ਤਾਜਾ ਖਬਰਾਂ
ਚੰਡੀਗੜ੍ਹ: ਭਾਰਤੀ ਰੇਲਵੇ ਨੇ ਪੰਜਾਬ ਦੇ ਲੋਕਾਂ ਨੂੰ ਦੋ ਵੱਡੀਆਂ ਸੌਗਾਤਾਂ ਦਿੱਤੀਆਂ ਹਨ। ਇੱਕ ਪਾਸੇ ਜਿੱਥੇ ਲੰਬੇ ਸਮੇਂ ਤੋਂ ਲਟਕਿਆ ਚੰਡੀਗੜ੍ਹ-ਰਾਜਪੁਰਾ ਰੇਲਵੇ ਟ੍ਰੈਕ ਹੁਣ ਬਣੇਗਾ, ਉੱਥੇ ਹੀ ਫਿਰੋਜ਼ਪੁਰ ਤੋਂ ਦਿੱਲੀ ਲਈ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਵੀ ਮਨਜ਼ੂਰੀ ਮਿਲੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਮੌਜੂਦਗੀ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ।
ਰਾਜਪੁਰਾ-ਮੋਹਾਲੀ ਨਵੀਂ ਰੇਲਵੇ ਲਾਈਨ
ਨਵਾਂ ਬਣਨ ਵਾਲਾ ਚੰਡੀਗੜ੍ਹ-ਰਾਜਪੁਰਾ ਰੇਲਵੇ ਟ੍ਰੈਕ, ਜਿਸ ਦੀ ਲੰਬਾਈ 18 ਕਿਲੋਮੀਟਰ ਹੋਵੇਗੀ, ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਖਾਸ ਤੌਰ 'ਤੇ ਫਾਇਦਾ ਹੋਵੇਗਾ। ਇਹ ਟ੍ਰੈਕ ਫਤਿਹਗੜ੍ਹ ਸਾਹਿਬ, ਅੰਬਾਲਾ, ਪਟਿਆਲਾ ਅਤੇ ਮੋਹਾਲੀ ਤੋਂ ਹੋ ਕੇ ਜਾਵੇਗਾ। ਇਸ ਪ੍ਰਾਜੈਕਟ 'ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਲਾਈਨ ਦੇ ਬਣਨ ਨਾਲ ਰਾਜਪੁਰਾ ਦੇ ਸਰਾਇਆ ਬੰਜਾਰਾ ਸਟੇਸ਼ਨ ਤੋਂ ਸਿੱਧੇ ਰੇਲਵੇ ਦੀ ਸੁਵਿਧਾ ਮਿਲੇਗੀ, ਜਿਸ ਨਾਲ ਲੋਕਾਂ ਦੀ ਯਾਤਰਾ ਦੀ ਦੂਰੀ 18 ਕਿਲੋਮੀਟਰ ਘੱਟ ਹੋ ਜਾਵੇਗੀ।
ਫਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਐਕਸਪ੍ਰੈਸ
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਚੱਲਣ ਵਾਲੀ ਇਹ ਵੰਦੇ ਭਾਰਤ ਟਰੇਨ ਹਫਤੇ ਵਿੱਚ ਛੇ ਦਿਨ ਚੱਲੇਗੀ। ਇਹ ਫਿਰੋਜ਼ਪੁਰ ਕੈਂਟ ਤੋਂ ਸ਼ੁਰੂ ਹੋ ਕੇ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਨੀਪਤ ਹੁੰਦੀ ਹੋਈ ਦਿੱਲੀ ਪਹੁੰਚੇਗੀ। ਇਹ 486 ਕਿਲੋਮੀਟਰ ਦਾ ਸਫਰ ਸਿਰਫ 6 ਘੰਟੇ 40 ਮਿੰਟ ਵਿੱਚ ਪੂਰਾ ਕਰੇਗੀ। ਟਰੇਨ ਸਵੇਰੇ 7:55 ਵਜੇ ਫਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 2:30 ਵਜੇ ਦਿੱਲੀ ਪਹੁੰਚੇਗੀ। ਵਾਪਸੀ 'ਤੇ, ਇਹ ਸ਼ਾਮ 4:00 ਵਜੇ ਦਿੱਲੀ ਤੋਂ ਚੱਲ ਕੇ ਰਾਤ 10:35 ਵਜੇ ਫਿਰੋਜ਼ਪੁਰ ਪਹੁੰਚੇਗੀ।
ਪੰਜਾਬ ਵਿੱਚ ਰੇਲਵੇ ਦਾ ਵਿਕਾਸ
ਮੰਤਰੀ ਨੇ ਦੱਸਿਆ ਕਿ 2014 ਤੋਂ ਬਾਅਦ ਪੰਜਾਬ ਵਿੱਚ ਰੇਲਵੇ ਲਈ ਬਜਟ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ। ਜਿੱਥੇ ਪਹਿਲਾਂ 225 ਕਰੋੜ ਰੁਪਏ ਮਿਲਦੇ ਸਨ, ਉੱਥੇ ਹੁਣ ਇਹ ਬਜਟ ਵਧ ਕੇ 5,421 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ, ਪੰਜਾਬ ਵਿੱਚ 407 ਅੰਡਰਪਾਸ ਅਤੇ ਫਲਾਈਓਵਰ ਬਣਾਏ ਗਏ ਹਨ ਅਤੇ 30 ਨਵੇਂ 'ਅੰਮ੍ਰਿਤ ਸਟੇਸ਼ਨ' ਬਣਾਉਣ ਦੀ ਯੋਜਨਾ ਹੈ। ਸੂਬੇ ਦੀ 1,634 ਕਿਲੋਮੀਟਰ ਰੇਲਵੇ ਲਾਈਨ ਦਾ ਪੂਰੀ ਤਰ੍ਹਾਂ ਬਿਜਲੀਕਰਨ ਵੀ ਹੋ ਚੁੱਕਾ ਹੈ।
Get all latest content delivered to your email a few times a month.