ਤਾਜਾ ਖਬਰਾਂ
* ਲੋਕਾਂ ਨੂੰ ਮਹਾਨ ਸੂਫ਼ੀ ਸੰਤ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ ਕੀਤੀ ਅਪੀਲ
ਫ਼ਰੀਦਕੋਟ, 15 ਅਗਸਤ-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਮੱਥਾ ਟੇਕਿਆ ਅਤੇ ਲੋਕਾਂ ਨੂੰ ਸਤਿਕਾਰਯੋਗ ਸੂਫ਼ੀ ਸੰਤ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ ਅਪੀਲ ਕੀਤੀ।
ਬਾਬਾ ਸ਼ੇਖ ਫ਼ਰੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਹਾਨ ਰੂਹਾਨੀ ਆਗੂ, ਕਵੀ-ਪੈਗੰਬਰ ਅਤੇ ਭਾਰਤ ਵਿੱਚ ਸੂਫ਼ੀ ਪਰੰਪਰਾ ਦੇ ਬਾਨੀ ਦੱਸਿਆ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਮੰਨਿਆ ਜਾਂਦਾ ਹੈ ਅਤੇ ਪਿਆਰ, ਕਰੁਣਾ, ਬਰਾਬਰੀ, ਨਿਮਰਤਾ, ਭਾਈਚਾਰਾ ਅਤੇ ਆਜ਼ਾਦੀ 'ਤੇ ਕੇਂਦਰਿਤ ਉਨ੍ਹਾਂ ਦਾ ਫਲਸਫਾ ਸਦੀਵੀ ਅਤੇ ਵਿਸ਼ਵਵਿਆਪੀ ਤੌਰ 'ਤੇ ਪ੍ਰਸੰਗਿਕ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਸ਼ੇਖ ਫ਼ਰੀਦ ਦੀ ਬਾਣੀ, ਜਿਸ ਵਿੱਚ 112 ਸ਼ਲੋਕ ਅਤੇ ਚਾਰ ਸ਼ਬਦ ਸ਼ਾਮਲ ਹਨ, ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਸੀ।
ਮੁੱਖ ਮੰਤਰੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਰਬ ਵਿਆਪੀ ਗ੍ਰੰਥ ਹੈ, ਜੋ ਸਾਰੇ ਧਰਮਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਗਿਆਨ ਦਾ ਵਿਸ਼ਾਲ ਭੰਡਾਰ ਹੈ, ਜੋ ਸਾਰੀ ਮਨੁੱਖਤਾ ਲਈ ਮਾਰਗ ਦਰਸ਼ਕ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸ਼ਰਧਾ ਨਾਲ ਆਪਣਾ ਸਿਰ ਝੁਕਾਉਂਦੇ ਹਾਂ ਤਾਂ ਅਸੀਂ ਮਹਾਨ ਗੁਰੂਆਂ ਦੇ ਨਾਲ-ਨਾਲ ਬਾਬਾ ਫ਼ਰੀਦ ਅੱਗੇ ਵੀ ਸਤਿਕਾਰ ਨਾਲ ਸ਼ਰਧਾ ਭੇਟ ਕਰਦੇ ਹਾਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਫ਼ਰੀਦ ਦਾ ਜੀਵਨ ਅਤੇ ਸਿੱਖਿਆਵਾਂ ਅੱਜ ਦੇ ਪਦਾਰਥਵਾਦੀ ਸਮਾਜ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਸੰਗਿਕ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਫ਼ਰੀਦ ਦੀਆਂ ਸਿੱਖਿਆਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਰਪਣ ਅਤੇ ਨਿਮਰਤਾ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਲੋਕਾਂ ਨੂੰ ਬਾਬਾ ਫ਼ਰੀਦ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਵਿੱਚ ਮਦਦ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ 'ਤੇ ਸ਼ਰਧਾ ਭੇਟ ਕਰਨ ਦਾ ਮੌਕਾ ਪ੍ਰਾਪਤ ਕਰ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ।
Get all latest content delivered to your email a few times a month.