IMG-LOGO
ਹੋਮ ਪੰਜਾਬ: 79ਵੇਂ ਅਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਨੇ ਗੁਰਦਾਸਪੁਰ ਵਿਖੇ ਕੌਮੀ...

79ਵੇਂ ਅਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਨੇ ਗੁਰਦਾਸਪੁਰ ਵਿਖੇ ਕੌਮੀ ਝੰਡਾ ਲਹਿਰਾਇਆ, ਕਿਹਾ- ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ

Admin User - Aug 15, 2025 08:41 PM
IMG

ਚੰਡੀਗੜ੍ਹ/ਗੁਰਦਾਸਪੁਰ, 15 ਅਗਸਤ: ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਟੇਡੀਅਮ ਵਿਖੇ ਅੱਜ 79ਵਾਂ ਅਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸੂਬੇ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਇਸ ਜ਼ਿਲ੍ਹਾ ਪੱਧਰੀ ਅਜ਼ਾਦੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਹੋਰਨਾਂ ਸ਼ਖ਼ਸੀਅਤਾਂ ਸਮੇਤ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਦੇ ਬੁੱਤ ਅਤੇ ਸਟੇਡੀਅਮ ਵਿੱਚ ਬਣੀ ਸ਼ਹੀਦੀ ਗੈਲਰੀ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਗੁਰਦਾਸਪੁਰ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲ਼ੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ 'ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਅਹੁਦੇ ਦੀ ਸਹੁੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੀ ਚੁੱਕੀ ਸੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਰੱਖਿਆ ਗਿਆ ਤੇ ਸ਼ਹੀਦ-ਏ-ਆਜ਼ਮ ਦਾ ਬੁੱਤ ਸਥਾਪਤ ਕੀਤਾ ਗਿਆ ਹੈ।

ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗੱਲ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਨਾਲ 90 ਫ਼ੀਸਦੀ ਖਪਤਕਾਰਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮਾਨ ਸਰਕਾਰ 55 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਅਤੇ 200 ਹੋਰ ਨਵੇਂ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇੱਥੇ ਮੁਫ਼ਤ ਦਵਾਈਆਂ ਤੇ ਮੁਫ਼ਤ ਟੈੱਸਟ ਕੀਤੇ ਜਾਂਦੇ ਹਨ। ਸ. ਮੁੰਡੀਆਂ ਨੇ ਕਿਹਾ ਕਿ ਹੁਣ ਸਾਡੀ ਸਰਕਾਰ ਵੱਲੋਂ 2 ਅਕਤੂਬਰ ਤੋਂ ਹਰ ਸੂਬਾ ਵਾਸੀ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਕਰਨ ਦਾ ਇਤਿਹਾਸਕ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਜੰਗੀ ਪੱਧਰ ਉੱਤੇ ਜਾਰੀ ਹੈ ਅਤੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਾਡੀ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਹੈ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮਾਲ ਵਿਭਾਗ ਵਿੱਚ ਹੀ ਤਹਿਸੀਲਦਾਰਾਂ ਤੋਂ ਲੈ ਕੇ ਰਜਿਸਟਰੀ ਕਲਰਕਾਂ ਦੀਆਂ ਬਦਲੀਆਂ ਕਰਕੇ ਨੈਕਸਸ ਤੋੜਿਆ। ਈਜ਼ੀ ਰਜਿਸਟਰੀ ਤੇ ਈਜ਼ੀ ਜਮ੍ਹਾਂਬੰਦੀ ਜਿਹੀ ਸੁਵਿਧਾਵਾਂ ਨਾਲ ਲੋਕਾਂ ਨੂੰ ਸੁਖਾਲ਼ੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਰਾਜ ਸਰਕਾਰ ਨੇ 118 'ਸਕੂਲ ਆਫ਼ ਐਮੀਨੈਂਸ' ਸ਼ੁਰੂ ਕੀਤੇ ਹਨ ਅਤੇ ਸਿੱਖਿਆ ਕ੍ਰਾਂਤੀ ਤਹਿਤ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟਰੇਨਿੰਗ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਦੇਸ਼ ਭਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਉੱਤੇ ਆਇਆ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਵੱਲੋਂ 100 ਫ਼ੀਸਦੀ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ ਜਲ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸਾਡੀ ਰੀੜ੍ਹ ਦੀ ਹੱਡੀ ਹੈ ਅਤੇ ਰਾਜ ਸਰਕਾਰ ਨੇ ਬੰਦ ਪਏ 14 ਹਜ਼ਾਰ ਨਹਿਰੀ ਖਾਲ ਸ਼ੁਰੂ ਕਰਵਾ ਕੇ ਟੇਲਾਂ ਤੱਕ ਪਾਣੀ ਪਹੁੰਚਾਇਆ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਐੱਸ.ਐੱਸ.ਐਫ. ਜਿਹੀ ਨਿਵੇਕਲੀ ਪੁਲਿਸ ਫੋਰਸ ਬਣਾਈ ਹੈ ਜੋ ਸੜਕੀ ਹਾਦਸੇ ਦੇ ਪੀੜਤਾਂ ਦੀਆਂ ਜਾਨਾਂ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਨਿਵੇਸ਼ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਉਦਯੋਗਪਤੀਆਂ ਲਈ ਓ.ਟੀ.ਐੱਸ. ਸਕੀਮ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਲਈ ਨਵੀਂ ਖੇਡ ਨੀਤੀ ਬਣਾਈ ਗਈ ਹੈ। 'ਖੇਡਾਂ ਵਤਨ ਪੰਜਾਬ ਦੀਆਂ' ਸ਼ੁਰੂ ਕੀਤੀਆਂ ਗਈਆਂ ਹਨ ਅਤੇ ਖੇਡ ਨਰਸਰੀਆਂ ਅਤੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਉਲੰਪਿਕਸ, ਏਸ਼ੀਅਨ, ਕਾਮਨਵੈਲਥ ਤੇ ਨੈਸ਼ਨਲ ਗੇਮਜ਼ ਦੇ ਜੇਤੂਆਂ ਨੂੰ 100 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ ਹੈ।  ਮੁੰਡੀਆਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਪ੍ਰਤੀ ਪਰਿਵਾਰ ਇਕ ਕਰੋੜ ਰੁਪਏ ਦੀ ਮਾਇਕ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਆ ਰਿਹਾ ਹੈ ਜਿਸ ਨੂੰ ਪੰਜਾਬ ਸਰਕਾਰ ਵੱਡੇ ਪੱਧਰ ਉੱਤੇ ਸ਼ਰਧਾ ਨਾਲ ਮਨਾਉਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਬਪੱਖੀ ਵਿਕਾਸ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਨੇ ਪੰਜਾਬ ਤੇ ਦੇਸ਼ ਨੂੰ ਵੱਡੇ ਨਾਮੀ ਖਿਡਾਰੀ ਤੇ ਲੇਖਕ ਅਤੇ ਸੈਨਿਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਗੁਰਦਾਸਪੁਰ ਵਿਖੇ 14.92 ਕਰੋੜ ਰੁਪਏ ਦੀ ਲਾਗਤ ਨਾਲ 'ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਅੱਡਾ' ਬਣਾਇਆ ਹੈ। ਇਸ ਤੋਂ ਇਲਾਵਾ 21 ਕਰੋੜ ਰੁਪਏ ਦੀ ਲਾਗਤ ਨਾਲ ਤਿੱਬੜੀ ਰੋਡ 'ਤੇ ਅੰਡਰ ਰੇਲਵੇ ਬਰਿੱਜ ਬਣਾਇਆ ਗਿਆ ਹੈ। ਦੀਨਾਨਗਰ ਵਿਖੇ 9 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਤਹਿਸੀਲ ਕੰਪਲੈਕਸ ਅਤੇ ਸਬ-ਤਹਿਸੀਲ ਦਾ ਦਫ਼ਤਰ ਬਣਾਇਆ ਗਿਆ ਹੈ। ਕਲਾਨੌਰ ਵਿਖੇ 6.61 ਕਰੋੜ ਅਤੇ ਬਟਾਲਾ ਵਿਖੇ 11 ਕਰੋੜ ਰੁਪਏ ਦਾ ਨਵਾਂ ਤਹਿਸੀਲ ਕੰਪਲੈਕਸ ਬਣਾਏ ਗਏ ਹਨ ਜੋ ਜਲਦ ਲੋਕ ਅਰਪਣ ਕੀਤੇ ਜਾਣਗੇ। ਨਬੀਪੁਰ ਡਰੇਨ ਨੂੰ 5.70 ਕਰੋੜ ਰੁਪਏ ਦੀ ਲਾਗਤ ਨਾਲ ਪੱਕਿਆਂ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਵਿਖੇ ਸਿਹਤ ਸਹੂਲਤਾਂ ਉੱਪਰ 31 ਕਰੋੜ ਰੁਪਏ ਤੋਂ ਵੱਧ ਖ਼ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 62 ਆਮ ਆਦਮੀ ਕਲੀਨਿਕ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ। ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਸ਼ੁਰੂ ਕਰਕੇ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੁੜ ਸੂਬੇ ਨੂੰ 'ਰੰਗਲਾ ਪੰਜਾਬ, ਹੱਸਦਾ ਖੇਡਦਾ ਤੇ ਖ਼ੁਸ਼ਹਾਲ ਪੰਜਾਬ' ਬਣਾਉਣ ਲਈ ਤਤਪਰ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਹੋ ਰਹੇ ਹਨ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਟੇਡੀਅਮ ਵਿਖੇ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਅਤੇ ਐੱਸ.ਐੱਸ.ਪੀ. ਸ੍ਰੀ ਆਦਿੱਤਯ ਵੀ ਉਨ੍ਹਾਂ ਦੇ ਨਾਲ ਸਨ। ਡੀ.ਐੱਸ.ਪੀ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਾਟੂਨ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ ਦੀਆਂ ਟੁਕੜੀਆਂ ਅਤੇ ਪੰਜਾਬ ਪੁਲਿਸ ਬੈਂਡ ਟੀਮ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਕੈਬਨਿਟ ਮੰਤਰੀ ਵੱਲੋਂ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਵੀਰ ਨਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਦਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਲੋੜਵੰਦ ਵਿਅਕਤੀਆਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਤਰਫ਼ੋਂ ਮੁਹੱਈਆ ਕਰਵਾਏ ਗਏ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਅਜ਼ਾਦੀ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਨਾ ਲਬਰੇਜ਼ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। 

ਇਸ ਮੌਕੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਿਯੁਕਤ ਹੋਏ 18 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਆਦਿੱਤਯ ਗੁਪਤਾ ਨੂੰ ਓਪਰੇਸ਼ਨ ਸਿੰਧੂਰ ਦੌਰਾਨ ਮਿਸਾਲੀ ਸੇਵਾਵਾਂ ਨਿਭਾਉਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਜ਼ਿਲ੍ਹੇ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਸਮਾਜ ਸੇਵਕਾਂ, ਅਧਿਆਪਕਾਂ, ਡਾਕਟਰਾਂ, ਖਿਡਾਰੀਆਂ ਸਮੇਤ ਹੋਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। 

ਸਮਾਗਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ  ਦਲਵਿੰਦਰਜੀਤ ਸਿੰਘ ਅਤੇ ਐੱਸ.ਐੱਸ.ਪੀ ਗੁਰਦਾਸਪੁਰ ਸ੍ਰੀ ਆਦਿੱਤਯ ਵੱਲੋਂ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਹਰਦੀਪ ਸਿੰਘ ਮੁੰਡੀਆਂ ਦੀ ਧਰਮ ਪਤਨੀ ਸ੍ਰੀਮਤੀ ਸਿਮਰਦੀਪ ਕੌਰ, ਬੇਟਾ ਜਸ਼ਨਦੀਪ ਸਿੰਘ, ਬੇਟੀਆਂ ਅਗਮਦੀਪ ਕੌਰ, ਅਰਸ਼ਦੀਪ ਕੌਰ, ਕੋਮਲਦੀਪ ਕੌਰ ਤੇ ਭਤੀਜਾ ਪ੍ਰਿੰਸ ਸੈਣੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਅਜ਼ਾਦੀ ਸਮਾਗਮ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਡੀ.ਆਈ.ਜੀ.  ਨਾਨਕ ਸਿੰਘ, ਐੱਸ.ਐੱਸ.ਪੀ.  ਆਦਿੱਤਯ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਜੋਬਨ ਰੰਧਾਵਾ, ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾ, ਸ੍ਰੀ ਸ਼ਮਸ਼ੇਰ ਸਿੰਘ ਦੀਨਾਨਗਰ, ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਸ. ਮਨਜੀਤ ਸਿੰਘ ਰਾਜਲਾ, ਸਹਾਇਕ ਕਮਿਸ਼ਨਰ (ਜ) ਸ੍ਰੀ ਆਦਿੱਤਯ ਗੁਪਤਾ, ਐੱਸ.ਪੀ. ਜੁਗਰਾਜ ਸਿੰਘ, ਆਰ.ਟੀ.ਏ. ਨਵਜੋਤ ਸ਼ਰਮਾ, ਸਾਬਕਾ ਪੀ.ਸੀ.ਐੱਸ. ਅਧਿਕਾਰੀ ਓ.ਪੀ. ਵਰਮਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.