ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਸੰਗਰੂਰ ਦੇ ਬਨਾਸਰ ਬਾਗ਼ ਵਿੱਚ ਸਥਿਤ ਜ਼ਿਲ੍ਹਾ ਅਜਾਇਬ ਘਰ ਨੂੰ ਨਵੀਂ ਰੂਪ-ਰੇਖਾ ਦੇ ਨਾਲ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਇਸ ਕਾਇਆ ਕਲਪ ਤੋਂ ਬਾਅਦ ਇਹ ਅਜਾਇਬ ਘਰ ਹੁਣ ਪਹਿਲਾਂ ਨਾਲੋਂ ਹੋਰ ਵੀ ਸ਼ਾਨਦਾਰ ਅਤੇ ਆਕਰਸ਼ਕ ਰੂਪ ਵਿੱਚ ਸਾਹਮਣੇ ਆਇਆ ਹੈ। ਸਮਾਗਮ ਦੌਰਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਮੁੱਖ ਤੌਰ ‘ਤੇ ਮੌਜੂਦ ਰਹੇ, ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਪੰਜਾਬ ਦੀ ਵਿਰਾਸਤ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ।
ਮੀਤ ਹੇਅਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਅਜਾਇਬ ਘਰ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਸੰਗਰੂਰ ਅਤੇ ਜੀਂਦ ਰਿਆਸਤ ਦੇ ਇਤਿਹਾਸ ਨੂੰ ਜੀਉਂਦਾ ਰੱਖਣ ਵਾਲਾ ਅਨਮੋਲ ਧਰੋਹਰ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮਹਾਰਾਜਾ ਗਜਪਤ ਸਿੰਘ, ਮਹਾਰਾਜਾ ਭਾਗ ਸਿੰਘ ਅਤੇ ਮਹਾਰਾਜਾ ਸੰਗਤ ਸਿੰਘ ਨਾਲ ਸੰਬੰਧਿਤ ਵਿਰਲੇ ਹਥਿਆਰ, ਪੁਰਾਤਨ ਸਿੱਕੇ, ਰਾਜਸੀ ਤਸਵੀਰਾਂ ਅਤੇ ਧਾਰਮਿਕ ਗ੍ਰੰਥ ਸੰਭਾਲ ਕੇ ਰੱਖੇ ਗਏ ਹਨ। ਇਹ ਦਰਬਾਰ ਹਾਲ ਇਤਿਹਾਸਕ ਤੌਰ ‘ਤੇ ਵੀ ਬਹੁਤ ਅਹਿਮ ਹੈ, ਕਿਉਂਕਿ ਇੱਥੋਂ ਜੀਂਦ ਰਿਆਸਤ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਸੀ।
ਇਮਾਰਤ ਦੀ ਨੀਂਹ 1870 ਵਿੱਚ ਰੱਖੀ ਗਈ ਸੀ ਅਤੇ ਇਸ ਦੀ ਸ਼ਾਨਦਾਰ ਛੱਤ ਉੱਤੇ ਕੀਤੀ ਗਈ ਸੋਨੇ ਦੀ ਕਲਾ ਅਤੇ ਲੱਕੜ ਦੀ ਨਕਾਸ਼ੀ ਇਸਨੂੰ ਵਿਲੱਖਣ ਬਣਾਉਂਦੀ ਹੈ। ਨਵੀਨੀਕਰਨ ਦੌਰਾਨ ਇਮਾਰਤ ਦੀ ਛੱਤ ਦੀ ਮੁਰੰਮਤ, ਝੂਮਰਾਂ ਦੀ ਸੰਭਾਲ, ਪਿੱਤਲ ਦੇ ਦਰਵਾਜ਼ਿਆਂ ਦੀ ਫਿਟਿੰਗ, ਫਰਸ਼ ਦੀ ਤਿਆਰੀ ਅਤੇ ਰੌਸ਼ਨੀ ਪ੍ਰਬੰਧ ਨੂੰ ਆਧੁਨਿਕ ਬਣਾਇਆ ਗਿਆ ਹੈ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਅਜਾਇਬ ਘਰ ਦੀ ਮੁੜ ਸ਼ੁਰੂਆਤ ਨਾਲ ਸਿਰਫ਼ ਵਿਰਾਸਤ ਦੀ ਸੰਭਾਲ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਵੀ ਮੌਕਾ ਮਿਲੇਗਾ। ਸਮਾਗਮ ਦੌਰਾਨ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਵੀ ਅਜਾਇਬ ਘਰ ਦਾ ਦੌਰਾ ਕਰਕੇ ਇਸ ਦੀ ਨਵੀਂ ਰੂਪ-ਰੇਖਾ ਦੀ ਸਰਾਹਨਾ ਕੀਤੀ।
Get all latest content delivered to your email a few times a month.