਪਰ ਚੁਕਾ ਸੀ। ਸਾਡਾ ਵੀਰ ਸ਼ੌਕਤ ਅਲੀ ਸਾਨੂੰ ਆਖ਼ਰੀ ਸਲਾਮ ਕਹਿ ਚੁਕਾ ਸੀ।
ਯਾਦਾਂ ਦੇ ਕਾਫ਼ਲੇ ਅੱਖਾਂ ਅੱਗਿਉਂ ਲੰਘਣ ਲੱਗੇ। ਬਚਪਨ ‘ ਚ ਪਿੰਡ ਬਸੰਤਕੋਟ (ਗੁਰਦਾਸਪੁਰ)ਰਹਿੰਦਿਆਂ ਰੇਡੀਉ ਲਾਹੌਰ ਤੋਂ ਪਹਿਲ ਪਲੱਕੜੇ ਸੁਣੇ ਉਨ੍ਹਾਂ ਦੇ ਗੀਤ ਚੇਤੇ ਆਏ।

ਕਾਹਨੂੰ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ।
ਸਾਨੂੰ ਦੱਸ ਦਿਉ ਹੋਇਆ ਕੀ ਕਸੂਰ ਮੇਰੇ ਕੋਲੋਂ।
ਛੱਲਾ ਤਾਂ ਵੱਖ-ਵੱਖ ਦੋਹਾਂ ਭਰਾਵਾਂ ਗਾਇਆ ਹੋਇਆ ਸੀ। ਵੱਡੇ ਵੀਰ ਇਨਾਇਤ ਅਲੀ ਨੇ ਵੀ ਤੇ ਸ਼ੌਕਤ ਅਲੀ ਨੇ ਵੀ। ਦੋਵੇਂ ਕਮਾਲ ਸਨ।
ਫਿਰ ਮੀਆਂ ਮੁਹੰਮਦ ਬਖ਼ਸ਼ ਸਾਹਿਬ ਦਾ ਕਲਾਮ ਸੁਣਦੇ ਰਹੇ।
ਸ਼ੌਕਤ ਅਲੀ ਦਾ ਸੰਗੀਤ ਸਾਡੇ ਮਨ ਦੇ ਖ਼ਾਲੀ ਕੋਨੇ ਭਰਦਾ ਸੀ। ਲੱਗਦਾ ਸੀ ਕਿ ਕੋਈ ਸੁਰਵੰਤਾ ਵਡਿੱਕਾ ਤੁਹਾਡੇ ਨਾਲ ਵਿਰਸੇ ਦੀ ਬਾਤ ਪਾ ਰਿਹਾ ਹੈ। ਚੂਰੀ ਕੁੱਟ ਕੇ ਦੇ ਰਿਹਾ ਹੈ ਗੋਕੇ ਘਿਉ ਚ ਗੁੰਨ੍ਹ ਕੇ ਸ਼ੱਕਰ ਵਾਲੀ।
ਕਦੇ ਲੱਗਦਾ ਕੋਈ ਅੰਬਰੀ ਹੂਕ ਵਾਲਾ ਸਾਂਈਂ ਲੋਕ ਹੈ। ਜਦ ਸੂਫ਼ੀ ਬੋਲ ਅਲਾਉਂਦਾ ਤਾਂ ਬੁੱਲ੍ਹਾ ਬਣ ਜਾਂਦਾ, ਸ਼ਾਹ ਹੁਸੈਨ ਦਾ ਪੁੱਤ ਪੋਤਰਾ ਜਾਪਦਾ। 
ਮੀਆਂ ਮੁਹੰਮਦ ਬਖ਼ਸ਼ ਦੇ ਬੋਲਾਂ ਨੂੰ ਖੰਭ ਲਾਉਂਦਾ। 

ਸਦਾ ਨਹੀਂ ਮੁਰਗਾਈਆਂ ਬਹਿਣਾ ਸਦਾ ਨਹੀਂ ਸਰ ਪਾਣੀ। 
ਸਦਾ ਨਾ ਸੱਈਆਂ ਸੀਸ ਗੁੰਦਾਵਣ ਸਦਾ ਨਾ ਸੁਰਖ਼ੀ ਲਾਣੀ। 
ਲੱਖ ਹਜ਼ਾਰ ਬਹਾਰ ਹੁਸਨ ਦੀ ਖ਼ਾਕੂ ਵਿਚ ਸਮਾਣੀ। 
ਲਾ ਪਰੀਤ ਮੁਹੰਮਦ ਜਿਸ ਥੀਂ ਜੱਗ ਵਿਚ ਰਹੇ ਕਹਾਣੀ।

ਬਾਗ਼ ਬਹਾਰਾਂ ਤੇ ਗੁਲਜ਼ਾਰਾਂ ਬਿਨ ਯਾਰਾਂ ਕਿਸ ਕਾਰੀ ?
ਯਾਰ ਮਿਲੇ ਦੁਖ ਜਾਣ ਹਜ਼ਾਰਾਂ ਸ਼ੁਕਰ ਕਹਾਂ ਲਖ ਵਾਰੀ।
ਉੱਚੀ ਜਾਈ ਨੇਂਹੁੰ ਲਗਾਇਆ ਬਣੀ ਮੁਸੀਬਤ ਭਾਰੀ।
ਯਾਰਾਂ ਬਾਝ ਮੁਹੰਮਦ ਬਖ਼ਸ਼ਾ ਕੌਣ ਕਰੇ ਗ਼ਮਖ਼ਾਰੀ।

ਲੰਮੀ ਰਾਤ ਵਿਛੋੜੇ ਵਾਲੀ ਆਸ਼ਿਕ ਦੁਖੀਏ ਭਾਣੇ।
ਕੀਮਤ ਜਾਣਨ ਨੈਨ ਅਸਾਡੇ ਸੁਖੀਆ ਕਦਰ ਨਾ ਜਾਣੇ।
ਜੇ ਹੁਣ ਦਿਲਬਰ ਨਜ਼ਰੀਂ ਆਵੇ ਧੰਮੀਂ ਸੁਬਹੁ ਧਿੰਙਾਣੇ।
ਵਿਛੜੇ ਯਾਰ ਮੁਹੰਮਦ ਬਖ਼ਸ਼ਾ ਰੱਬ ਕਿਵੇਂ ਅਜ ਆਣੇ।

1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵੇਲੇ ਉਹ ਪਾਕਿਸਤਾਨ ਵੱਲੋਂ ਗਾਉਣ ਲਈ ਆਇਆ ਤਾਂ ਉਸ ਪਾਕਿਸਤਾਨੀ ਸਫ਼ਾਰਤਖ਼ਾਨੇ ਵਾਲਿਆਂ ਨੂੰ ਆਖਿਆ, ਮੈਂ ਨਾ ਲਾਲ ਕਿਲ੍ਹਾ ਵੇਖਣਾ ਹੈ, ਨਾ ਕੁਤਬ ਦੀ ਲਾਠ, ਮੈਨੂੰ ਅੰਮ੍ਰਿਤਾ ਪ੍ਰੀਤਮ ਮਿਲਾ ਦਿਉ, ਜਿਸ ਨੇ 1947 ਦਾ ਦਰਦ ਸੁਣਾਇਆ ਸੀ ਬਾਬੇ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰ ਕੇ।
ਕੇ 25 ਹੌਜ਼ ਖ਼ਾਸ ਵਿੱਚ ਰਹਿੰਦੀ ਅੰਮ੍ਰਿਤਾ ਪ੍ਰੀਤਮ ਨੂੰ ਉਸ ਚਰਨ ਬੰਦਨਾ ਕੀਤੀ। ਕਿੰਨਾ ਚਿਰ ਸ਼ਬਦ ਗ਼ੈਰ ਹਾਜ਼ਰ ਰਹੇ। ਸਿਰਫ਼ ਦੋਹੀਂ ਪਾਸੀਂ ਨਮ ਨੇਤਰ ਸਨ।
ਸ਼ਿਵ ਕੁਮਾਰ ਦੇ ਗੀਤ ਵਰਗਾ ਆਲਮ ਸੀ।
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ।
ਜਦ ਬਾਗੀਂ ਫੁੱਲ ਕੁਮਲਾਏ,
ਮੇਰੇ ਰਾਮ ਜੀਉ।
ਅੰਮ੍ਰਿਤਾ ਜੀ ਨੇ ਸ਼ੌਕਤ ਅਲੀ ਨੂੰ ਘਰ ਆਉਣ ’ਤੇ ਇੱਕ ਗੀਤ ਦਾ ਸ਼ਗਨ ਪਾਇਆ।
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ੍ਹ ਤੱਕ ਨਹੀਂ ਰਹਿਣਾ।
ਸ਼ੌਕਤ ਭਾਜੀ ਨੇ ਪਾਕਿਸਤਾਨ ਅੱਪੜ ਕੇ ਕਮਾਲ ਦਾ ਗਾਇਆ। ਇਹ ਯਾਦਗਾਰੀ ਪਲ ਅੰਮ੍ਰਿਤਾ ਜੀ ਨੇ ਸਾਂਭ ਲਏ। ਸ਼ੌਕਤ ਅਲੀ ਦੀ ਘਰ ਫੇਰੀ ਵਾਲੀ ਮੁਲਾਕਾਤ ਤੇ ਆਧਾਰਿਤ ਲੇਖ ਨਾਗਮਣੀ ਚ ਛਾਪਿਆ। ਤੁਸੀਂ ਸੋਚੋ ਤਾਂ ਸਹੀ, ਕਿਹੋ ਜਹੇ ਪਲ ਹੋਣਗੇ ਉਹ।
ਸ਼ਮਸ਼ੇਰ ਸਿੰਘ ਸੰਧੂ ਨੇ ਏਧਰਲੇ ਪੰਜਾਬ ਵਿੱਚ ਪਹਿਲੀ ਵਾਰ 1974-75 ’ਚ ਛਪੀ ਪੁਸਤਕ “ਸੁਰ ਦਰਿਆਉਂ ਪਾਰ ਦੇ “ ਵਿੱਚ ਸ਼ੌਕਤ ਅਲੀ ਬਾਰੇ ਲੇਖ ਲਿਖਿਆ ਸੀ। 
ਫਿਰ ਇਕਬਾਲ ਮਾਹਲ ਦਾ ਲਿਖਿਆ ਲੇਖ ਆਰਸੀ ਮੈਗਜ਼ੀਨ ਚ ਪੜ੍ਹਿਆ। ਮਗਰੋਂ ਉਸ ਦੀ 1996 ਚ ਛਪੀ ਕਿਤਾਬ “ਸੁਰਾਂ ਦੇ ਸੌਦਾਗਰ” ਕਿਤਾਬ ਵਿੱਚ ਵੀ। 
ਸ਼ੌਕਤ ਅਲੀ ਹੋਰ ਵੀ ਆਪਣਾ ਆਪਣਾ ਲੱਗਣ ਲੱਗ ਪਿਆ , ਜਿਵੇ ਵੱਡਾ ਵੀਰ ਹੋਵੇ। 1996 ਵਿੱਚ ਜਦ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਦੇ ਸਹਿਯੋਗ ਨਾਲ  ਹਰਨੇਕ ਸਿੰਘ ਘੜੂੰਆਂ, ਹਰਭਜਨ ਮਾਨ ਸਮੇਤ ਬਾਕੀ ਦੋਸਤਾਂ ਰਲ਼ ਕੇ ਮੋਹਾਲੀ ਚ ਲੋਕ ਸੰਗੀਤ ਉਤਸਵ ਕੀਤਾ ਤਾਂ ਇਸ ਉਤਸਵ ਦਾ ਮੰਚ ਸੰਚਾਲਕ ਭਗਵੰਤ ਮਾਨ ਸੀ, ਪੰਜਾਬ ਦਾ ਵਰਤਮਾਨ ਮੁੱਖ ਮੰਤਰੀ। 
ਸੰਗੀਤ ਵਿਉਂਤ ਜਨਾਬ ਚਰਨਜੀਤ ਆਹੂਜਾ ਦੀ। ਉਦੋਂ ਜਨਾਬ ਇਨਾਇਤ ਹੁਸੈਨ ਭੱਟੀ, ਰੇਸ਼ਮਾਂ, ਸ਼ੌਕਤ ਅਲੀ, ਅਕਰਮ ਰਾਹੀ ਤੇ ਕਈ ਹੋਰ ਕਲਾਕਾਰ ਇਕੱਠੇ ਏਧਰ ਆਏ। ਸਭਨਾਂ ਨੂੰ ਇਕੱਠਿਆਂ ਵੇਖਣਾ ਮੇਰੇ ਲਈ ਕਰਾਮਾਤ ਤੋਂ ਘੱਟ ਨਹੀਂ ਸੀ।
ਜਿਸ ਦਿਨ ਇਸ ਕਾਫ਼ਲੇ ਨੇ ਅਟਾਰੀ ਰੇਲਵੇ ਸਟੇਸ਼ਨ ’ਤੇ ਆਉਣਾ ਸੀ ਉਸੇ ਦਿਨ ਬਟਾਲੇ ਸਾਡੇ ਪੁੱਤਰ ਪਿਰਥੀਪਾਲ ਦੀ ਨਿੱਕੀ ਭੈਣ ਨਿਰਮੋਲਜੀਤ ਦਾ ਵਿਆਹ ਸੀ। ਮੈਂ ਜਗਦੇਵ ਸਿੰਘ ਜੱਸੋਵਾਲ ਜੀ ਨਾਲ ਪਹਿਲਾਂ ਬਟਾਲੇ ਗਿਆ ਤੇ ਸ਼ਾਮੀਂ ਅਟਾਰੀ ਸਟੇਸ਼ਨ ’ਤੇ ਜਾ ਕੇ ਸਭਨਾਂ ਕਲਾਕਾਰਾਂ ਦਾ ਸਵਾਗਤ ਕੀਤਾ। ਤੇਲ ਚੋ ਕੇ। ਗੁੜ ਨਾਲ ਮੂੰਹ ਜੁਠਾਲ ਕੇ। ਉਥੋਂ ਸ਼ੌਕਤ ਅਲੀ ਭਾਜੀ ਸਾਡੇ ਵਾਲੀ ਕਾਰ ’ਚ ਬਹਿ ਗਏ। ਰੇਸ਼ਮਾਂ ਵੀ।
ਸ਼ੌਕਤ ਅਲੀ ਕਹਿਣ ਲੱਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਹੀ ਹੋਰ ਬਾਕੀ ਕੰਮ ਕਰਨੇ ਨੇ। ਬਾਕੀ ਕਲਾਕਾਰਾਂ ਨੇ ਵੀ ਇਹੀ ਮਿਥਿਆ ਹੋਇਆ ਸੀ। ਮਸ਼ਵਰਾ ਕਰਕੇ ਅਸੀਂ ਉਨ੍ਹਾਂ ਨੂੰ ਦਰਬਾਰ ਸਾਹਿਬ ਲੈ ਤੁਰੇ। ਉਸ ਦਿਨ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ। ਸੰਗਤ ਬੇਸ਼ੁਮਾਰ ਸੀ। ਸ਼੍ਰੋਮਣੀ ਕਮੇਟੀ ਦੇ ਲੋਕ ਸੰਪਰਕ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ (ਕਲਕੱਤਾ ਵਾਲੇ)ਨੇ ਸਾਡੀ ਮਦਦ ਕੀਤੀ। ਜਲਦੀ ਮੱਥਾ ਟਿਕਵਾ ਦਿੱਤਾ। ਸੂਚਨਾ ਕੇਂਦਰ ’ਚ ਮੁੜੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਭਨਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਸ਼ਾਇਦ ਉਦੋਂ ਕੁਲਵੰਤ ਸਿੰਘ ਰੰਧਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਨ। 
ਅਮਰਜੀਤ ਸਿੰਘ ਗਰੇਵਾਲ ਨੇ ਇੱਛਾ ਪ੍ਰਗਟ ਕੀਤੀ ਕਿ ਏਡੇ ਵੱਡੇ ਗਾਇਕਾਂ ਪਾਸੋਂ ਕੁਝ ਸੁਣਿਆ ਜਾਵੇ। ਮੈਂ ਤੇ ਜੱਸੋਵਾਲ ਸਾਹਿਬ ਘਬਰਾ ਗਏ ਕਿ ਸਾਰੇ ਮੁਸਲਮਾਨ ਗਾਇਕ ਹਰਿਮੰਦਰ ਸਾਹਿਬ ਕੰਪਲੈਕਸ ਦੇ ਸੂਚਨਾ ਕੇਂਦਰ ਵਿੱਚ ਕੀ ਗਾਉਣਗੇ? 
ਸ਼ੌਕਤ ਅਲੀ ਜੀ ਨੇ ਅਲਾਪ ਲੈ ਕੇ ਸ਼ਬਦ ਛੋਹਿਆ
ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤਿ ਦੇ ਸਭ ਬੰਦੇ। 
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ।

2. ਪਾਰੋਂ ਆਏ ਸਾਰੇ ਗਾਇਕ ਇੱਕ ਸੁਰ ਹੋ ਕੇ ਗਾ ਰਹੇ ਸਨ, ਕਾਇਨਾਤ ਸੁਣ ਰਹੀ ਸੀ। ਗੁਰੂ ਸੰਦੇਸ਼ ਫ਼ਿਜ਼ਾ ਚ ਘੁਲ਼ ਗਿਆ ਸੀ। 
ਰਾਮ ਬਾਗ ਕਲੱਬ ’ਚ ਹਰਨੇਕ ਸਿੰਘ ਘੜੂੰਆਂ ਆਪਣੇ ਸਾਥੀ ਵਿਧਾਇਕਾਂ ਜਸਜੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ ਰਾਜਾਸਾਂਸੀ ਤੇ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਵੱਡੇ ਵੀਰ ਸ਼ੌਕਤ ਅਲੀ ਤੇ ਸਾਥੀਆਂ ਨੂੰ ਉਡੀਕ ਰਹੇ ਰਹੇ ਸਨ।
ਮੋਹਾਲੀ ਸੰਗੀਤ ਉਤਸਵ ’ਚ ਵੀ ਅਸੀਂ ਪੂਰਾ ਸਮਾਂ ਨਾਲ ਨਾਲ ਹੀ ਰਹੇ। ਮੰਚ ਪਿਛਲੇ ਤੰਬੂ ਵਿੱਚ ਜੱਸੋਵਾਲ, ਬਾਬੂ ਸਿੰਘ ਮਾਨ ਤੇ ਸੁਰਿੰਦਰ ਕੌਰ ਜੀ ਨਾਲ ਬਹੁਤ ਨਿਕਟ ਪਲ ਬਿਤਾਏ। 
ਸੰਗੀਤ ਉਤਸਵ ਤੋਂ ਪਾਕਿਸਤਾਨ ਪਰਤਣ ਲੱਗਿਆਂ ਅਟਾਰੀ ਸਟੇਸ਼ਨ ’ਤੇ ਖਲੋਤਿਆਂ ਪੰਮੀ ਬਾਈ, ਹਰਭਜਨ ਮਾਨ ਤੇ ਭਗਵੰਤ ਮਾਨ ਨੂੰ ਪੁੱਛਣ ਲੱਗੇ, ਉਏ ਆਹ ਰੇਲ ਗੱਡੀ ’ਤੇ ਕੀ ਲਿਖਿਆ ਹੋਇਆ ਏ।
ਪੰਮੀ ਬੋਲਿਆ! 
ਸਮਝੌਤਾ ਐਕਸਪਰੈੱਸ।
ਬੋਲੇ ਸ਼ੌਕਤ ਭਾਜੀ, ਨਾ ਉਇ, ਇਹ ਵਿਛੋੜਾ ਐਕਸਪਰੈੱਸ ਜੇ। 
ਝੂਠ ਲਿਖਿਆ ਏ ਡੱਬਿਆਂ ’ਤੇ, ਮੈਨੂੰ ਲੈ ਚੱਲੀ ਜੇ।
ਦੂਜੀ ਮੁਲਾਕਾਤ 1997 ’ਚ ਹੋਈ ਜਦ ਮੈਂ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਸਮੇਤ ਪਹਿਲੀ ਵਾਰ ਗੁਰਧਾਮ ਯਾਤਰਾ ਲਈ ਜਥੇ ’ਚ ਪੰਜਾ ਸਾਹਿਬ, ਨਨਕਾਣਾ ਸਾਹਿਬ ਲਈ ਪਾਕਿਸਤਾਨ ਗਿਆ।
ਉਦੋਂ ਸ਼ੌਕਤ ਅਲੀ ਸਾਹਿਬ ਕ੍ਰਿਸ਼ਨ ਨਗਰ ਲਾਹੌਰ ਵਾਲੇ ਘਰ ’ਚ ਰਹਿੰਦੇ ਸਨ। ਜਿਸ ਨੂੰ ਹੁਣ ਸ਼ਾਇਦ ਇਕਬਾਲ ਗੰਜ ਕਹਿੰਦੇ ਨੇ। ਅਸੀਂ ਵੀ ਆਪਣੇ ਮਿੱਤਰ ਜਸਵਿੰਦਰ ਸਿੰਘ ਬਲੀਏਵਾਲ ਸਮੇਤ ਭਾਜੀ ਰੀਤਿੰਦਰ ਸਿੰਘ ਭਿੰਡਰ ਦੇ ਸਬੰਧ ਵਾਲੇ ਭਾਜੀ ਅਸਲਮ ਖਾਨ ਲੋਧੀ ਸਾਹਿਬ ਦੇ ਘਰ ਇਸੇ ਮੁਹੱਲੇ ਵਿੱਚ ਠਹਿਰੇ ਹੋਏ ਸਾਂ।
ਮੈਂ ਸ਼ੌਕਤ ਅਲੀ ਭਾਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਅਸਲਮ ਲੋਧੀ ਭਾਈ ਸਾਹਿਬ ਨੇ ਫੋਨ ਕਰਕੇ ਸਮਾਂ ਨਿਸ਼ਚਤ ਕਰ ਦਿੱਤਾ।
ਨਿਸ਼ਚਤ ਸਮੇਂ ਤੇ ਅਸੀਂ ਦੋਵੇਂ ਜੀਅ ਤੇ ਬਲੀਏਵਾਲ ਸ਼ੌਕਤ ਭਾਜੀ ਦੇ ਬੂਹੇ ’ਤੇ ਜਾ ਟੱਲੀ ਖੜਕਾਈ। ਅਸਲਮ ਭਾਈ ਸਾਹਿਬ ਦਾ ਪੁੱਤਰ ਨਵੀਦ ਲੋਧੀ ਸਾਡੇ ਨਾਲ ਸੀ, ਸਾਥ ਲਈ। ਨਵੀਦ ਲੋਧੀ ਮਗਰੋਂ ਪਾਕਿਸਤਾਨੀ ਪੰਜਾਬ ਦਾ ਹੜੱਪਾ ਤੋਂ ਵਿਧਾਇਕ ਵੀ ਰਿਹਾ ਹੈ।

ਸ਼ੌਕਤ ਅਲੀ ਭਾਜੀ ਦੀ ਬੇਗਮ ਨੇ ਘਰ ਦੀਆ ਬਰੂਹਾਂ ’ਤੇ ਤੇਲ ਚੋ ਕੇ ਸਾਡਾ ਸਵਾਗਤ ਕੀਤਾ। ਗੁੜ ਨਾਲ ਮੂੰਹ ਮਿੱਠਾ ਵੀ ਕਰਵਾਇਆ।ਕਮਾਲ ਇਹ ਸੀ ਕਿ ਸਾਰਾ ਟੱਬਰ ਬਰਾਬਰ ਨਹੀਂ ਬੈਠੇ। ਗਲੀਚੇ ’ਤੇ ਬਹਿ ਕੇ ਖ਼ਾਤਰ ਤਵਾਜ਼ਾ ਕਰਦੇ ਰਹੇ। ਅਸਾਂ ਇੱਕ ਦੋ ਗੀਤ ਸੁਣਨੇ ਚਾਹੇ ਤਾਂ ਉਨ੍ਹਾਂ ਤੁਰੰਤ ਹਾਰਮੋਨੀਅਮ ਖੋਲ੍ਹ ਲਿਆ ਤੇ ਵਜਦ ’ਚ ਆ ਕੇ ਗਾਉਣ ਲੱਗ ਪਏ ਪਿਉ ਪੁੱਤਰ। ਸ਼ੌਕਤ ਭਾ ਜੀ ਨੇ ਦੱਸਿਆ ਕਿ ਇਮਰਾਨ ਨੇ ਤਾਂ ਇਸਲਾਮਾਬਾਦ ਵੱਲ ਜਾਂਦੇ ਮੋਟਰ ਵੇਅ ਦੇ ਉਦਘਾਟਨੀ ਸਮਾਗਮ ’ਚ ਵੀ ਗਾਇਆ ਹੈ ਜਿਸ ਨੂੰ ਪਾਕਿਸਤਾਨ ਟੀ ਵੀ ਨੇ ਟੈਲੀਕਾਸਟ ਕੀਤਾ ਹੈ।
ਅਸੀਂ ਅਸਲਮ ਲੋਧੀ ਸਾਹਿਬ ਦੇ ਦਾਮਾਦ ਘਰ ਰੋਟੀ ਖਾਣ ਜਾਣਾ ਸੀ,ਉਹ ਸਾਨੂੰ ਨਾਲ ਛੱਡਣ ਗਏ। ਮੇਰੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਸਨ। ਪੂਰੇ ਗਲੋਬ ਤੇ ਛਾਏ ਬੈਠੇ ਕਲਾਕਾਰ ਵਿੱਚ ਏਨੀ ਸਾਦਗੀ। ਮੇਰੀ ਤੌਬਾ।
ਫਿਰ ਉਹ 1999 ਵਿੱਚ ਭਗਵੰਤ ਮਾਨ ਦੇ ਵਿਆਹ ’ਤੇ ਲੁਧਿਆਣੇ ਆਏ। ਉਨ੍ਹਾਂ ਦਾ ਹੁਣ ਟੋਰੰਟੋ ਰਹਿੰਦਾ ਸਭ ਤੋਂ ਨਿੱਕਾ ਪੁੱਤਰ ਮੋਹਸਿਨ ਅਲੀ ਵੀ ਨਾਲ ਸੀ। ਭਗਵੰਤ ਦਾ ਸਰਬਾਲ੍ਹਾ ਬਣਿਆ। ਗ਼ਜ਼ਲ ਗਾਇਕ ਪਰਵੇਜ਼ ਮਹਿੰਦੀ ਸਾਹਿਬ ਵੀ ਪਹਿਲਾਂ ਹੀ ਆਏ ਹੋਏ ਸਨ ਆਪਣੇ ਪੁੱਤਰ ਅਲੀ ਪਰਵੇਜ਼ ਸਮੇਤ। ਪਿਆਰੇ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਦੇ ਸਟੂਡੀਉ ਦੇ ਨਾਲ ਲੱਗਵੇਂ ਹੈਰੀ ਕੁਮਰਾ ਪੈਲਿਸ ’ਚ ਹੀ ਵਿਆਹ ਸੀ। ਫੀਰੋਜ਼ਪੁਰ ਰੋਡ ਤੇ। 
ਸਾਰੇ ਜਣੇ ਅਸੀਂ ਬਾਬੂ ਸਿੰਘ ਮਾਨ ਸਮੇਤ ਸੰਧੂ ਸਟੁਡੀਉ ਆਣ ਬੈਠੇ। ਇਹ ਤਸਵੀਰ ਉਸੇ ਦਿਨ ਖਿੱਚੀ ਸੀ ਤੇਜ ਪਰਤਾਪ ਨੇ।ਪੈਲਿਸ ਵਿੱਚ ਪਰਤੇ ਤਾਂ ਸਤਿੰਦਰਪਾਲ ਸਿੰਘ ਸਿੱਧਵਾਂ ਮੰਚ ਤੋਂ ਬੋਲਿਆ ਮਾਨਾਂ ਦੇ ਵਿਆਹ ’ਚ ਕਿੰਨੇ ਵੱਡੇ ਵੱਡੇ ਮਾਨ ਆਏ ਨੇ। ਹਰਭਜਨ ਮਾਨ, ਗੁਰਸੇਵਕ ਮਾਨ,ਬਾਬੂ ਸਿੰਘ ਮਾਨ ਤੇ ਕਿੰਨੇ ਹੋਰ।
ਬਾਬੂ ਸਿੰਘ ਮਾਨ ਬੋਲੇ, ਤਿੰਨ ਮੁਸਲ ਮਾਨ ਵੀ ਨੇ। ਸ਼ੌਕਤ ਭਾਜੀ ਇਹ ਸੁਣ ਕੇ ਰੱਜਵਾਂ ਹੱਸੇ।
ਕਿਹੜੀ ਗੱਲ ਕਰਾਂ ਤੇ ਕਿਹੜੀ ਛੱਡਾਂ। ਮਗਰੋਂ ਕਈ ਮੁਲਾਕਾਤਾਂ। ਲਾਹੌਰ ਵੀ, ਲੁਧਿਆਣੇ ਵੀ।
ਮੇਰੇ ਪੁੱਤਰ ਪੁਨੀਤ ਦੇ ਵਿਆਹ ਤੇ 2009 ’ਚ ਲਾਹੌਰੋਂ ਉਚੇਚਾ ਸਿੰਵਾ ਕੇ ਸਲਵਾਰ ਕਮੀਜ਼ ਘੱਲਿਆ ਉਨ੍ਹਾਂ। ਸਾਡੇ ਸਵਰਗੀ ਬੇਲੀ ਸੁਰਿੰਦਰ ਸ਼ਿੰਦਾ ਨੂੰ ਨਿੱਕਾ ਵੀਰ ਕਹਿੰਦੇ ਹਮੇਸ਼ਾਂ,ਪਰ ਆਖਦੇ, ਕਿ ਇਹ ਰੁੱਸਦਾ ਬਹੁਤ ਹੈ। ਮੈਂ ਵੀ ਹਾਮੀ ਭਰਦਾ ਤੇ ਅਸੀਂ ਦੋਵੇਂ ਇੱਕੋ ਫ਼ਿਕਰਾ ਸਾਂਝਾ ਬੋਲਦੇ, ਪਰ ਟੁੱਟਦਾ ਨਹੀਂ, ਮੰਨ ਵੀ ਇੱਕੋ ਗਲਵੱਕੜੀ ਨਾਲ ਜਾਂਦੈ। ਦੋਵੇਂ ਹੱਥਾਂ ਵਿੱਚੋਂ ਕਿਰ ਗਏ। 
2014 ’ਚ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਮੌਕੇ ਲਾਹੌਰ ਦੇ ਪਾਕਿ ਹੈਰੀਟੇਜ ਹੋਟਲ ’ਚ ਸਾਨੂੰ ਮਿਲਣ ਆਏ , ਪੁੱਤਰ ਅਲੀ ਇਮਰਾਨ ਸਮੇਤ। ਮੈਂ ਭਾਜੀ ਉਜਾਗਰ ਸਿੰਘ ਕੰਵਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਵੀ ਮਿਲਾਇਆ।
ਹਰਭਜਨ ਮਾਨ ਤੇ ਭਗਵੰਤ ਮਾਨ ਦੇ ਕਹਿਣ ’ਤੇ ਖੜ੍ਹੇ ਪੈਰ ਇੱਕ ਵਾਰ 2008 ਵਿੱਚ ਜੀ ਜੀ ਐੱਨ ਖਾਲਸਾ ਕਾਲਜ ਲੁਧਿਆਣਾ ਅੰਦਰ ਸ਼ੌਕਤ ਅਲੀ ਤੇ ਉਨ੍ਹਾਂ ਦੇ ਪੁੱਤਰ ਮੋਹਸਿਨ ਅਲੀ ਨੂੰ ਰੱਜ ਕੇ ਸੁਣਿਆ।
ਹਰਭਜਨ ਤੇ ਭਗਵੰਤ ਨੇ ਐਲਾਨੀਆ ਮੈਨੂੰ ਕਿਹਾ, ਭਾਜੀ, ਅਸੀਂ ਭੁੰਜੇ ਘਾਹ ਤੇ ਬਹਿ ਕੇ ਸ਼ੌਕਤ ਅਲੀ ਸਾਹਿਬ ਨੂੰ ਸੁਣਨਾ ਹੈ। ਉਨ੍ਹਾਂ ਇਵੇਂ ਹੀ ਕੀਤਾ। ਦੋਹਾਂ ਨੇ ਇੱਕ ਇੱਕ ਲੱਖ ਰੁਪਿਆ ਸ਼ੌਕਤ ਅਲੀ ਭਾਜੀ ਦੇ ਚਰਨੀਂ ਸਿਰ ਝੁਕਾ ਕੇ ਧਰਿਆ ਤੇ ਬਗਲਗੀਰ ਹੋਏ।
ਯਾਦਾਂ ਦੇ ਕਾਫ਼ਲੇ ਨਿਰੰਤਰ ਤੁਰ ਰਹੇ ਨੇ। ਕੱਲ੍ਹ ਦੀਆਂ ਬਾਤਾਂ ਨੇ, ਅੱਜ ਇਹ ਯਾਦਾਂ ਇਤਿਹਾਸ ਬਣੀਆਂ ਨੇ ਭਾਵੇਂ।
ਤਿੰਨ ਸਾਲ ਬੀਤ ਗਏ ਨੇ ਸਾਡੇ ਵੀਰ ਨੂੰ ਨਿੱਖੜਿਆਂ।
ਪਰ ਯਾਦ ਸਲਾਮਤ ਹੈ। 
ਪਿਛਲੇ ਮਹੀਨੇ ਲਾਹੌਰ ਫੇਰੀ ਦੌਰਾਨ ਸ਼ੌਕਤ ਅਲੀ ਭਾ ਜੀ ਦਾ ਵੱਡਾ ਪੁੱਤਰ ਅਲੀ ਇਮਰਾਨ ਸ਼ੌਕਤ ਮਿਲਿਆ। ਯਾਦਾ ਸਾਂਝੀਆਂ ਕਰਦਿਆਂ ਕਈ ਵਾਰ ਮਨ ਭਰਿਆ। ਯਾਦਾਂ ਦਾ ਇਹ ਉਹ ਖੂਹ ਹੈ ਜਿਸ ਨੂੰ ਟਿੰਡਾਂ ਖ਼ਾਲੀ ਨਹੀਂ ਕਰ ਸਕਦੀਆਂ। 
🟥

 

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.