IMG-LOGO
ਹੋਮ ਪੰਜਾਬ: ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 'ਦਿ ਪੰਜਾਬ ਪ੍ਰੋਟੈਕਸ਼ਨ...

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 'ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025' ਦਾ ਖਰੜਾ ਕੀਤਾ ਜਾ ਰਿਹਾ ਹੈ ਤਿਆਰ

Admin User - Aug 21, 2025 07:03 PM
IMG

ਹਰਿਆਵਲ ਨੂੰ ਬਰਕਰਾਰ ਰੱਖਣ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣ ਅਤੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਬਣਾਇਆ ਜਾ ਰਿਹਾ ਹੈ ਇਹ ਐਕਟ

ਮਨੁੱਖੀ ਜੀਵਨ ਲਈ ਖ਼ਤਰਾ ਪੈਦਾ ਕਰਨ ਵਾਲੇ ਸੁੱਕੇ, ਮਰੇ ਹੋਏ ਅਤੇ ਖ਼ਤਰਨਾਕ ਰੁੱਖਾਂ ਦਾ ਪੜਾਅਵਾਰ ਢੰਗ ਨਾਲ ਕੀਤਾ ਜਾ ਰਿਹਾ ਹੈ ਨਿਪਟਾਰਾ

80.5 ਲੱਖ ਬੂਟੇ ਲਗਾਉਣ ਦੇ ਟੀਚੇ ਦੇ ਮੁਕਾਬਲੇ 90 ਲੱਖ ਬੂਟੇ ਲਗਾਏ

ਚੰਡੀਗੜ੍ਹ, 21 ਅਗਸਤ:

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਵੱਲੋਂ 'ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025' ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਜਿਸਦਾ ਉਦੇਸ਼ ਹਰਿਆਲੀ ਨੂੰ ਬਰਕਰਾਰ ਰੱਖਣਾ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣਾ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਮਿੱਟੀ ਦੀ ਸੰਭਾਲ ਕਰਨਾ ਹੈ।

ਇਸ ਐਕਟ ਦਾ ਵਿਸਥਾਰ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ ਤੱਕ ਕੀਤਾ ਜਾ ਸਕੇਗਾ। ਐਕਟ ਮੁਤਾਬਿਕ, ਨਗਰ ਕੌਂਸਲ, ਨਗਰ ਨਿਗਮ, ਨੋਟੀਫਾਈਡ ਏਰੀਆ ਕਮੇਟੀ, ਟਾਊਨ ਏਰੀਆ ਕਮੇਟੀ ਜਾਂ ਕਿਸੇ ਵੀ ਸ਼ਹਿਰੀ ਵਿਕਾਸ ਅਥਾਰਟੀ/ਸਰਕਾਰੀ ਸੰਸਥਾ ਦੀਆਂ ਸੀਮਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਸ ਵਿੱਚ ਇੱਕ ਟ੍ਰੀ ਅਫਸਰ ਦੀ ਵਿਵਸਥਾ ਵੀ ਹੈ ਜੋ ਪੰਜਾਬ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਦਾ ਇੱਕ ਕਾਰਜਕਾਰੀ ਅਫਸਰ ਜਾਂ ਸੂਬਾ ਸਰਕਾਰ ਵੱਲੋਂ ਨੋਟੀਫਾਈ ਕੋਈ ਹੋਰ ਅਧਿਕਾਰੀ ਹੋਵੇਗਾ।

ਐਕਟ ਦੀ ਧਾਰਾ 4 ਅਨੁਸਾਰ, ਕੋਈ ਵੀ ਵਿਅਕਤੀ ਸ਼ਹਿਰੀ ਖੇਤਰਾਂ ਵਿੱਚ ਖੜ੍ਹਾ ਕੋਈ ਵੀ ਰੁੱਖ ਨਹੀਂ ਕੱਟੇਗਾ ਅਤੇ ਕਿਸੇ ਵੀ ਸ਼ਹਿਰੀ ਖੇਤਰ ਵਿੱਚ ਮਨੁੱਖੀ ਦਖਲਅੰਦਾਜ਼ੀ ਤੋਂ ਬਿਨਾਂ ਪੂਰੀ ਤਰ੍ਹਾਂ ਮਰ ਚੁੱਕੇ ਜਾਂ ਡਿੱਗ ਚੁੱਕੇ ਰੁੱਖ ਤੋਂ ਇਲਾਵਾ ਕਿਸੇ ਵੀ ਹੋਰ ਰੁੱਖ ਨੂੰ ਨਹੀਂ ਕੱਟੇਗਾ, ਨਾ ਹੀ ਹਟਾਏਗਾ ਤੇ ਨਾ ਹੀ ਨਿਪਟਾਰਾ ਕਰੇਗਾ। ਐਕਟ ਦੀ ਧਾਰਾ 5 ਵਿੱਚ ਕੁਝ ਉਪਬੰਧ ਅਤੇ ਖਾਸ ਸ਼ਰਤਾਂ ਸ਼ਾਮਿਲ ਹਨ ਜਿਨ੍ਹਾਂ ਮੁਤਾਬਕ ਰੁੱਖ ਨੂੰ ਕੱਟਿਆ ਜਾ ਸਕਦਾ ਹੈ ਜਦੋਂ ਕਿ ਧਾਰਾ 9, ਧਾਰਾ 4 ਦੀ ਉਲੰਘਣਾ ਦੀ ਸੂਰਤ ਵਿੱਚ ਰੁੱਖਾਂ ਨੂੰ ਕੱਟਣ ਜਾਂ ਹਟਾਉਣ ਲਈ ਪੈਨੇਲਟੀ ਨਾਲ ਸੰਬੰਧਿਤ ਹੈ।

ਅੱਜ ਇੱਥੇ ਜੰਗਲਾਤ ਭਵਨ ਵਿਖੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਇੰਚਾਰਜ ਲਾਲ ਚੰਦ ਕਟਾਰੂਚੱਕ ਨੂੰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਜੀਵਨ ਲਈ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਸੁੱਕੇ, ਮਰੇ ਹੋਏ ਅਤੇ ਖਤਰਨਾਕ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ 25000 ਸੁੱਕੇ ਰੁੱਖ ਕੱਟੇ ਜਾਣਗੇ।

ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਪੌਦੇ ਲਗਾਉਣ ਦੇ ਟੀਚੇ ਨੂੰ ਪਾਰ ਕਰਨ ਦੇ ਸਬੰਧ ਵਿੱਚ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਹੁਣ ਤੱਕ 90 ਲੱਖ ਬੂਟੇ ਲਗਾਏ ਜਾ ਚੁੱਕੇ ਹਨ ਜਦੋਂ ਕਿ ਬੂਟੇ ਲਗਾਉਣ ਦਾ ਅਸਲ ਟੀਚਾ 80.5 ਲੱਖ ਸੀ। ਹਰੇਕ ਜ਼ਿਲ੍ਹੇ ਵਿੱਚ 3.50 ਲੱਖ ਬੂਟੇ ਲਗਾਉਣ ਦੀ ਯੋਜਨਾ ਉਲੀਕੀ ਗਈ ਸੀ।

ਮੰਤਰੀ ਨੇ ਰੋਪੜ (ਸ੍ਰੀ ਆਨੰਦਪੁਰ ਸਾਹਿਬ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ), ਸ਼ਹੀਦ ਭਗਤ ਸਿੰਘ ਨਗਰ (ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਦੇ ਆਲੇ ਦੁਆਲੇ ਦੇ ਖੇਤਰ 'ਤੇ ਧਿਆਨ ਕੇਂਦਰਿਤ ਕਰਦੇ ਹੋਏ), ਸੰਗਰੂਰ, ਪਠਾਨਕੋਟ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਹਾਈਵੇਅ ਦੇ ਸੱਜੇ-ਖੱਬੇ ਦੋਵੇਂ ਪਾਸੇ ਪੌਦੇ ਲਗਾਉਣ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਵੀਡੀਓ ਕਾਨਫਰੰਸਿੰਗ ਰਾਹੀਂ ਡੀ.ਐਫ.ਓਜ਼ ਨਾਲ ਗੱਲਬਾਤ ਕਰਦਿਆਂ ਅਤੇ ਸੰਗਰੂਰ ਵਿਖੇ ਇਸ ਸਬੰਧੀ ਠੋਸ ਕਦਮ ਚੁੱਕਣ ਦੀ ਪ੍ਰਸ਼ੰਸਾ ਕਰਦਿਆਂ, ਸ੍ਰੀ ਕਟਾਰੂਚੱਕ ਨੇ ਸਾਰਿਆਂ ਨੂੰ ਪੂਰੇ ਜੋਸ਼ ਅਤੇ ਸਮਰਪਣ ਨਾਲ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਕਿਹਾ।

ਇਸ ਮੌਕੇ ਮੰਤਰੀ ਨੇ ਸਵਰਗੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਵਿਤਾ ਮੁਕਾਬਲਿਆਂ ਦੇ ਸਬੰਧ ਵਿੱਚ ਸ਼੍ਰੇਣੀਆਂ ਦੇ ਮੁੜ ਵਰਗੀਕਰਨ ਨੂੰ ਵੀ ਪ੍ਰਵਾਨਗੀ ਦਿੱਤੀ। ਸੋਧ ਅਨੁਸਾਰ ਹੁਣ ਪ੍ਰਾਇਮਰੀ ਸ਼੍ਰੇਣੀ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ, ਸੈਕੰਡਰੀ ਸ਼੍ਰੇਣੀ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਸ਼ਾਮਲ ਹੋਵੇਗੀ ਜਦੋਂ ਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਨੂੰ ਸੀਨੀਅਰ ਸੈਕੰਡਰੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ ਚੇਅਰਮੈਨ ਰਾਕੇਸ਼ ਪੁਰੀ, ਜੰਗਲਾਤ ਵਿਭਾਗ ਦੇ ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਫੋਰਸ ਦੇ ਮੁਖੀ) ਧਰਮਿੰਦਰ ਸ਼ਰਮਾ, ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ ਐਮ ਡੀ ਪਰਵੀਨ ਕੁਮਾਰ, ਏ.ਪੀ.ਸੀ.ਸੀ.ਐਫ. ਕਮ ਸੀ.ਈ.ਓ. ਪਨਕੈਂਪਾ ਸੌਰਵ ਗੁਪਤਾ, ਏ.ਪੀ.ਸੀ.ਸੀ.ਐਫ. (ਪ੍ਰਬੰਧਨ) ਬਸੰਤਾ ਰਾਜ ਕੁਮਾਰ, ਸੀ.ਸੀ.ਐਫ. (ਹਿੱਲਸ) ਨਿਧੀ ਸ੍ਰੀਵਾਸਤਵ, ਅਤੇ ਸੀ.ਸੀ.ਐਫ. ਜੰਗਲੀ ਜੀਵ ਸਾਗਰ ਸੇਤੀਆ ਸ਼ਾਮਿਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.