ਤਾਜਾ ਖਬਰਾਂ
ਹਰਿਆਣਾ ਪੁਲਿਸ ਨੇ ਸਾਈਬਰ ਅਪਰਾਧ ਦੇ ਖ਼ਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਠੱਗ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਡੀ.ਸੀ.ਪੀ. ਕ੍ਰਾਈਮ ਮਨਪ੍ਰੀਤ ਸੂਦਨ ਅਤੇ ਡੀ.ਸੀ.ਪੀ. ਲਾਅ ਐਂਡ ਆਰਡਰ ਦੀ ਅਗਵਾਈ ਹੇਠ ਸਾਈਬਰ ਥਾਣਾ ਅਤੇ ਚੰਡੀ ਮੰਦਿਰ ਪੁਲਿਸ ਨੇ ਪੰਚਕੂਲਾ ਆਈ.ਟੀ. ਪਾਰਕ ਵਿਚ ਚੱਲ ਰਹੇ ਤਿੰਨ ਜਾਅਲੀ ਕਾਲ ਸੈਂਟਰਾਂ 'ਤੇ 15 ਘੰਟੇ ਤੱਕ ਛਾਪੇਮਾਰੀ ਕੀਤੀ। ਇਸ ਦੌਰਾਨ 85 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਮਾਲਕ ਅਤੇ ਕਰਮਚਾਰੀ ਦੋਵੇਂ ਸ਼ਾਮਿਲ ਹਨ।
ਜਾਂਚ ਵਿਚ ਖੁਲਾਸਾ ਹੋਇਆ ਕਿ ਇਹ ਕਾਲ ਸੈਂਟਰ ਅਮਰੀਕਾ ਅਤੇ ਯੂਰਪ ਦੇ ਨਾਗਰਿਕਾਂ ਨਾਲ ਧੋਖਾਧੜੀ ਕਰਨ ਵਿੱਚ ਲੱਗੇ ਹੋਏ ਸਨ। ਕਰਮਚਾਰੀ ਆਪਣੇ ਆਪ ਨੂੰ ਹੈਲਪ ਡੈਸਕ ਸਟਾਫ ਜਾਂ ਵੱਖ-ਵੱਖ ਸੇਵਾਵਾਂ ਦੇ ਪ੍ਰਤੀਨਿਧ ਵਜੋਂ ਪੇਸ਼ ਕਰਦੇ ਸਨ ਅਤੇ ਲੋਕਾਂ ਨੂੰ ਫ਼ਰਜ਼ੀ ਸਕੀਮਾਂ, ਆਫ਼ਰਾਂ ਅਤੇ ਯੋਜਨਾਵਾਂ ਦਾ ਲਾਲਚ ਦੇ ਕੇ ਉਨ੍ਹਾਂ ਦੀ ਨਿੱਜੀ ਅਤੇ ਬੈਂਕਿੰਗ ਜਾਣਕਾਰੀ ਹਾਸਲ ਕਰ ਲੈਂਦੇ ਸਨ। ਇਹ ਡਾਟਾ ਅੱਗੇ ਸੰਗਠਿਤ ਅਪਰਾਧੀਆਂ ਨੂੰ ਵੇਚਿਆ ਜਾਂਦਾ ਸੀ।
ਪੁਲਿਸ ਦੇ ਮੁਤਾਬਕ, ਪੀੜਤਾਂ ਨੂੰ ਆਨਲਾਈਨ ਕੂਪਨ ਖਰੀਦਣ ਲਈ ਵੀ ਮਜਬੂਰ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਬਿਟਕੋਇਨ ਵਿੱਚ ਬਦਲ ਕੇ ਹਵਾਲਾ ਨੈੱਟਵਰਕ ਰਾਹੀਂ ਪੈਸਾ ਮੰਗਵਾਇਆ ਜਾਂਦਾ ਸੀ। ਕਾਰਵਾਈ ਦੌਰਾਨ 150 ਕੰਪਿਊਟਰ, 140 ਮੋਬਾਇਲ ਅਤੇ 12 ਲੱਖ ਰੁਪਏ ਦੀ ਨਕਦੀ ਸਮੇਤ ਕਈ ਡਿਜੀਟਲ ਉਪਕਰਣ ਬਰਾਮਦ ਕੀਤੇ ਗਏ ਹਨ। ਵੱਖ-ਵੱਖ ਕਾਲ ਸੈਂਟਰਾਂ ਤੋਂ ਲੈਪਟਾਪ, ਮੋਬਾਈਲ ਅਤੇ ਲੱਖਾਂ ਰੁਪਏ ਜ਼ਬਤ ਹੋਏ।
ਇਸ ਮਾਮਲੇ ਵਿੱਚ ਪੰਚਕੂਲਾ ਪੁਲਿਸ ਵੱਲੋਂ ਤਿੰਨ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਰੋਹ ਦੀਆਂ ਜੜ੍ਹਾਂ ਭਾਰਤ ਤੋਂ ਬਾਹਰ ਵੀ ਫੈਲੀਆਂ ਹੋ ਸਕਦੀਆਂ ਹਨ। ਇਹ ਕਾਰਵਾਈ ਸਾਈਬਰ ਅਪਰਾਧਾਂ ਵਿਰੁੱਧ ਹਰਿਆਣਾ ਪੁਲਿਸ ਦੀ ਸਖ਼ਤ ਨਿਗਰਾਨੀ ਅਤੇ ਵਚਨਬੱਧਤਾ ਦੀ ਵੱਡੀ ਮਿਸਾਲ ਹੈ।
Get all latest content delivered to your email a few times a month.