ਤਾਜਾ ਖਬਰਾਂ
ਅਮਰੀਕਾ ਦੇ ਇੰਡਿਆਨਾ ਸੂਬੇ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੂਬਾ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕਰਦਿਆਂ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 1790 ਡਰਾਈਵਰਾਂ ਦੇ ਡਰਾਈਵਿੰਗ ਲਾਈਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਡਰਾਈਵਰਾਂ ਦੀ ਹੈ, ਜਿਸ ਕਾਰਨ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਹੜਕੰਪ ਮਚ ਗਿਆ ਹੈ।
ਇੰਡਿਆਨਾ ਦੇ ਗਵਰਨਰ ਮਾਈਕ ਬ੍ਰਾਊਨ ਵੱਲੋਂ ਇਸ ਮਹੀਨੇ ਸਖ਼ਤ 'ਹਾਊਸ ਏਨਲਰੋਲਡ ਐਕਟ' ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਕਾਨੂੰਨ ਦੇ ਲਾਗੂ ਹੁੰਦਿਆਂ ਹੀ ਉਨ੍ਹਾਂ ਸਾਰੇ ਵਿਅਕਤੀਆਂ ਦੇ ਲਾਈਸੈਂਸ ਐਕਸਪਾਇਰ (ਰੱਦ) ਕਰ ਦਿੱਤੇ ਗਏ ਹਨ, ਜੋ ਵੈਧ ਵੀਜ਼ਾ ਦਸਤਾਵੇਜ਼ਾਂ ਤੋਂ ਬਿਨਾਂ ਅਮਰੀਕਾ ਵਿੱਚ ਰਹਿ ਰਹੇ ਸਨ। ਇਨ੍ਹਾਂ ਪ੍ਰਭਾਵਿਤ ਡਰਾਈਵਰਾਂ ਨੂੰ 16 ਮਾਰਚ ਨੂੰ ਹੀ ਅਧਿਕਾਰਤ ਨੋਟਿਸ ਜਾਰੀ ਕਰ ਦਿੱਤੇ ਗਏ ਸਨ।
ਗਵਰਨਰ ਬ੍ਰਾਊਨ ਨੇ ਇਸ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਕੀਤੇ ਗਏ ਲਗਾਤਾਰ ਸੜਕੀ ਹਾਦਸਿਆਂ ਤੋਂ ਬਾਅਦ ਚੁੱਕਿਆ ਗਿਆ ਹੈ। ਉਨ੍ਹਾਂ ਮੁਤਾਬਕ, "ਸਾਡਾ ਉਦੇਸ਼ ਬਿਨਾਂ ਸਿਖਲਾਈ ਅਤੇ ਅਯੋਗ ਡਰਾਈਵਰਾਂ ਨੂੰ ਸੜਕਾਂ ਤੋਂ ਹਟਾ ਕੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।"
ਜ਼ਿਕਰਯੋਗ ਹੈ ਕਿ ਇੰਡਿਆਨਾ ਅਮਰੀਕਾ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਇਸ ਤਰ੍ਹਾਂ ਦੀ ਸਖ਼ਤ ਮੁਹਿੰਮ ਵਿੱਢੀ ਹੈ।
ਇਸ ਦੌਰਾਨ, ਇੰਡਿਆਨਾ ਦੇ ਅਟਾਰਨੀ ਜਨਰਲ ਟੌਡ ਰਾਕੀਟਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਕਾਰਵਾਈ ਦਾ ਮਕਸਦ ਕਿਸੇ ਖ਼ਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ। ਉਨ੍ਹਾਂ ਕਿਹਾ, "ਅਸੀਂ ਸਿਰਫ਼ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਟੀਅਰਿੰਗ ਵ੍ਹੀਲ ਦੇ ਪਿੱਛੇ ਬੈਠਾ ਹਰ ਵਿਅਕਤੀ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਹੋਵੇ ਅਤੇ ਕਾਨੂੰਨੀ ਤੌਰ 'ਤੇ ਵਾਹਨ ਚਲਾਉਣ ਦਾ ਅਧਿਕਾਰ ਰੱਖਦਾ ਹੋਵੇ।"
ਇਸ ਨਵੇਂ ਕਾਨੂੰਨ ਕਾਰਨ 1790 ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਟਰੱਕਿੰਗ ਇੰਡਸਟਰੀ ਵਿੱਚ ਪੰਜਾਬੀਆਂ ਦੀ ਵੱਡੀ ਭੂਮਿਕਾ ਹੋਣ ਕਾਰਨ ਇਸ ਫੈਸਲੇ ਦਾ ਅਸਰ ਸਪਲਾਈ ਚੇਨ 'ਤੇ ਵੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬੀ ਸੰਗਠਨਾਂ ਵੱਲੋਂ ਇਸ ਕਾਰਵਾਈ 'ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
Get all latest content delivered to your email a few times a month.