ਤਾਜਾ ਖਬਰਾਂ
ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ‘ਚ 79ਵੇਂ ਆਜ਼ਾਦੀ ਦਿਵਸ ਸਮਾਗਮ ਦੌਰਾਨ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੌਮੀ ਝੰਡਾ ਲਹਿਰਾ ਕੇ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਪੰਜਾਬ ਮੁੜ “ਰੰਗਲਾ, ਹੱਸਦਾ-ਖੇਡਦਾ ਤੇ ਖੁਸ਼ਹਾਲ” ਸੂਬਾ ਬਣਨ ਦੀ ਰਾਹ ‘ਤੇ ਹੈ। ਉਨ੍ਹਾਂ ਨੇ ਆਜ਼ਾਦੀ ਸੰਘਰਸ਼ ਦੇ ਯੋਧਿਆਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਸਨਮਾਨ ਕੀਤਾ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਦੇ ਇਮਾਨਦਾਰ ਉਪਰਾਲਿਆਂ ਬਾਰੇ ਦੱਸਿਆ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰਾ ਗਾਂਧੀ, ਵਿਧਾਇਕ, ਅਧਿਕਾਰੀ ਅਤੇ ਸ਼ਹਿਰੀ ਪ੍ਰਮੁੱਖ ਵੀ ਹਾਜ਼ਰ ਸਨ।
ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਸਨਮਾਨ ਰਾਸ਼ੀ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਅਤੇ ਇਸ ਸਕੀਮ ਵਿੱਚ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 55 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਸਿਹਤ ਬੀਮੇ ਦੇ ਤਹਿਤ 10 ਲੱਖ ਰੁਪਏ ਦੀ ਕਵਰੇਜ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਆਮ ਆਦਮੀ ਕਲੀਨਿਕਾਂ, ਸਕੂਲ ਆਫ਼ ਐਮੀਨੈਂਸ, ਗੋਇੰਦਵਾਲ ਪਾਵਰ ਪਲਾਂਟ ਖਰੀਦਣ ਸਮੇਤ ਸਿਹਤ, ਸਿੱਖਿਆ ਅਤੇ ਬਿਜਲੀ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪਟਿਆਲਾ ‘ਚ 35 ਅਸਥਾਨਾਂ ਦੇ ਵਿਕਾਸ ਲਈ 80 ਕਰੋੜ ਰੁਪਏ ਦੀ ਯੋਜਨਾ ਬਣਾਈ ਗਈ ਹੈ, ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਚੱਲ ਰਹੀਆਂ ਹਨ ਅਤੇ ਸੂਬੇ ਵਿੱਚ ਵਿਆਪਕ ਬਿਜਲੀ ਸੁਧਾਰਾਂ ਲਈ ਨਵੇਂ ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ, 600 ਯੂਨਿਟ ਮੁਫ਼ਤ ਬਿਜਲੀ ਸਕੀਮ ਜਾਰੀ ਹੈ ਅਤੇ ਪਛਵਾੜਾ ਕੋਲਾ ਖਾਣ ਤੋਂ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਲਾਭ ਹੋਇਆ ਹੈ।
ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਸੜਕਾਂ ਅਤੇ ਪੁਲਾਂ ਦੇ ਨਿਰਮਾਣ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚੇ ਜਾ ਰਹੇ ਹਨ, 20 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ, ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੱਡੇ ਤਸਕਰ ਗ੍ਰਿਫ਼ਤਾਰ ਹੋਏ ਹਨ ਅਤੇ ਸਰਹੱਦ ਪਾਰੋਂ ਤਸਕਰੀ ਰੋਕਣ ਲਈ ਐਂਟੀ ਡਰੋਨ ਪ੍ਰਣਾਲੀ ਲਾਗੂ ਕੀਤੀ ਗਈ ਹੈ। ਖੇਤੀਬਾੜੀ ਖੇਤਰ ਵਿੱਚ ਵਿਭਿੰਨਤਾ ਨੂੰ ਪ੍ਰੋਤਸਾਹਿਤ ਕਰਕੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 70% ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ ਗਿਆ ਹੈ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਈਜ਼ੀ ਰਜਿਸਟਰੀ ਅਤੇ ਸੇਵਾ ਕੇਂਦਰਾਂ ਰਾਹੀਂ ਵਿਭਾਗੀ ਸੇਵਾਵਾਂ ਘਰ-ਘਰ ਪਹੁੰਚ ਰਹੀਆਂ ਹਨ।
Get all latest content delivered to your email a few times a month.