ਤਾਜਾ ਖਬਰਾਂ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਬਾਜ਼ਾਰ ਵਿੱਚ ਬੀਤੀ 16 ਜੂਨ ਨੂੰ ਨਿਹੰਗ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਦੁਕਾਨਦਾਰਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਘਟਨਾ ਦੌਰਾਨ ਤਲਵਾਰਾਂ ਲਹਿਰਾਉਣ ਕਾਰਨ ਕਈ ਸਥਾਨਕ ਲੋਕ ਜ਼ਖਮੀ ਹੋ ਗਏ ਸਨ। ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਚਮੋਲੀ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦਿਆਂ ਕਰਨਪ੍ਰਯਾਗ ਖੇਤਰ ਵਿੱਚ 27 ਜੂਨ ਤੱਕ ਭਾਰਤੀ ਸਿਵਲ ਸੁਰੱਖਿਆ ਕੋਡ (BNSS), 2023 ਦੀ ਧਾਰਾ 163 (ਪੁਰਾਣੀ ਧਾਰਾ 144) ਲਾਗੂ ਕਰ ਦਿੱਤੀ ਹੈ।
ਉਪ-ਮੰਡਲ ਮੈਜਿਸਟ੍ਰੇਟ ਅਲਕੇਸ਼ ਨੌਟਿਆਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਪਾਬੰਦੀਆਂ 20 ਜੂਨ ਸ਼ਾਮ 7 ਵਜੇ ਤੋਂ ਪ੍ਰਭਾਵੀ ਹੋ ਚੁੱਕੀਆਂ ਹਨ। ਵੱਖ-ਵੱਖ ਸੰਗਠਨਾਂ ਵੱਲੋਂ ਕਰਨਪ੍ਰਯਾਗ ਵੱਲ ਕੂਚ ਕਰਨ ਦੇ ਐਲਾਨ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਖੇਤਰ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੈਲੀਆਂ, ਜਲੂਸਾਂ ਅਤੇ ਜਨਤਕ ਮੀਟਿੰਗਾਂ 'ਤੇ ਮੁਕੰਮਲ ਪਾਬੰਦੀ ਰਹੇਗੀ।
ਤਲਵਾਰਾਂ, ਚਾਕੂ, ਲਾਠੀਆਂ ਸਮੇਤ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਜਲਣਸ਼ੀਲ ਪਦਾਰਥ ਲੈ ਕੇ ਚੱਲਣ ਅਤੇ ਲਾਊਡਸਪੀਕਰਾਂ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਗਈ ਹੈ।
ਗੁੰਮਰਾਹਕੁੰਨ ਪ੍ਰਚਾਰ 'ਤੇ ਨਕੇਲ: ਸੋਸ਼ਲ ਮੀਡੀਆ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਭੜਕਾਊ ਭਾਸ਼ਣ, ਅਫ਼ਵਾਹਾਂ ਜਾਂ ਫਿਰਕੂ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਬਿਨਾਂ ਵਾਰੰਟ ਗ੍ਰਿਫ਼ਤਾਰੀ ਕੀਤੀ ਜਾਵੇਗੀ ਅਤੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 223 ਤਹਿਤ ਮੁਕੱਦਮਾ ਚਲਾਇਆ ਜਾਵੇਗਾ।
ਇਸੇ ਦੌਰਾਨ, ਸ਼ਨੀਵਾਰ ਨੂੰ ਗੁਆਂਢੀ ਜ਼ਿਲ੍ਹੇ ਰੁਦਰਪ੍ਰਯਾਗ ਦੇ ਨਾਗਾਸੁ ਸਥਿਤ ਗੁਰਦੁਆਰਾ ਸਾਹਿਬ ਤੋਂ ਵੀ ਅਸ਼ਾਂਤੀ ਦੀ ਖ਼ਬਰ ਸਾਹਮਣੇ ਆਈ। ਕੁਝ ਨਿਹੰਗ ਸਿੰਘਾਂ ਵੱਲੋਂ ਗੁਰਦੁਆਰੇ ਦੀ ਛੱਤ 'ਤੇ ਚੜ੍ਹ ਕੇ ਰਵਾਇਤੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਦੇਰ ਸ਼ਾਮ ਲਾਈਟਾਂ ਬੰਦ ਹੋਣ ਕਾਰਨ ਮਾਹੌਲ ਹੋਰ ਸੰਵੇਦਨਸ਼ੀਲ ਹੋ ਗਿਆ।
ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਸੰਭਾਲੀ। ਸੁਰੱਖਿਆ ਬਲਾਂ ਨੇ ਨਿਹੰਗ ਸਿੰਘਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਹੇਠਾਂ ਉਤਾਰਿਆ। ਅਧਿਕਾਰੀਆਂ ਮੁਤਾਬਕ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਗੁਰਦੁਆਰਾ ਕੰਪਲੈਕਸ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਰੱਖੀ ਗਈ ਹੈ।
ਮਾਮਲੇ ਦੇ ਤੂਲ ਫੜਨ ਤੋਂ ਬਾਅਦ ਉੱਤਰਾਖੰਡ ਸਰਕਾਰ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਹੇਮਕੁੰਡ ਸਾਹਿਬ ਯਾਤਰਾ ਦੇ ਰੂਟ 'ਤੇ ਵਾਪਰੀ ਇਸ ਘਟਨਾ ਨੂੰ ਧਾਰਮਿਕ ਵਿਵਾਦ ਵਜੋਂ ਨਾ ਦੇਖਿਆ ਜਾਵੇ। ਰਾਜ ਦੇ ਗ੍ਰਹਿ ਸਕੱਤਰ ਸ਼ੈਲੇਸ਼ ਬਗੌਲੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਮਾਮਲਾ ਕਿਸੇ ਧਾਰਮਿਕ ਮੁੱਦੇ ਨਾਲ ਨਹੀਂ, ਸਗੋਂ ਦੋ ਧਿਰਾਂ ਵਿਚਕਾਰ ਭਾਵਨਾਤਮਕ ਪ੍ਰਤੀਕਿਰਿਆਵਾਂ ਅਤੇ ਨਿੱਜੀ ਮਤਭੇਦਾਂ ਕਾਰਨ ਵਾਪਰਿਆ ਹੈ।
ਗ੍ਰਹਿ ਸਕੱਤਰ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਰਾਜ ਦੀ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਅਤੇ ਇਸ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਨਿਰਪੱਖ ਜਾਂਚ ਲਈ ਗੜ੍ਹਵਾਲ ਦੇ ਇੰਸਪੈਕਟਰ ਜਨਰਲ (IG) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਐਡੀਸ਼ਨਲ ਡਾਇਰੈਕਟਰ ਜਨਰਲ (ADG Law & Order) ਨੂੰ ਘਟਨਾ ਦੀ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਆਮ ਜਨਤਾ ਨੂੰ ਸੰਜਮ ਰੱਖਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
Get all latest content delivered to your email a few times a month.