ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਆਵਾਜਾਈ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਸੜਕਾਂ ਦੇ ਨਵੀਨੀਕਰਨ ਅਤੇ ਨਿਰਮਾਣ ਪ੍ਰੋਜੈਕਟ ਜਾਰੀ ਹਨ। ਇਸ ਸਿਲਸਿਲੇ ਵਿੱਚ, ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਬਹਾਦਰਗੜ੍ਹ-ਘਨੌਰ-ਵਾਇਆ ਚਪੜ-ਮੰਘੌਲੀ ਅਤੇ ਬਹਾਦਰਗੜ੍ਹ-ਘਨੌਰ-ਸ਼ੰਭੂ ਸੜਕ ਦਾ ਨੀਂਹ ਪੱਥਰ ਪਿੰਡ ਚਪੜ ਵਿਖੇ ਰੱਖਿਆ। ਇਸ ਮੌਕੇ ਘਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਗੁਰਲਾਲ ਸਿੰਘ ਘਨੌਰ ਵੀ ਹਾਜ਼ਰ ਸਨ।
ਮੰਤਰੀ ਈ.ਟੀ.ਓ. ਨੇ ਦੱਸਿਆ ਕਿ 13.45 ਕਿਲੋਮੀਟਰ ਲੰਬੀ ਇਹ ਸੜਕ ਪੰਜਾਬ ਅਤੇ ਹਰਿਆਣਾ ਰਾਜ ਨੂੰ ਜੋੜਦੀ ਹੈ ਅਤੇ ਉਦਯੋਗਿਕ ਦਰਿਸ਼ਟੀ ਨਾਲ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਰੂਟ ’ਤੇ ਕਈ ਉਦਯੋਗਿਕ ਇਕਾਈਆਂ ਸਥਿਤ ਹਨ। ਹੜ੍ਹਾਂ ਕਾਰਨ ਸੜਕ ਨੂੰ ਭਾਰੀ ਨੁਕਸਾਨ ਹੋਇਆ ਸੀ, ਜਿਸ ਨਾਲ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਸਰਕਾਰ ਨੇ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੇ ਨਵੀਨੀਕਰਨ ਲਈ ਮਨਜ਼ੂਰੀ ਦਿੱਤੀ ਹੈ।
ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਮਨੋਰਥ ਹੈ ਕਿ ਪੰਜਾਬ ਵਿੱਚ ਕੋਈ ਵੀ ਸੜਕ ਖਰਾਬ ਹਾਲਤ ਵਿੱਚ ਨਾ ਹੋਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਚੱਜੀ ਆਵਾਜਾਈ ਸਰਕਾਰ ਦੀ ਪ੍ਰਾਇਰਟੀ ਹੈ ਅਤੇ ਇਹ ਪ੍ਰਾਜੈਕਟ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।
ਇਹ ਸੜਕ ਨਿਰਮਾਣ ਨਾ ਸਿਰਫ ਇਲਾਕਾ ਵਸਨੀਕਾਂ ਲਈ ਆਸਾਨ ਯਾਤਰਾ ਸੁਨਿਸ਼ਚਿਤ ਕਰੇਗਾ, ਸਗੋਂ ਆਸ-ਪਾਸ ਦੇ ਵਪਾਰ ਤੇ ਉਦਯੋਗਾਂ ਨੂੰ ਵੀ ਨਵੀਂ ਗਤੀ ਦੇਵੇਗਾ। ਨੀਂਹ ਪੱਥਰ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸਨਰ ਇਸ਼ਾ ਸਿੰਗਲ, ਐਸ.ਡੀ.ਐਮ. ਅਵਿਕੇਸ਼ ਗੁਪਤਾ, ਪੰਚਾਇਤੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।
Get all latest content delivered to your email a few times a month.