ਤਾਜਾ ਖਬਰਾਂ
ਲੁਧਿਆਣਾ 21 ਜੂਨ-
‘‘ਗੁਰੂਆਂ ਦਾ ਅਪਮਾਨ ਕਰਨ ਵਾਲੇ ਮੁੱਖ ਮੰਤਰੀ ਨੂੰ ਸਜ਼ਾ ਦੇਣ ਦਾ ਵਕਤ ਆ ਗਿਆ ਹੈ, ਮੌਜੂਦਾ ਸਰਕਾਰ ਨੇ ਕਰਜ਼ ਲੈ-ਲੈ ਕੇ ਪੰਜਾਬ ਨੂੰ ਏਟੀਐੱਮ ਵਜੋਂ ਵਰਤਿਆਂ ਹੈ, ਉਨ੍ਹਾਂ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ,’’ ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਹਨ। ਉਹ ਲੁਧਿਆਣਾ ਵਿੱਚ ਪਾਰਟੀ ਦੇ ਸਬ-ਸਰਕਲ ਕਾਰਜਕਰਤਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਅਮਿਤ ਸ਼ਾਹ ਵਲੋਂ ਮੋਗਾ ਵਿੱਚ ਵਿਸ਼ਾਲ ਰੈਲੀ ਕੀਤੀ ਸੀ, ਜਦਕਿ ਨਿਤਿਨ ਨਬੀਨ ਸਬ-ਸਰਕਲ ਪੱਧਰ ਦੇ 8000 ਤੋਂ ਵੱਧ ਆਗੂਆਂ ਬੈਠਕ ਕਰਕੇ ਸੰਕੇਤ ਦਿੱਤੇ ਕਿ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਆਪਣੇ ਦਮ ਉੱਤੇ ਲੜਨ ਲਈ ਤਿਆਰ ਹੈ।
ਨਿਤਿਨ ਨਬੀਨ ਨੇ ਕਿਹਾ, ‘‘ਪੰਜਾਬ ਦੇ ਲੋਕਾਂ ਲਈ ਗੁਰੂਆਂ ਦੇ ਸਨਮਾਨ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਹੈ। ਜਿਸ ਸਰਕਾਰ ਦਾ ਮੁੱਖ ਮੰਤਰੀ ਹੀ ਗੁਰੂਆਂ ਦਾ ਅਪਮਾਨ ਕਰੇ ਇਹ ਕਿਵੇਂ ਸਹਿਨ ਕੀਤਾ ਜਾ ਸਕਦਾ। ਅਜਿਹੀ ਸਰਕਾਰ ਨੂੰ ਸਜ਼ਾ ਦੇਣ ਕਰਨ ਦਾ ਵਕਤ ਆ ਗਿਆ ਹੈ।’’
ਉਨ੍ਹਾਂ ਕਿਹਾ ਕਿ ਪੰਜਾਬ ਨੂੰ 4 ਲੱਖ ਕਰੋੜ ਰੁਪਏ ਦਾ ਕਰਜ਼ਈ ਬਣਾ ਦਿੱਤਾ ਗਿਆ, ਪਿਛਲੇ ਸਾਲਾਂ ਦੌਰਾਨ ਜਿਹੜੇ ਕਰੋੜਾਂ ਰੁਪਏ ਕੇਂਦਰ ਤੋਂ ਆਏ, ਉਸ ਨੂੰ ਵੀ ਫਰਜ਼ੀਵਾੜੇ ਵਾਲਿਆਂ ਨੇ ਠੱਗ ਲਿਆ, ਪੰਜਾਬ ਨੂੰ ਏਟੀਐੱਮ ਵਜੋਂ ਵਰਤਿਆਂ ਗਿਆ, ਪੰਜਾਬ ਸਰਕਾਰ ਨੇ ਦਿੱਤਾ ਬਹੁਤ ਘੱਟ ਪਰ ਲੋਕਾਂ ਦੀ ਜ਼ਿੰਦਗੀ ਹੀ ਖ਼ਤਰੇ ਵਿੱਚ ਪਾ ਦਿੱਤੀ। ਲੋਕਾਂ ਦੀ ਜਾਨ ਦੀ ਕੀਮਤ ਹੀ ਨਹੀਂ ਰਹੀ। 2027 ਦੀਆਂ ਚੋਣਾਂ ਤੋਂ ਬਾਅਦ ਇਸ ਸਰਕਾਰ ਤੋਂ ਪੰਜਾਬ ਦੀ ਲੁੱਟ ਦੀ ਪਾਈ-ਪਾਈ ਵਸੂਲੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ੇ, ਗੈਂਗਸਟਰਵਾਦ ਅਤੇ ਕਰਜ਼ ਦੀ ਮਾਰ ਹੇਠ ਹੈ। ਇਸ ਸੰਕਟ ਵਿੱਚੋਂ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ ਹੀ ਕੱਢ ਸਕਦੀ ਹੈ, ਕਿਉਂ ਕਿ ਭਾਜਪਾ ਜੋ ਕਹਿੰਦੀ ਹੈ ਉਹ ਕਰਦੀ ਹੈ। ਅਸੀਂ ਕਿਹਾ ਸੀ ਧਾਰਾ 370 ਖ਼ਤਮ ਕਰਾਂਗੇ, ਅਸੀਂ ਕਰ ਕੇ ਵਿਖਾ ਦਿੱਤਾ। ਕਸ਼ਮੀਰ ਵਿੱਚ ਜਿੱਥੇ ਕਦੇ ਪਾਕਿਸਤਾਨ ਦੇ ਝੰਡੇ ਝੁੱਲਦੇ ਸਨ, ਉੱਥੇ ਅੱਜ ਸ਼ਾਂਤੀ ਪਰਤੀ ਹੈ ਅਤੇ ਨੌਜਵਾਨ ਮੁੱਖ ਧਾਰਾ ਵਿੱਚ ਪਰਤੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਵਿੱਚੋਂ ਬਾਹਰ ਕੱਢਿਆ ਗਿਆ ਹੈ। ਕਰੀਬ 4 ਕਰੋੜ ਲੋਕਾਂ ਨੂੰ ਪੀਐੱਮ ਅਵਾਸ ਯੋਜਨਾ ਤਹਿਤ ਘਰ ਦਿੱਤੇ ਗਏ ਹਨ। ਕਰੋੜਾਂ ਮਹਿਲਾਵਾਂ ਦਾ ਭਲਾਈ ਸਕੀਮਾਂ ਰਾਹੀਂ ਸਸ਼ਕਤੀਕਰਨ ਕੀਤਾ ਗਿਆ ਹੈ।
ਭਾਜਪਾ ਦੀਆਂ 22 ਸੂਬਿਆਂ ਵਿੱਚ ਸਰਕਾਰਾਂ ਹਨ, ਪੂਰਾ ਦੇਸ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਪਰ ਪੰਜਾਬ ਵਿੱਚ ਡਬਲ ਇੰਜਨ ਸਰਕਾਰ ਨਾ ਹੋਣ ਕਾਰਨ ਇਸ ਦਾ ਫਾਇਦਾ ਨਹੀਂ ਮਿਲ ਰਿਹਾ, ਪੰਜਾਬ ਵਿਕਾਸ ਪੱਖੋਂ ਪੱਛੜ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਕੀ ਗੁਨਾਹ ਕੀਤਾ ਹੈ।
ਨਿਤਿਨ ਨਬੀਨ ਨੇ ਪੰਜਾਬ ਦੇ ਲੋਕਾਂ ਨੂੰ ਮੌਜੂਦਾ ਸਰਕਾਰ ਦਾ ਤਖ਼ਤਾ ਪਲਟਣ ਦੀ ਅਪੀਲ ਕਰਦਿਆਂ ਕਿਹਾ, ‘‘ਸਾਡਾ ਟੀਚਾ ਵਿਕਸਤ ਪੰਜਾਬ ਹੈ, ਸੂਬੇ ਨੂੰ ਮੁੜ ਸ਼ਕਤੀਸ਼ਾਲੀ, ਸਮਰਿੱਧ ਅਤੇ ਸ਼ਕਤੀਸ਼ਾਲੀ ਬਣਾਉਣਾ ਹੈ।’’
ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਤਾਧਾਰੀਆਂ ਨੇ ਪੰਜਾਬ ਦੇ ਸੱਭਿਆਚਾਰ, ਮਰਿਯਾਦਾਵਾਂ ਅਤੇ ਕਦਰਾਂ ਕੀਮਤਾਂ ਦੇ ਕਤਲ ਕਰ ਰਹੀ ਹੈ। ਅਸੀਂ ਪੰਜਾਬ ਨੂੰ ਬਚਾਉਣਾ ਹੈ। ਇਸ ਲਈ ਭਾਜਪਾ ਦੇ ਹਰ ਵਰਕਰ ਨੂੰ ਘਰੋਂ ਬਾਹਰ ਨਿਕਲਣਾ ਪਵੇਗਾ, ਹਰ ਘਰ, ਮੁਹੱਲੇ, ਪਿੰਡ ਅਤੇ ਸ਼ਹਿਰ ਤੱਕ ਜਾ ਕੇ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਉਣਾ ਪਵੇਗਾ ਅਤੇ ਸੂਬਾ ਸਰਕਾਰ ਦੇ ਕੁਸਾਸ਼ਨ ਨੂੰ ਬੇਨਕਾਬ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਭਾਜਪਾ ਵਰਕਰ ਸਮਰੱਥ ਹਨ ਅਤੇ ਉਹ ਇੱਕ ਵਾਰ ਤਾਕਤ ਲਗਾਉਣਗੇ ਤਾਂ ਹਰ ਬੂਥ ਕਮੇਟੀ ਵਿਕਾਸ ਅਤੇ ਵਿਰਾਸਤੀ ਕਮੇਟੀ ਬਣ ਕੇ ਉੱਭਰੇਗੀ ਅਤੇ ਅਸੀਂ ਸਰਬੱਤ ਦੇ ਭਲੇ ਦੇ ਉਦੇਸ਼ ਨਾਲ ਸਫ਼ਲਤਾ ਵੱਧ ਵਧਾਂਗੇ।
ਸਮਾਗਮ ਦੌਰਾਨ ਬੋਲਦਿਆਂ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪਾਰਟੀ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਹੀ ਕਮਰਕੱਸ ਲਓ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਨੂੰ ਚੈਲਿੰਜ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਠੱਲੀ ਤੇ ਨਾਲਾਇਕ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਅੱਜ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਰਗੇ ਭਾਜਪਾ ਦੇ ਰਾਜ ਆਉਣ ਦੀ ਵੀ ਸ਼ੁਰੂਆਤ ਹੋ ਗਈ ਹੈ। ਇਹ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ, ਗੈਂਗਸਟਰਵਾਦ ਮੁਕਤ ਅਤੇ ਖੁਸ਼ਹਾਲ ਬਣਾਏਗੀ।
ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦਿਆਂ ਹੀ ਹਰਿਆਣਾ ਦੀ ਤਰਜ਼ ਉੱਤੇ 24 ਫਸਲਾਂ ਉੱਤੇ ਐੱਮਐੱਸਪੀ ਦਿੱਤੀ ਜਾਵੇਗੀ ਅਤੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਪਹਿਲ ਦੇ ਅਧਾਰ ਉੱਤੇ ਅਦਾ ਕਰਵਾਇਆ ਜਾਵੇਗਾ।
ਇਸ ਸਮਾਗਮ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੰਗਠਨ ਮਹਾਮੰਤਰੀ ਮੰਥਰੀ ਨਿਵਾਸਲੂ, ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਨਰਿੰਦਰ ਸਿੰਘ ਰੈਣਾ, ਕੇਂਦਰੀ ਰੇਲਵੇ ਰਾਜ ਮਤੰਰੀ ਰਵਨੀਤ ਬਿੱਟੂ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ ਨੇ ਵੀ ਸੰਬੋਧਨ ਕੀਤਾ।
Get all latest content delivered to your email a few times a month.