ਤਾਜਾ ਖਬਰਾਂ
ਅਮਰੀਕਾ ਦੇ Indiana ਰਾਜ ਵਿੱਚ ਪ੍ਰਵਾਸੀ ਟਰੱਕ ਡਰਾਈਵਰਾਂ ਲਈ ਹਾਲਾਤ ਅਚਾਨਕ ਬਦਲ ਗਏ ਹਨ, ਜਿੱਥੇ ਸਰਕਾਰ ਵੱਲੋਂ ਲਗਭਗ 1,800 ਵਪਾਰਕ ਡਰਾਈਵਿੰਗ ਲਾਇਸੈਂਸ (CDL) ਰੱਦ ਕਰ ਦਿੱਤੇ ਗਏ ਹਨ। ਇੰਡੀਆਨਾ ਬਿਊਰੋ ਆਫ ਮੋਟਰ ਵਹੀਕਲਜ਼ ਨੇ ਦੱਸਿਆ ਕਿ ਮਾਰਚ ਦੇ ਦੌਰਾਨ ਹੀ 1,790 ਤੋਂ ਵੱਧ ਡਰਾਈਵਰਾਂ ਨੂੰ ਨੋਟਿਸ ਭੇਜੇ ਗਏ ਸਨ। ਇਸ ਫੈਸਲੇ ਨਾਲ ਕਈ ਪ੍ਰਵਾਸੀ ਡਰਾਈਵਰਾਂ ਦੀ ਰੋਜ਼ੀ-ਰੋਟੀ 'ਤੇ ਸਿੱਧਾ ਅਸਰ ਪਿਆ ਹੈ ਅਤੇ ਉਹ ਹੁਣ ਕਾਨੂੰਨੀ ਤੌਰ 'ਤੇ ਟਰੱਕ ਨਹੀਂ ਚਲਾ ਸਕਣਗੇ।
ਇਹ ਕਾਰਵਾਈ ਨਵੇਂ ਕਾਨੂੰਨ ‘House Enrolled Act 1200’ ਦੇ ਲਾਗੂ ਹੋਣ ਤੋਂ ਬਾਅਦ ਕੀਤੀ ਗਈ ਹੈ, ਜੋ 1 ਅਪ੍ਰੈਲ ਤੋਂ ਪ੍ਰਭਾਵੀ ਹੋਇਆ ਹੈ। ਇਸ ਕਾਨੂੰਨ ਦੇ ਨਾਲ ਹੀ Federal Motor Carrier Safety Administration (FMCSA) ਦੀਆਂ ਨਵੀਆਂ ਹਦਾਇਤਾਂ ਵੀ ਲਾਗੂ ਕੀਤੀਆਂ ਗਈਆਂ ਹਨ। ਹੁਣ ਗੈਰ-ਨਿਵਾਸੀ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਦੱਖਲਤਾ ਅਤੇ ਪੂਰੇ ਕਾਨੂੰਨੀ ਦਸਤਾਵੇਜ਼ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਕਾਰ ਦੇ ਅਨੁਸਾਰ ਇਹ ਕਦਮ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਵਪਾਰਕ ਵਾਹਨਾਂ ਨਾਲ ਜੁੜੇ ਹਾਦਸਿਆਂ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ।
ਨਵੇਂ ਨਿਯਮ ਸਿਰਫ਼ ਡਰਾਈਵਰਾਂ ਤੱਕ ਸੀਮਿਤ ਨਹੀਂ ਰਹੇ, ਸਗੋਂ ਟਰੱਕਿੰਗ ਕੰਪਨੀਆਂ ਲਈ ਵੀ ਸਖ਼ਤ ਚੇਤਾਵਨੀ ਲੈ ਕੇ ਆਏ ਹਨ। ਜੇ ਕੋਈ ਕੰਪਨੀ ਬਿਨਾਂ ਪੂਰੇ ਦਸਤਾਵੇਜ਼ਾਂ ਵਾਲੇ ਡਰਾਈਵਰਾਂ ਨੂੰ ਨੌਕਰੀ ਦਿੰਦੀ ਹੈ, ਤਾਂ ਉਸ ਨੂੰ $50,000 ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ ਅਤੇ ਝੂਠੀ ਜਾਣਕਾਰੀ ਦੇਣ 'ਤੇ ਅਪਰਾਧਿਕ ਕਾਰਵਾਈ ਵੀ ਹੋ ਸਕਦੀ ਹੈ। ਪਹਿਲਾਂ ਵਰਕ ਪਰਮਿਟ ਅਤੇ ਸੋਸ਼ਲ ਸਕਿਓਰਿਟੀ ਨੰਬਰ ਦੇ ਆਧਾਰ 'ਤੇ CDL ਜਾਰੀ ਹੁੰਦੇ ਸਨ, ਪਰ ਹੁਣ ਇਸ ਪ੍ਰਕਿਰਿਆ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ, ਜਿਸ ਨਾਲ ਪ੍ਰਵਾਸੀ ਡਰਾਈਵਰਾਂ ਲਈ ਭਵਿੱਖ ਹੋਰ ਅਣਿਸ਼ਚਿਤ ਬਣ ਗਿਆ ਹੈ।
Get all latest content delivered to your email a few times a month.