ਤਾਜਾ ਖਬਰਾਂ
31 ਜਨਵਰੀ :-
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੰਜਾਬ ਯੂਥ ਕਾਂਗਰਸ 9 ਫਰਵਰੀ ਨੂੰ ਦੇਸ਼ ਦੀ ਸੰਸਦ ਦਾ ਘਿਰਾਓ ਕਰੇਗੀ। ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕੇਂਦਰ ਸਰਕਾਰ 'ਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ' ਤੇ ਬੋਲਦਿਆਂ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹੀ ਹੋਵੇਗੀ। ਇਸ ਤੋਂ ਪਹਿਲਾਂ ਵੀ ਯੂਥ ਕਾਂਗਰਸ ਨੇ ਟਰੈਕਟਰ ਮਾਰਚ ਅਤੇ ਇੰਡਿਆ ਗੇਟ ਤੇ ਟਰੈਕਟਰ ਫੂਕ ਕੇ ਗੂੰਗੀ ਅਤੇ ਬੋਲੀ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਾਈ ਸੀ ਤੇ ਹੁਣ ਫੇਰ ਕਾਂਗਰਸ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਦਾ ਘਿਰਾਓ ਕਰੇਗੀ। ਬਰਿੰਦਰ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ‘ਦੋ-ਤਿੰਨ ਦੋਸਤਾਂ’ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਨਾ ਸਿਰਫ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ, ਬਲਕਿ ਉਨ੍ਹਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚ ਰਹੀ ਹੈ।ਬਰਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰ ਆਪਣਿਆਂ ਗੁੰਡਿਆਂ ਰਾਹੀਂ ਕਿਸਾਨਾਂ ਨੂੰ ਧਮਕਾ ਰਹੀ ਹੈ। ਓਹਨਾਂ ਕਿਹਾ ਕਿ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਭਾਜਪਾ ਦੇ ਗੁੰਡਿਆਂ ਵੱਲੋਂ ਕੀਤਾ ਨੰਗਾ ਨਾਚ ਭਾਰਤੀ ਜਮਹੂਰੀਅਤ ‘ਤੇ ਕਾਲਾ ਧੱਬਾ ਹੈ ਜਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਤਾਰ ਚੁੱਪ ਅਜਿਹੇ ਅਨਸਰਾਂ ਨੂੰ ਹੋਰ ਵੀ ਸ਼ਹਿ ਦਿੰਦੀ ਹੈ।
ਪੱਤਰਕਾਰ ਮੰਦੀਪ ਪੂਨੀਆ ਦੀ ਗ੍ਰਿਫਤਾਰੀ ਤੇ ਬੋਲਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਜਮੂਰੀਹਤ ਦੇ ਘਾਣ ਦੇ ਨਾਲ ਨਾਲ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਬਰਿੰਦਰ ਢਿੱਲੋਂ ਨੇ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਤੇ ਜਲਦੀ ਤੋਂ ਜਲਦੀ ਮੰਦੀਪ ਪੂਨੀਆ ਦੀ ਰਿਹਾਈ ਦੀ ਮੰਗ ਕੀਤੀ।
Get all latest content delivered to your email a few times a month.