IMG-LOGO
ਹੋਮ ਹਰਿਆਣਾ: ਦੇਸ਼ ਵੰਡ ਸਮੇਂ ਉੱਜੜੇ ਪੰਜਾਬੀਆਂ ਦੀ ਵੱਡੀ ਧਿਰ ਬਣੇ -...

ਦੇਸ਼ ਵੰਡ ਸਮੇਂ ਉੱਜੜੇ ਪੰਜਾਬੀਆਂ ਦੀ ਵੱਡੀ ਧਿਰ ਬਣੇ - ਡਾ. ਮਹਿੰਦਰ ਸਿੰਘ ਰੰਧਾਵਾ

Admin User - Feb 02, 2024 10:47 AM
IMG

...

ਪੇਸ਼ਕਸ਼ਃ ਗੁਰਭਜਨ ਗਿੱਲ

ਉਨ੍ਹਾਂ ਦਾ ਜੱਦੀ ਪਿੰਡ ਭਾਵੇਂ ਬੋਦਲ(ਹੋਸ਼ਿਆਰਪੁਰ) ਨੇੜੇ ਗਰਨਾ ਸਾਹਿਬ ਸੀ ਪਰ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਜ਼ੀਰਾ(ਫੀਰੋਜ਼ਪੁਰ) ਵਿੱਚ ਮਾਤਾ ਬੇਚਿੰਤ ਕੌਰ ਦੀ ਕੁੱਖੋਂ ਹੋਇਆ। ਜ਼ੀਰਾ ਵਿੱਚ ਉਨ੍ਹਾਂ ਦੇ ਪਿਤਾ ਜੀ ਸ. ਸ਼ੇਰ ਸਿੰਘ ਤਹਿਸੀਲਦਾਰ ਸਨ। 
ਡਾ. ਰੰਧਾਵਾ ਦਾ ਪ੍ਰਚਲਿਤ ਨਾਂ  ਮ ਸ ਰੰਧਾਵਾ ਸੀ। ਉਹ ਪੰਜਾਬੀ ਸਿਵਲ ਅਧਿਕਾਰੀ, ਬਨਸਪਤਿ ਵਿਗਿਆਨੀ ਅਤੇ  ਵਿਰਾਸਤ ਸੰਗ੍ਰਹਿ ਕਰਤਾ ਤੇ ਸਾਹਿਤ ਸਿਰਜਕ ਸਨ। ਉਹਨਾਂ ਨੇ ਦੇਸ਼ ਦੀ ਵੰਡ ਸਮੇਂ ਉਜੜੇ ਪੰਜਾਬੀਆਂ ਨੂੰ ਦੇ ਮੁੜ ਵਸੇਬੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ। 
ਡਾ. ਰੰਧਾਵਾ ਦਾ ਜਨਮ
ਜ਼ੀਰਾ(ਫੀਰੋਜ਼ਪੁਰ) ਪੰਜਾਬ ਵਿਖੇ ਹੋਇਆ ਜਿੱਥੇ ਉਨ੍ਹਾਂ ਦੇ ਪਿਤਾ ਜੀ ਸ. ਸ਼ੇਰ ਸਿੰਘ ਤਹਿਸੀਲਦਾਰ ਸਨ। 
ਆਪ ਨੇ ਖਾਲਸਾ ਹਾਈ ਸਕੂਲ ਮੁਕਤਸਰ ਤੋਂ ਦਸਵੀਂ ਪਾਸ ਕੀਤੀ। 
ਪੰਜਾਬ ਯੂਨੀਵਰਸਿਟੀ, ਲਹੌਰ ਵਿੱਚੋਂ ਪੁਜੀਸ਼ਨ ਹਾਸਲ ਕਰਨ ਕਰਕੇ ਆਪ ਦਾ ਨਾਮ ਮੈਰਿਟ ਬੋਰਡ ਤੇ ਅਜੇ ਵੀ ਲਿਖਿਆ ਬੋਲਦਾ ਹੈ। 
ਨਾਰੰਗਵਾਲ(ਲੁਧਿਆਣਾ) ਦੇ ਜੰਮਪਲ ਡਾ. ਹਰਭਜਨ ਸਿੰਘ ਗੋਜਰੇ ਵਾਲੇ (ਅੱਖਾਂ ਦੇ ਪ੍ਰਸਿੱਧ ਡਾਕਟਰ) ਦੀ ਬੇਟੀ
ਇਕਬਾਲ ਕੌਰ ਰੰਧਾਵਾ ਆਪ ਦੀ ਜੀਵਨ ਸਾਥਣ ਬਣੇ। 

ਡਾ. ਰੰਧਾਵਾ ਨੇ 1924 ਵਿੱਚ ਉਹਨਾਂ ਖ਼ਾਲਸਾ ਹਾਈ ਸਕੂਲ, ਮੁਕਤਸਰ ਤੋਂ ਦਸਵੀਂ ਜਮਾਤ ਪਾਸ ਕੀਤੀ, ਇਸ ਤੋਂ ਬਾਅਦ ਉਹਨਾਂ 1930 ਵਿੱਚ ਲਾਹੌਰ ਤੋਂ ਐਮ.ਐਸ ਸੀ ਬਾਟਨੀ ਅਤੇ 1955 ਵਿੱਚ ਪੰਜਾਬ ਯੂਨੀਵਰਸਿਟੀ ਸੋਲਨ (ਪੰਜਾਬ) ਤੋਂ ਡੀ.ਐਸ ਸੀ ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੂੰ ਬਨਸਪਤੀ ਵਿਗਿਆਨ ਵਿੱਚ ਮੁਹਾਰਤ ਪ੍ਰਾਪਤ ਸੀ। ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨੇ ਪੀ ਐਚ ਡੀ ਦੀ ਡਿਗਰੀ ਪਰਦਾਨ ਕੀਤੀ। 
1934 ਵਿੱਚ ਉਹਨਾਂ ਆਈ. ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੂੰ ਸਹਾਰਨਪੁਰ ਵਿੱਚ ਸਹਾਇਕ ਮੈਜਿਸਟਰੇਟ ਨਿਯੁਕਤ ਕੀਤਾ ਗਿਆ। 1936-38 ਵਿੱਚ ਉਹ ਫੈਜ਼ਾਬਾਦ ਵਿੱਚ ਮੈਜਿਸਟਰੇਟ ਬਣੇ ਅਤੇ 1938 ਵਿੱਚ ਅਲਮੋੜਾ ਅਤੇ 1939-40 ਵਿੱਚ ਅਲਾਹਾਬਾਦ ਦੇ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਨਿਯੁਕਤ ਹੋਏ। 1940-41 ਵਿੱਚ ਉਹ ਆਗਰਾ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ 1942-45 ਵਿੱਚ ਰਾਏ ਬਰੇਲੀ ਦੇ ਡਿਪਟੀ ਕਮਿਸ਼ਨਰ ਬਣੇ। 1945 ਵਿੱਚ ਉਹਨਾਂ ਸੰਯੁਕਤ ਰਾਸ਼ਟਰ ਦੀ ਕੈਨੇਡਾ ਵਿੱਚ ਹੋ ਰਹੀ ‘ਫੂਡ ਤੇ ਖੇਤੀ ਸੰਸਥਾ’ ਦੇ ਭਾਰਤੀ ਡੈਲੀਗੇਸ਼ਨ ਦੇ ਸਕੱਤਰ ਵਜੋਂ ਸ਼ਮੂਲੀਅਤ ਕੀਤੀ। 1945-46 ਵਿੱਚ ਉਹ ‘ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ’ ਦੇ ਸਕੱਤਰ ਬਣੇ। 1946-48 ਦੇ ਫਸਾਦਾਂ ਵਾਲੇ ਸਮੇਂ ਦੌਰਾਨ ਉਹ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ। ਉਹ ਯੋਗ ਕੁਸ਼ਲ ਪ੍ਰਬੰਧਕ ਸਨ। 
1948-49 ਵਿੱਚ ਉਹਨਾਂ ਨੂੰ ਜ਼ਿਲ੍ਹਾ ਅੰਬਾਲਾ ਵਿਖੇ ਡੀ.ਸੀ. ਲਗਾਇਆ ਗਿਆ। 1949-51 ਵਿੱਚ ਉਹ ਪੰਜਾਬ ਦੇ ਪੁਨਰਵਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਬਣੇ। ਉਹਨਾਂ 4 ਲੱਖ ਤੋਂ ਵੱਧ ਪੰਜਾਬੀਆਂ ਨੂੰ ਆਪਣੀਆਂ ਛੱਡੀਆਂ ਹੋਈਆਂ ਉਪਜਾਊ ਜ਼ਮੀਨਾਂ ਬਦਲੇ ਜ਼ਮੀਨਾਂ ਦੀ ਵੰਡ ਇਸ ਨਿਰਪੱਖਤਾ ਨਾਲ ਕੀਤੀ ਕਿ ਬਹੁਤ ਘੱਟ ਲੋਕਾਂ ਨੂੰ ਸ਼ਿਕਾਇਤ ਕਰਨ ਦਾ ਮੌਕਾ ਮਿਲਿਆ। ਉਹ 1951-53 ਵਿੱਚ ਅੰਬਾਲਾ ਮੰਡਲ ਦੇ ਕਮਿਸ਼ਨਰ ਬਣੇ। 1953-55 ਵਿੱਚ ਉਹ ‘ਵਿਕਾਸ ਤੇ ਪੁਨਰਵਾਸ ਵਿਭਾਗ ਦੇ ਕਮਿਸ਼ਨਰ ਨਿਯੁਕਤ ਹੋਏ। 1955 ਵਿੱਚ ਉਹ ਭਾਰਤੀ ਖੇਤੀ ਮੰਤਰਾਲੇ ਦੀ ਕੌਂਸਲ ਦੇ ਐਡੀਸ਼ਨਲ ਸਕੱਤਰ ਵੀ ਰਹੇ। 
ਪੰਜਾਬ ਵਿੱਚ ਕਮਿਊਨਿਟੀ ਵਿਕਾਸ ਯੋਜਨਾ ਦੇ ਸ਼ੁਰੂ ਹੋਣ ਮਗਰੋਂ ਕਈ ਸਾਲ ਉਹ ਇਸ ਵਿਭਾਗ ਦੇ ਵਿਕਾਸ ਕਮਿਸ਼ਨਰ ਰਹੇ। ਉਹਨਾਂ ਨੂੰ ‘ਭਾਰਤ ਦੀ ਹਰੀ ਕ੍ਰਾਂਤੀ’ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਉਹ ਤਿੰਨ ਸਾਲ ਚੰਡੀਗੜ੍ਹ ਦੇ ਕਮਿਸ਼ਨਰ ਰਹੇ। ਉਹਨਾਂ ਦੀ ਪਾਰਖੂ ਨਜ਼ਰ ਨੇ ਚੰਡੀਗੜ੍ਹ ਨੂੰ ‘ਗੁਲਾਬਾਂ ਦਾ ਸ਼ਹਿਰ’ ਬਣਾ ਦਿੱਤਾ। ਚੰਡੀਗੜ੍ਹ ਪੰਜਾਬੀ ਕਲਾ, ਨਾਚ, ਸੰਗੀਤ ਅਤੇ ਕਵਿਤਾ ਦੀਆਂ ਧੁਨੀਆਂ ਨਾਲ ਗੂੰਜਣ ਲੱਗਿਆ। 
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਉਹ 1970 ਤੋਂ 1986 ਤੀਕ ਪ੍ਰਧਾਨ ਰਹੇ। ਉਨ੍ਹਾਂ ਨਾਲ 1984 ਤੋਂ 1986 ਤੀਕ ਤਿੰਨ ਸਾਲ ਇਸ ਅਕਾਡਮੀ ਵਿੱਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਾਰਜਕਾਰਨੀ ਮੈਂਬਰ ਵਜੋਂ ਕੰਮ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ। 
ਰਿਟਾਇਰ ਹੋ ਕੇ ਉਹ ਤਿੰਨ ਸਾਲ ਲਈ ‘ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ’ ਦੇ ਉਪ ਕੁਲਪਤੀ ਵੀ ਰਹੇ। ਉਹਨਾਂ ਦੇ ਸਮੇਂ ਯੂਨੀਵਰਸਿਟੀ ਖੋਜ ਅਤੇ ਸਿੱਖਿਆ ਦਾ ਸਰਵੋਤਮ ਕੇਂਦਰ ਬਣੀ। ਯੂਨੀਵਰਸਿਟੀ ਦੀ ਲਾਇਬਰੇਰੀ ਦਾ ਨਾਮ ਆਪ ਜੀ ਦੇ ਨਾਮ ਤੇ ਰੱਖਿਆ ਗਿਆ ਹੈ। 14 ਜਨਵਰੀ 1976 ਨੂੰ ਉਹ ਉਪ ਕੁਲਪਤੀ ਵਜੋਂ ਸੇਵਾਮੁਕਤ ਹੋਏ। ਡਾ. ਮਹਿੰਦਰ ਸਿੰਘ ਰੰਧਾਵਾ ਪ੍ਰਸ਼ਾਸਕੀ ਕਾਰਜਾਂ ਤੋਂ ਇਲਾਵਾ ਸਾਹਿਤ ਅਤੇ ਕਲਾ ਦੇ ਪ੍ਰੇਮੀ, ਇੱਕ ਉੱਘੇ ਵਿਗਿਆਨੀ, ਸੁੰਦਰਤਾ ਦੇ ਪਾਰਖ਼ੂ ਤੇ ਬਾਗ਼ਬਾਨੀ ਦੇ ਮਾਹਰ ਵੀ ਸਨ। ਉਹ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਸਰਪ੍ਰਸਤ ਵੀ ਸਨ।
ਦੇਸ਼ ਦੀ ਵੰਡ ਦੌਰਾਨ ਉੱਜੜੇ ਪੰਜਾਬੀਆਂ ਦੇ ਪੁਨਰਵਾਸ, ਚੰਡੀਗੜ ਸ਼ਹਿਰ ਦੀ ਸਥਾਪਨਾ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜੀਕਰਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਇਹ ਉਹਨਾਂ ਦੀ ਦ੍ਰਿੜ੍ਹਤਾ ਅਤੇ ਨਿਰਪੱਖਤਾ ਕਾਰਨ ਹੀ ਸੀ ਕਿ ਦੰਗਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਉਹਨਾਂ ਆਪਣਾ ਘਰ ਖਰੜ ਵਿੱਚ 8 ਏਕੜੀ ਭੂਮੀ ਵਾਲੇ ਫਾਰਮ ਵਿੱਚ ਬਣਾਇਆ। ਡਾ. ਰੰਧਾਵਾ ਵਰਗੇ ਦੂਰਅੰਦੇਸ਼ੀ ਤੇ ਤੁਰੰਤ ਫ਼ੈਸਲਾ ਕਰਨ ਵਾਲੇ ਅਧਿਕਾਰੀ ਸਦਕਾ ਹੀ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਜ਼ਿੰਮੇਵਾਰੀ ਸੰਭਾਲੀ ਤੇ ਕੇਵਲ ਤਿੰਨ ਸਾਲਾਂ ਵਿੱਚ ਇਨ੍ਹਾਂ ਉੱਜੜੇ ਪਰਿਵਾਰਾਂ ਦਾ ਵਸੇਬਾ ਹੋ ਗਿਆ। ਉਹਨਾਂ ਨੂੰ ਜ਼ਮੀਨ ਤੇ ਘਰ ਦੇ ਦਿੱਤੇ ਗਏ। ਖਾਲੀ ਹੱਥ ਆਏ ਸ਼ਰਨਾਰਥੀਆਂ ਨੂੰ ਸਰਕਾਰ ਨੇ ਬਲਦ, ਬੀਜ, ਖੇਤੀ ਸੰਦ ਖਰੀਦਣ ਤੇ ਖੂਹ ਲਗਵਾਉਣ ਲਈ ਕਰਜ਼ੇ ਦਿੱਤੇ ਅਤੇ ਹੋਰ ਰਿਆਇਤਾਂ ਦਿੱਤੀਆਂ ਗਈਆਂ।
ਡਾ. ਐੱਮ ਐੱਸ ਰੰਧਾਵਾ ਬਾਰੇ ਸ਼ਿਵ ਕੁਮਾਰ ਦੀ ਇਹ ਕਮਾਲ ਦੀ ਕਵਿਤਾ ਤੁਸੀਂ ਵੀ ਪੜ੍ਹੋ। 

  ~ਇੱਕ ਚਿਹਰਾ~

ਉਹ ਜਦ ਮਿਲਦਾ ਮੁਸਕਾਂਦਾ
ਤੇ ਗੱਲਾਂ ਕਰਦਾ ਹੈ
ਸਾਦ ਮੁਰਾਦਾ ਆਸ਼ਕ ਚਿਹਰਾ
ਝਮ ਝਮ ਕਰਦਾ ਹੈ
ਨਿਰਮਲ ਚੋਅ ਦੇ ਜਲ ਵਿਚ
ਪਹੁ ਦਾ ਸੂਰਜ ਤਰਦਾ ਹੈ
ਕੁਹਰਾਈਆਂ ਅੱਖੀਆਂ ਵਿਚ
ਘਿਉ ਦਾ ਦੀਵਾ ਬਲਦਾ ਹੈ
ਲੋਕ ਗੀਤ ਦਾ ਬੋਲ
ਦੰਦਾਸੀ ਅੱਗ ਵਿਚ ਸੜਦਾ ਹੈ
ਝਿੜੀਆਂ ਦੇ ਵਿਚ ਕਾਲਾ ਬੱਦਲ
ਛਮ ਛਮ ਵਰ੍ਹਦਾ ਹੈ
ਬੂਰੀਂ ਆਏ ਅੰਬਾਂ ਤੇ
ਪੁਰਵਈਆ ਵਗਦਾ ਹੈ
ਕਾਲੇ ਰੜੀਂ ਪਹਾੜੀਂ
ਹਾੜੂ ਫੰਬਾ ਤਰਦਾ ਹੈ
ਪੀਰ ਫ਼ਕੀਰ ਕੋਈ ਸਾਈਂ ਬੈਠਾ
ਦੋਹੜੇ ਪੜ੍ਹਦਾ ਹੈ
ਤਕੀਏ ਉੱਗਿਆ ਥੋਹਰ ਦਾ ਬੂਟਾ
ਚੁੱਪ ਤੋਂ ਡਰਦਾ ਹੈ
ਵਣਜਾਰੇ ਦੀ ਅੱਗ ਦਾ ਧੂੰਆਂ
ਥੇਹ ਤੇ ਤਰਦਾ ਹੈ
ਮੜ੍ਹੀਆਂ ਵਾਲਾ ਮੰਦਰ
ਰਾਤੀਂ ਗੱਲਾਂ ਕਰਦਾ ਹੈ।
ਇੱਕ ਵਿਗਿਆਨੀ ਹੋਣ ਕਾਰਨ ਉਹਨਾਂ ਨੂੰ ਬੂਟਿਆਂ ਨਾਲ ਪਿਆਰ ਸੀ ਅਤੇ ਉਹਨਾਂ ਕਾਈ ਤੇ ਉੱਲੀ ਉੱਤੇ ਖੋਜ ਵੀ ਕੀਤੀ। ਪਿੰਡਾਂ ਵਿੱਚ ਫਿਰਦਿਆਂ ਡਾ. ਰੰਧਾਵਾ ਨੇ ਮਹਿਸੂਸ ਕੀਤਾ ਕਿ ਕਿਸਾਨਾਂ ਦੀ ਮਾਲਕੀ ਜ਼ਮੀਨ ਕਈ ਟੁਕੜਿਆਂ ਵਿੱਚ ਵੰਡੀ ਹੋਈ ਹੈ। ਉਹਨਾਂ ਨੇ ਮੁਰੱਬੇਬੰਦੀ ਕਰਨ ਦਾ ਫ਼ੈਸਲਾ ਕੀਤਾ। ਇਸ ਨਾਲ ਜਿੱਥੇ ਕਿਸਾਨਾਂ ਦੀ ਜ਼ਮੀਨ ਇੱਕ ਥਾਂ ਇਕੱਠੀ ਹੋ ਗਈ, ਉੱਥੇ ਸੜਕਾਂ ਵੀ ਸਿੱਧੀਆਂ ਬਣ ਗਈਆਂ। ਪਗਡੰਡੀਆਂ ਤੇ ਰਾਹਾਂ ਹੇਠ ਆਈ ਜ਼ਮੀਨ ਵੀ ਮੁਕਤ ਹੋਈ। ਇੰਜ ਵਾਹੀ ਹੇਠ ਰਕਬੇ ਵਿੱਚ ਵਾਧਾ ਹੋਇਆ ਤੇ ਕਿਸਾਨਾਂ ਨੂੰ ਇੱਕ ਥਾਂ ਖੂਹ ਲਗਵਾਉਣਾ ਸੌਖਾ ਹੋ ਗਿਆ। ਰੰਧਾਵਾ ਸਾਹਿਬ ਨੇ ਖੂਹ ਜਾਂ ਟਿਊਬਵੈੱਲ ਲਾਉਣ ਲਈ ਸਰਕਾਰ ਵੱਲੋਂ ਕਰਜ਼ੇ ਦਾ ਪ੍ਰਬੰਧ ਕਰਵਾਇਆ। ਜਦੋਂ ਡਾ. ਰੰਧਾਵਾ ਨੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਗਾਰਡਨ ਕਲੋਨੀ ਬਣਾਈ। ਇੱਕ ਅਜਿਹਾ ਪਿੰਡ ਚੁਣਿਆ ਗਿਆ ਜਿੱਥੇ ਸਾਰੇ ਹੀ ਸ਼ਰਨਾਰਥੀ ਸਨ ਤੇ ਉਹਨਾਂ ਨੂੰ ਕੁਝ ਰਕਬੇ ਵਿੱਚ ਬਾਗ਼ ਲਗਾਉਣਾ ਜ਼ਰੂਰੀ ਕੀਤਾ ਗਿਆ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਫਲਦਾਰ ਬੂਟੇ ਤੇ ਤਕਨੀਕੀ ਜਾਣਕਾਰੀ ਦਿੱਤੀ। ਭਾਵੇਂ ਬਹੁਤੇ ਬਗੀਚੇ ਪੁੱਟੇ ਜਾ ਚੁੱਕੇ ਹਨ ਪਰ ਇਨ੍ਹਾਂ ਖੇਤਾਂ ਵਿੱਚ ਸਬਜ਼ੀਆਂ ਵਿਸ਼ੇਸ਼ ਕਰਕੇ ਆਲਅੂਾਂ ਦੀ ਕਾਸ਼ਤ ਸ਼ੁਰੂ ਹੋ ਗਈ ਹੈ। ਇੰਜ ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਸਿਹਰਾ ਵੀ ਉਹਨਾਂ ਦੇ ਸਿਰ ਹੀ ਬੱਝਦਾ ਹੈ। ਪੰਜਾਬ ਦੀਆਂ ਸੜਕਾਂ ਉੱਤੇ ਲੱਗੇ ਫੁੱਲਦਾਰ ਰੁੱਖ ਅਤੇ ਝਾੜੀਆਂ ਡਾ. ਰੰਧਾਵਾ ਦੀ ਸੋਚ ਦਾ ਹੀ ਨਤੀਜਾ ਹਨ। ਭਾਰਤ ਵਿੱਚ ਹਰੇ ਇਨਕਲਾਬ ਦੀ ਆਮਦ ਉਹਨਾਂ ਦੀ ਦੇਖ-ਰੇਖ ਵਿੱਚ ਹੋਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ। ਆਪਣੀ ਸੇਵਾਮੁਕਤੀ ਪਿੱਛੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਸਲਰ ਬਣੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.