ਤਾਜਾ ਖਬਰਾਂ
ਅੰਮ੍ਰਿਤਸਰ: 14 ਮਾਰਚ-
ਇਤਿਹਾਸਕ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਨਵੀਂ ਗ਼ਜ਼ਲ ਪੁਸਤਕ ‘ਮਿਰਗਾਵਲੀ’ ਲੋਕ ਅਰਪਣ ਕਰਨ ਲਈ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।
ਇਸ ਪੁਸਤਕ ਨੂੰ ਕਾਲਜ ਦੇ ਪ੍ਰਿੰਸੀਪਲ ਤੇ ਪੰਜਾਬ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ. ਆਤਮ ਸਿੰਘ ਰੰਧਾਵਾ ਅਤੇ ਹੋਰ ਪ੍ਰਮੁੱਖ ਵਿਦਿਅਕ ਤੇ ਸਾਹਿੱਤਕ ਸਖ਼ਸ਼ੀਅਤਾਂ ਵੱਲੋਂ ਸਾਂਝੇ ਰੂਪ ਵਿੱਚ ਲੋਕ ਅਰਪਣ ਕੀਤਾ ਗਿਆ।
ਪੁਸਤਕ ਲੋਕ ਅਰਪਣ ਕਰਦਿਆਂ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਪ੍ਰੋ. ਗੁਰਭਜਨ ਗਿੱਲ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਦੀ ਲਿਖਤ ਪੰਜਾਬੀ ਸੱਭਿਆਚਾਰ ਅਤੇ ਮਾਨਵੀ ਸਰੋਕਾਰਾਂ ਦੀ ਤਰਜਮਾਨੀ ਕਰਦੀ ਹੈ ਅਤੇ ‘ਮਿਰਗਾਵਲੀ’ ਪੁਸਤਕ ਦਾ ਤੀਜਾ ਐਡੀਸ਼ਨ ਪੰਜਾਬੀ ਸਾਹਿਤ ਦੇ ਭੰਡਾਰ ਵਿੱਚ ਇੱਕ ਮੁੱਲਵਾਨ ਵਾਧਾ ਸਾਬਤ ਹੋਵੇਗੀ।ਇਸੇ ਸਾਲ ਫਰਵਰੀ ਮਹੀਨੇ ਉਨ੍ਹਾਂ ਦੀ ਪਿਛਲੇ ਪੰਜਾਹ ਸਾਲਾਂ ਦੀ ਨਿਰੰਤਰ ਸਾਹਿੱਤਕ ਘਾਲਣਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਾਹਿੱਤ ਅਕਾਡਮੀ ਵੱਲੋਂ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਪੁਸਤਕ ਦਾ ਮੁੱਖ ਬੰਦ ਲਿਖਣ ਵਾਲੇ ਵਿਦਵਾਨ ਤੇ “ਸੁਰਤਿ” ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਪੰਜਾਬੀ ਵਿਭਾਗ, ਗੁਰੂ ਨਾਨਕ ਕਾਲਿਜ ਬਟਾਲਾ ਨੇ ਕਿਹਾ ਕਿ ਇਹ ਸ਼ਾਇਰੀ ਉਸ ਲੁੱਟ-ਖਸੁੱਟ ਦੇ ਵਿਰੁੱਧ ਇੱਕ ਜਥੇਬੰਦਕ ਸੁਰ ਹੈ, ਜੋ ਆਮ ਮਨੁੱਖ ਦੇ ਹੱਕਾਂ ਨੂੰ ਆਪਣੇ ਪੈਰਾਂ ਹੇਠ ਲਿਤਾੜਦੀ ਹੈ। ਉਹ ਜ਼ਬਰ ਦੇ ਸਾਹਮਣੇ ਸਿਰ ਸੁੱਟਣ ਦੀ ਥਾਂ , ਸ਼ਬਦਾਂ ਨੂੰ ਢਾਲ ਬਣਾ ਕੇ ਖਲੋਂਦੇ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਮੌਜੂਦ ਤਿੱਖਾਪਣ ਕਿਸੇ ਨਿੱਜੀ ਰੰਜਿਸ਼ ਦਾ ਨਤੀਜਾ ਨਹੀਂ, ਸਗੋਂ ਉਸ ਸਮੂਹਿਕ ਪੀੜ ਦਾ ਪ੍ਰਗਟਾਵਾ ਹੈ ਜੋ ਸਮਾਜ ਦਾ ਲਿਤਾੜਿਆ ਵਰਗ ਹੰਢਾ ਰਿਹਾ ਹੈ। ਜਦੋਂ ਗੁਰਭਜਨ ਗਿੱਲ ਲੁੱਟ-ਖਸੁੱਟ ਦੀ ਗੱਲ ਕਰਦਾ ਹੈ, ਤਾਂ ਉਸ ਦੇ ਸ਼ਬਦਾਂ ਵਿੱਚ ਅਜਿਹੀ ਨਾਬਰੀ ਪ੍ਰਤੱਖ ਹੁੰਦੀ ਹੈ ਜੋ ਸਥਾਪਿਤ ਨਿਜ਼ਾਮ ਦੇ ਬੋਦੇਪਣ ਨੂੰ ਨੰਗਾ ਕਰਦੀ ਹੈ। ਇਹ ਗ਼ਜ਼ਲਾਂ ਸਿਰਫ਼ ਕਾਵਿਕ ਉਡਾਰੀ ਹੀ ਨਹੀਂ ਹਨ, ਸਗੋਂ ਇਨਸਾਨੀਅਤ ਦੀ ਰਾਖੀ ਲਈ ਲੜਿਆ ਜਾਣ ਵਾਲਾ ਬੌਧਿਕ ਯੁੱਧ ਹਨ।
ਇਸ ਮੌਕੇ ਡਾ. ਤਮਿੰਦਰ ਸਿੰਘ ਭਾਟੀਆ (ਡੀਨ ਅਕਾਦਮਿਕ ਮਾਮਲੇ), ਡਾ. ਦਲਜੀਤ ਸਿੰਘ (ਡੀਨ ਵਿਦਿਆਰਥੀ ਭਲਾਈ) ਤੇ ਡਾ. ਪਰਮਿੰਦਰ ਸਿੰਘ (ਮੁਖੀ ਪੰਜਾਬੀ ਵਿਭਾਗ) ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਮਾਗਮ ਦੌਰਾਨ ਬੁਲਾਰਿਆਂ ਨੇ ਪੁਸਤਕ ਦੇ ਵਿਸ਼ੇ ਅਤੇ ਪ੍ਰੋ. ਗਿੱਲ ਦੀ ਕਾਵਿ-ਸ਼ੈਲੀ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਹ ਰਚਨਾ ਪਾਠਕਾਂ ਨੂੰ ਮਾਨਸਿਕ ਸਕੂਨ ਦੇਣ ਦੇ ਨਾਲ-ਨਾਲ ਸਮਾਜਿਕ ਮੁੱਦਿਆਂ 'ਤੇ ਸੋਚਣ ਲਈ ਵੀ ਮਜਬੂਰ ਕਰਦੀ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਲਜ ਵੱਲੋਂ ਸਾਹਿਤਕ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ।
ਇਸ ਮੌਕੇ ਕਾਲਜ ਦੇ ਹੋਰ ਸਟਾਫ਼ ਮੈਂਬਰ ਅਤੇ ਸਾਹਿਤ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
Get all latest content delivered to your email a few times a month.