IMG-LOGO
ਹੋਮ ਪੰਜਾਬ: ਬਠਿੰਡਾ ਵਿਖੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ...

ਬਠਿੰਡਾ ਵਿਖੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਤਿਰੰਗਾ

Admin User - Aug 15, 2025 06:46 PM
IMG

ਕਿਹਾ, ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਸੰਘਰਸ਼ਾਂ ਕਾਰਨ ਹੀ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ

ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲਾਂ ਦੀ ਕੀਤੀ ਵੰਡ

ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ

ਆਜ਼ਾਦੀ ਘੁਲਾਟੀਆਂ ਅਤੇ ਜੰਗੀ ਵਿਧਵਾਵਾਂ ਦਾ ਕੀਤਾ ਸਨਮਾਨ

ਮਹੰਤ ਗੁਰਬੰਤਾ ਦਾਸ ਸਕੂਲ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਚੰਡੀਗੜ੍ਹ/ਬਠਿੰਡਾ, 15 ਅਗਸਤ:

 ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ, ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਜਲ ਸਰੋਤ, ਖਨਣ ਅਤੇ ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਆਜ਼ਾਦੀ ਦੇ 79ਵੇਂ ਦਿਹਾੜੇ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਬਠਿੰਡਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ ਅਮਿਤ ਰਤਨ ਕੋਟਫੱਤਾ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਅਤੇ ਡੀਆਈਜੀ ਬਠਿੰਡਾ ਰੇਂਜ ਸ. ਹਰਜੀਤ ਸਿੰਘ ਮੌਜੂਦ ਰਹੇ।

ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਸ਼ਾਨਦਾਰ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਐਸਐਸਪੀ ਬਠਿੰਡਾ ਮੈਡਮ ਅਮਨੀਤ ਕੌਂਡਲ ਅਤੇ ਪ੍ਰੇਡ ਕਮਾਂਡਰ ਡੀਐਸਪੀ ਸ਼੍ਰੀ ਇਸ਼ਾਨ ਸਿੰਗਲਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਤੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਸਦਕਾ ਮੁੱਖ ਮੰਤਰੀ ਬਣੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਥੇ ਆਪਣੇ ਅਹੁਦੇ ਦੀ ਸਹੁੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕੀ, ਉੱਥੇ ਹੀ ਇਹ ਫੈਸਲਾ ਕੀਤਾ ਕਿ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਦਾ ਸਾਡੀ ਸਰਕਾਰ ਦਿਲੋਂ ਸਤਿਕਾਰ ਕਰਦੀ ਹੈ। ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਿੱਧੀ ਭਰਤੀ ਵਿੱਚ 13 ਫੀਸਦੀ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ।

ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਸੂਬਾ ਸਰਕਾਰ ਦੀਆਂ ਉਪਲੱਬਦੀਆ ਦੱਸਦਿਆਂ ਕਿਹਾ ਕਿ ਫਾਜ਼ਿਲਕਾ ਵਿੱਚ ਪਾਕਿਸਤਾਨ ਬਾਰਡਰ ਨੇੜੇ ਲੁੱਥਰ ਕੈਨਾਲ ਸਿਸਟਮ, ਤਰਨਤਾਰਨ ਜ਼ਿਲ੍ਹੇ ਵਿੱਚ 30 ਤੋਂ 40 ਵਰ੍ਹੇ ਬਾਅਦ 23 ਨਹਿਰਾਂ ਨੂੰ ਬਹਾਲ ਕੀਤਾ ਗਿਆ ਅਤੇ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਲਗਭਗ 1800 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਈਨ ਮੁੜ ਠੀਕ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਰੂਪਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਅਣਛੋਹੇ ਅਤੇ ਕੰਢੀ ਇਲਾਕਿਆਂ ਨੂੰ ਪਾਣੀ ਦੇਣ ਲਈ 28 ਨਵੀਆਂ ਲਿਫਟ ਸਕੀਮਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 15 ਸਕੀਮਾਂ ਪਹਿਲਾਂ ਹੀ ਚਾਲੂ ਹੋ ਚੁੱਕੀਆਂ ਹਨ। ਸੁਤੰਤਰਤਾ ਦੇ ਬਾਅਦ ਪਹਿਲੀ ਵਾਰੀ ਸਰਹਿੰਦ ਚੈਨਲ ਅਤੇ ਪਟਿਆਲਾ ਫੀਡਰ ਵਰਗੀਆਂ ਮੁੱਖ ਨਹਿਰਾਂ ਦੀ ਸਮਰੱਥਾ ਵਧਾਈ ਗਈ ਹੈ। ਸਰਹਿੰਦ ਫੀਡਰ ਚੈਨਲ ਦੀ ਪੁਨਰ-ਲਾਈਨਿੰਗ ਦਾ ਲੰਬੇ ਸਮੇਂ ਤੋਂ ਰੁਕਿਆ ਪ੍ਰਾਜੈਕਟ ਡਿਜ਼ਾਇਨ ਦੇ ਮੁੱਦਿਆਂ, ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਅਤੇ ਭਾਰਤ ਸਰਕਾਰ ਨੂੰ ਮਨਾਉਣ ਤੋਂ ਬਾਅਦ ਮੁਕੰਮਲ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹਨ। ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਪੰਜਾਬ ਨੇ ਨੈਸ਼ਨਲ ਐਚੀਵਮੈਂਟ ਸਰਵੇ (ਐਨ.ਏ.ਐਸ.) 2024 ਵਿੱਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕੇਰਲਾ ਵਰਗੇ ਸੂਬੇ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ 118 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਵਾਸਤੇ "ਸਿੱਖਿਆ ਕ੍ਰਾਂਤੀ" ਤਹਿਤ ਸੂਬੇ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। 

ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸੇ ਤਰ੍ਹਾਂ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅੱਵਲ ਦਰਜੇ ਦੀਆਂ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਲਈ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 107 ਕਿਸਮ ਦੀਆਂ ਦਵਾਈਆਂ ਅਤੇ 47 ਕਿਸਮ ਦੇ ਲੈਬ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਨੇੜਲੇ ਭਵਿੱਖ ਵਿੱਚ ਸਰਕਾਰ ਵੱਲੋਂ 200 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ 3 ਕਰੋੜ 69 ਲੱਖ ਮਰੀਜ਼ਾਂ ਨੇ ਲਗਭਗ 1650 ਕਰੋੜ ਰੁਪਏ ਦਾ ਇਲਾਜ ਮੁਫ਼ਤ ਕਰਵਾਇਆ ਹੈ। ਪੰਜਾਬ ਦੇ 881 ਆਮ ਆਦਮੀ ਕਲੀਨਿਕਾਂ ਵਿੱਚ ਵੱਟਸਐਪ ਚੈਟਬੋਟ ਸੇਵਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਮੂਹ ਪੰਜਾਬੀਆਂ ਨੂੰ "ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੈਲਥ ਕਾਰਡ" ਬਣਾ ਕੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਪ੍ਰਦਾਨ ਕੀਤਾ ਜਾਵੇਗਾ। ਇਹ ਸਕੀਮ 2 ਅਕਤੂਬਰ, 2025 ਤੋਂ ਲਾਗੂ ਹੋ ਜਾਵੇਗੀ। 

ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਰਾਜ ਵਿੱਚ 55 ਨਸ਼ਾ ਮੁਕਤੀ ਕੇਂਦਰ ਅਤੇ 548 ਨਸ਼ਾ ਮੁਕਤੀ ਦਵਾਈ ਕੇਂਦਰਾਂ ਵਿੱਚ ਨਸ਼ੇ ਤੋਂ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। "ਯੁੱਧ ਨਸ਼ਿਆਂ ਵਿਰੁੱਧ" ਸਾਡੀ ਸਰਕਾਰ ਦੀ ਇੱਕ ਬੇਹੱਦ ਸਫਲ ਮੁਹਿੰਮ ਹੈ। ਪਿਛਲੀਆਂ ਸਰਕਾਰਾਂ ਨਸ਼ਿਆਂ ਦੀ ਰੋਕਥਾਮ ਲਈ ਕੋਈ ਸਾਰਥਕ ਕਦਮ ਨਹੀਂ ਚੁੱਕ ਸਕੀਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਨਸ਼ਾ ਤਸਕਰਾਂ ਨੂੰ ਸੂਬੇ ‘ਚੋਂ ਖਦੇੜ ਦਿੱਤਾ, ਉੱਥੇ ਹੀ 25 ਹਜ਼ਾਰ ਤੋਂ ਵਧੇਰੇ ਗ੍ਰਿਫਤਾਰੀਆਂ ਕਰਕੇ ਤੇ ਨਸ਼ਾ ਸਮੱਗਲਰਾਂ ਦੇ ਘਰ ਢਾਹ ਕੇ ਸਿੱਧ ਕਰ ਦਿੱਤਾ ਕਿ ਪੰਜਾਬ ਵਿੱਚ ਨਸ਼ਾ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਮਿਸਾਲੀ ਪਹਿਲਕਦਮੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ "ਆਪ" ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਐਂਟੀ-ਡਰੋਨ ਪ੍ਰਣਾਲੀ "ਬਾਜ਼ ਅੱਖ" ਨੂੰ ਹਰੀ ਝੰਡੀ ਦਿਖਾਈ, ਜਿਸ ਤੋਂ ਬਾਅਦ ਪੰਜਾਬ ਅੰਤਰਰਾਸ਼ਟਰੀ ਸਰਹੱਦ 'ਤੇ ਇਸ ਪ੍ਰਣਾਲੀ ਨੂੰ ਤੈਨਾਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਜੇਕਰ ਬਠਿੰਡਾ ਜ਼ਿਲ੍ਹੇ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ 46 ਰੂਰਲ ਆਧੁਨਿਕ ਲਾਇਬ੍ਰੇਰੀਆਂ ਦੀਆਂ ਇਮਾਰਤਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਸਾਰੀਆਂ ਲਾਇਬ੍ਰੇਰੀਆਂ ਲੋਕਾਂ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਵਿੱਚ 8 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ "ਜ਼ਿਲ੍ਹਾ ਲਾਇਬ੍ਰੇਰੀ" ਅਤੇ 1 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ "ਬੁੱਕ ਡੀਪੂ" ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 35 ਕਰੋੜ ਦੀ ਲਾਗਤ ਨਾਲ ਜ਼ਿਲ੍ਹੇ ਦੇ ਕੁੱਲ 125 ਛੱਪੜਾਂ ਨੂੰ ਥਾਪਰ ਮਾਡਲ ਤਕਨੀਕ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਵਿੱਚੋਂ ਕੁੱਲ 70 ਛੱਪੜਾਂ ਦਾ ਨਿਰਮਾਣ ਮੁਕਮੰਲ ਹੋ ਚੁੱਕਾ ਹੈ ਅਤੇ ਬਾਕੀ ਛੱਪੜ 31 ਮਾਰਚ, 2026 ਤੱਕ ਮੁਕੰਮਲ ਹੋ ਜਾਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ 5 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ 57 ਆਂਗਨਵਾੜੀ ਕੇੰਦਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 50 ਆਂਗਨਵਾੜੀਆਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ 7 ਕੇਂਦਰਾਂ ਦਾ ਨਿਰਮਾਣ ਇਸੇ ਮਹੀਨੇ 30 ਅਗਸਤ ਤੱਕ ਮੁਕੰਮਲ ਕੀਤਾ ਜਾਣਾ ਹੈ। ਇਨ੍ਹਾਂ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹੇ ਦੇ ਬਲਾਕ ਫੂਲ ਅਤੇ ਤਲਵੰਡੀ ਸਾਬੋ ਵਿਖੇ 29 ਲੱਖ ਦੀ ਲਾਗਤ ਨਾਲ ਪਹਿਲ ਪ੍ਰਾਜੈਕਟ ਅਧੀਨ 2 ਰੋਜ਼ਗਾਰ ਸੈਂਟਰਾਂ ਦੀ ਉਸਾਰੀ ਮੁਕੰਮਲ ਹੋਣ ਦੇ ਨੇੜੇ ਹੈ। ਇਸ ਤੋਂ ਪਹਿਲਾਂ ਬਲਾਕ ਗੋਨਿਆਣਾ ਅਤੇ ਬਲਾਕ ਸੰਗਤ ਵਿੱਚ ਪਹਿਲਾਂ ਹੀ ਇਸ ਪ੍ਰਾਜੈਕਟ ਅਧੀਨ ਪੇਂਡੂ ਔਰਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਮੌੜ ਮੰਡੀ ਅਤੇ ਕੋਟਸ਼ਮੀਰ ਅਤੇ ਸੰਗਤ ਮੰਡੀ ਵਿਖੇ 34 ਕਰੋੜ 26 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨਾਂ ਪਾਈਆਂ ਜਾ ਰਹੀਆਂ ਹਨ ਜਿਸ ਵਿੱਚੋਂ ਮੌੜ ਮੰਡੀ ਵਿਖੇ ਸੀਵਰੇਜ ਦਾ ਕੰਮ ਅਗਸਤ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਜ਼ਿਲ੍ਹੇ ਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਾਰੀਆਂ ਸਰਕਾਰੀ ਇਮਾਰਤਾਂ ਉੱਪਰ ਸੋਲਰ ਸਿਸਟਮ/ਸੌਰ ਊਰਜਾ ਪੈਨਲ ਲਗਾਏ ਜਾ ਰਹੇ ਹਨ ਤਾਂ ਜੋ ਸਾਲਾਨਾ ਬਿਜਲੀ ਬਿਲਾਂ ਵਿੱਚ ਕਟੌਤੀ ਕੀਤੀ ਜਾ ਸਕੇ। ਇਸ ਤਹਿਤ 1 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲ ਬਠਿੰਡਾ; ਸਬ-ਡਿਵੀਜ਼ਨ ਹਸਪਤਾਲ ਰਾਮਪੁਰਾ, ਤਲਵੰਡੀ ਸਾਬੋ, ਘੁੱਦਾ, ਕਮਿਊਨਟੀ ਹੈਲਥ ਸੈਂਟਰ ਭਗਤਾ ਭਾਈਕਾ, ਨਥਾਣਾ, ਸੰਗਤ, ਮਹਿਰਾਜ, ਬਾਲਿਆਂਵਾਲੀ, ਰਾਮਾਂ, ਭੁੱਚੋ, ਮੌੜ ਵਿਖੇ ਸੌਰ ਊਰਜਾ ਦਾ ਕੰਮ ਪ੍ਰਗਤੀ ਅਧੀਨ ਹੈ।

ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ‘ਚ ਕੁੱਲ 14 ਕਰੋੜ 3 ਲੱਖ ਰੁਪਏ ਦੀ ਲਾਗਤ ਨਾਲ ਤਲਵੰਡੀ ਸਾਬੋ ਵਿਖੇ ਐਸ.ਡੀ.ਐਮ. ਕੰਪਲੈਕਸ ਅਤੇ ਸਬ-ਤਹਿਸੀਲ ਨਥਾਣਾ, ਬਾਲਿਆਂਵਾਲੀ, ਗੋਨਿਆਣਾ ਵਿਖੇ ਨਵੇਂ ਕੰਪਲੈਕਸਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ ਜਿਸ ਵਿੱਚੋਂ ਨਥਾਣਾ ਅਤੇ ਬਾਲਿਆਂਵਾਲੀ ਸਬ-ਤਹਿਸੀਲ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਆਮ ਲੋਕਾਂ ਦੀ ਸਹੂਲਤ ਲਈ ਲਗਭਗ 94 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਬਠਿੰਡਾ ਸ਼ਹਿਰ ਵਿੱਚ ਰਿੰਗ ਰੋਡ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਲਗਭਗ 38 ਕਰੋੜ 8 ਲੱਖ ਦੀ ਲਾਗਤ ਨਾਲ ਮੁਲਤਾਨੀਆ ਪੁੱਲ ਬਣਾਉਣ ਦਾ ਕੰਮ ਉਸਾਰੀ ਅਧੀਨ ਹੈ ਜੋ ਸਤੰਬਰ 2025 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਇਸੇ ਤਰ੍ਹਾਂ ਲਗਭਗ 49 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਅਮਰਪੁਰਾ ਬਸਤੀ ਓਵਰਬ੍ਰਿਜ ਬਣਾਉਣ ਦਾ ਕੰਮ ਉਸਾਰੀ ਅਧੀਨ ਹੈ ਜੋ ਅਕਤੂਬਰ 2025 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦੀ ਕਰੀਏ ਤਾਂ ਲਗਭਗ 34 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ 'ਤੇ 13 ਆਮ ਆਦਮੀ ਕਲੀਨਿਕ, 16 ਹੈਲਥ ਐਂਡ ਵੈਲਨੇਸ ਸੈਂਟਰ, 3 ਪ੍ਰਾਇਮਰੀ ਹੈਲਥ ਸੈਂਟਰ, ਜ਼ਿਲ੍ਹਾ ਹਸਪਤਾਲ ਵਿਖੇ ਐਡਮਿਨ ਬਲਾਕ, ਫਾਰਮੇਸੀ, ਕੰਟੀਨ, ਕੰਟਰੋਲ ਰੂਮ, ਸਟੋਰ ਰੂਮ, ਕਮਿਊਨਿਟੀ ਹੈਲਥ ਸੈਂਟਰ ਭਗਤਾ ਵਿਖੇ ਇੱਕ ਬਲੱਡ ਸਟੋਰੇਜ ਯੂਨਿਟ, ਸਬ-ਡਿਵੀਜ਼ਨ ਹਸਪਤਾਲ ਰਾਮਪੁਰਾ ਵਿਖੇ ਨਵੇਂ ਬਲਾਕ ਦੀ ਉਸਾਰੀ, ਕੇਂਦਰੀ ਜੇਲ ਬਠਿੰਡਾ ਵਿਖੇ ਨਸ਼ਾ-ਛੁਡਾਊ ਕੇਂਦਰ ਅਤੇ ਪਿੰਡ ਕਲੀਨਿਕ ਵਿੱਚ ਟੈਲੀ-ਮੈਡੀਸਿਟ ਫੈਸਿਲਿਟੀ ਬਾਬਤ ਉਸਾਰੀ ਦਾ ਕੰਮ ਕਾਰਵਾਈ ਅਧੀਨ ਹੈ।

ਰੰਗਲਾ ਪੰਜਾਬ ਵਿਕਾਸ ਸਕੀਮ ਤਹਿਤ ਸਾਲ 2025-26 ਵਿੱਚ ਜ਼ਿਲ੍ਹੇ ਨੂੰ ਪ੍ਰਤੀ ਵਿਧਾਨ ਸਭਾ ਹਲਕਾ 5 ਕਰੋੜ ਰੁਪਏ (ਕੁੱਲ 30 ਕਰੋੜ ਰੁਪਏ) ਦੀ ਗ੍ਰਾਂਟ ਵਿਕਾਸ ਕੰਮਾਂ ਲਈ ਦਿੱਤੀ ਜਾਣੀ ਹੈ ਜਿਸ ਦੀ ਪਹਿਲੇ ਅਤੇ ਦੂਜੇ ਕੁਆਰਟਰ ਦੀ ਰਾਸ਼ੀ 2.50 ਕਰੋੜ ਰੁਪਏ ਪ੍ਰਤੀ ਵਿਧਾਨ ਸਭਾ ਹਲਕਾ (ਕੁੱਲ 15 ਕਰੋੜ ਰੁਪਏ) ਦਾ ਬਜਟ ਪ੍ਰਾਪਤ ਹੋ ਚੁੱਕਿਆ ਹੈ ਅਤੇ ਜਲਦ ਹੀ ਵਿਕਾਸ ਕੰਮਾਂ ਲਈ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।

ਇਸ ਮੌਕੇ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਮਹੰਤ ਗੁਰਬੰਤਾ ਦਾਸ ਸਕੂਲ (ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ) ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਭਰ ਦੇ ਸਾਰੇ ਸਕੂਲਾਂ ਵਿੱਚ 16 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ। ਇਸ ਤੋਂ ਪਹਿਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮਹਿਮਾਨ ਸ਼੍ਰੀ ਬਰਿੰਦਰ ਕੁਮਾਰ ਗੋਇਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।

ਸਮਾਗਮ ਮੌਕੇ ਉਨ੍ਹਾਂ ਪ੍ਰੇਡ ਕਮਾਂਡਰ ਡੀਐਸਪੀ ਸ਼੍ਰੀ ਇਸ਼ਾਨ ਸਿੰਗਲਾ ਦੀ ਅਗਵਾਈ ਹੇਠ ਹੋਏ ਸ਼ਾਨਦਾਰ ਮਾਰਚ ਪਾਸਟ ਦੀਆਂ ਟੁਕੜੀਆਂ ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼ ਤੇ ਸਿਵਲ ਡਿਫੈਸ, ਐਨ.ਸੀ.ਸੀ. ਲੜਕੇ ਤੇ ਲੜਕੀਆਂ, ਐਨ.ਸੀ.ਸੀ. ਥ੍ਰੀ ਪੰਜਾਬ ਨੇਵਲ, ਹੋਮ ਨਰਸਿੰਗ, ਸਕਾਊਟਸ ਤੇ ਗਰਲਜ਼ ਗਾਈਡਜ਼, ਪੰਜਾਬ ਪੁਲਿਸ ਤੇ ਆਰਮੀ ਸੈਕੰਡ ਜਾਟ ਬੈਂਡ ਦੀ ਟੁਕੜੀ ਤੋਂ ਸਲਾਮੀ ਲਈ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਬਰਿੰਦਰ ਕੁਮਾਰ ਗੋਇਲ ਵਲੋਂ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਰੰਗ-ਬਿਰੰਗੇ ਗੁਬਾਰੇ ਵੀ ਛੱਡੇ ਗਏ। ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਗੋਇਲ ਵਲੋਂ ਆਜ਼ਾਦੀ ਘੁਲਾਟੀਆਂ ਤੇ ਜੰਗੀ ਵਿਧਵਾਵਾਂ, ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈ ਸਾਈਕਲਾਂ ਦੇਣ ਤੋਂ ਇਲਾਵਾ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਅਧਿਕਾਰੀਆਂ,ਕਰਮਚਾਰੀਆਂ, ਪਰਾਲੀ ਨਾ ਸਾੜਨ ਵਾਲੇ ਕਿਸਾਨਾਂ, ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ, ਵਾਤਾਵਰਣ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਤੋਂ ਪਹਿਲਾ ਪੰਜਾਬ ਪੁਲਿਸ, ਨਗਰ ਨਿਗਮ, ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ, ਮਗਨਰੇਗਾ, ਸਿਹਤ ਵਿਭਾਗ, ਖੇਤੀਬਾੜੀ, ਸੀ.ਐੱਮ. ਦੀ ਯੋਗਸ਼ਾਲਾ, ਜ਼ਿਲ੍ਹਾ ਪ੍ਰੋਗਰਾਮ ਅਤੇ ਵੇਰਕਾ ਮਿਲਕ ਪਲਾਂਟ ਵਲੋਂ ਆਪੋਂ-ਆਪਣੇ ਵਿਭਾਗੀ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਵੀ ਕੱਢੀਆਂ ਗਈਆਂ।

ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਕਰੀਬ 1700 ਵਿਦਿਆਰਥੀਆਂ ਵਲੋਂ ਪੀ.ਟੀ ਸ਼ੋਅ ਕੀਤਾ ਗਿਆ। ਇਸ ਮੌਕੇ ਸੇਂਟ ਜੌਸਫ ਕਾਨਵੈਂਟ ਸਕੂਲ, ਲਾਰਡ ਰਾਮਾਂ ਪਬਲਿਕ ਸਕੂਲ, ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀਏਬਲਡ ਬਠਿੰਡਾ ਅਤੇ ਡੀਏਵੀ ਸਕੂਲ ਵਲੋਂ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਵਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।

ਸਮਾਗਮ ਦੇ ਅਖੀਰ ਵਿਚ ਸ਼ਹੀਦ ਮੇਜ਼ਰ ਰਵੀ ਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀਏਬਲਡ ਬਠਿੰਡਾ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਕਰੂਨੇਸ਼ ਕੁਮਾਰ ਅਤੇ ਹੋਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬਾਨ, ਏਆਈਜੀ ਕਾਊਂਟਰ ਇੰਟੈਲੀਜੈਂਸੀ ਮੈਡਮ ਅਵਨੀਤ ਕੌਰ ਸਿੱਧੂ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟ੍ਰਰੀਜ਼ ਡਿਵੈਲਪਮੈਂਟ ਬੋਰਡ ਸ਼੍ਰੀ ਨੀਲ ਗਰਗ, ਚੇਅਰਮੈਨ ਜ਼ਿਲ੍ਹਾ ਯੋਜ਼ਨਾ ਕਮੇਟੀ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਸ ਜਤਿੰਦਰ ਸਿੰਘ ਭੱਲਾ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਸ਼੍ਰੀ ਰਾਕੇਸ਼ ਪੁਰੀ, ਚੇਅਰਮੈਨ ਸ਼ੂਗਰਫੈਡ ਪੰਜਾਬ ਸ਼੍ਰੀ ਨਵਦੀਪ ਜੀਦਾ, ਚੇਅਰਮੈਨ, ਆਬਕਾਰੀ ਤੇ ਕਰ ਵਿਭਾਗ ਸ਼੍ਰੀ ਅਨਿਲ ਠਾਕੁਰ, ਚੇਅਰਮੈਨ ਮਾਰਕਿਟ ਕਮੇਟੀ ਬਠਿੰਡਾ ਸ੍ਰੀ ਬੱਲੀ ਬਲਜੀਤ, ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸ਼੍ਰੀ ਇੰਦਰਜੀਤ ਸਿੰਘ ਮਾਨ, ਵਾਈਸ ਚੇਅਰਮੈਨ ਐਸ.ਸੀ. ਕਾਰਪੋਰੇਸ਼ਨ ਸ. ਗੁਰਜੰਟ ਸਿੰਘ ਸਿਵੀਆਂ, ਡਾਇਰੈਕਟਰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਸ ਅਮਰਦੀਪ ਰਾਜਨ, ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਿਕਰਮ ਲਵਲੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ, ਮੁੱਖ ਮੰਤਰੀ ਫੀਲਡ ਅਫ਼ਸਰ ਮੈਡਮ ਹਰਸ਼ਿਤਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਸਿਵਲ ਸਰਜਨ ਡਾ. ਤਪਿੰਦਰਜੋਤ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਗਗਨਦੀਪ ਸਿੰਘ, ਐਸਡੀਐਮ ਬਠਿੰਡਾ ਸ. ਬਲਕਰਨ ਸਿੰਘ ਮਾਹਲ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੈਡਮ ਮਮਤਾ ਖੁਰਾਣਾ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਮਨਿੰਦਰ ਕੌਰ, ਜ਼ਿਲ੍ਹਾ ਸਪੋਰਟਸ ਕੋਆਰਡੇਨੇਟਰ ਸ ਜਸਬੀਰ ਸਿੰਘ, ਕੌਸਲਰ ਸ਼੍ਰੀ ਸੁਖਦੀਪ ਸਿੰਘ ਢਿੱਲੋਂ, ਮੈਡਮ ਮਨਦੀਪ ਕੌਰ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ, ਅਧਿਕਾਰੀ, ਕਰਮਚਾਰੀ ਅਤੇ ਭਾਰੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਆਦਿ ਹਾਜ਼ਰ ਸਨ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.