ਤਾਜਾ ਖਬਰਾਂ
ਵਾਤਾਵਰਣ ਸੰਰਖਣ ਅਤੇ ਟਿਕਾਊ ਵਿਕਾਸ ਵੱਲ ਇਕ ਨਵਾਂ ਕਦਮ ਚੁੱਕਦਿਆਂ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਨੇ ਸਾਲ 2025 ਵਿੱਚ 2.10 ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਹਰੇ-ਭਰੇ ਅਤੇ ਸਿਹਤਮੰਦ ਵਾਤਾਵਰਣ ਲਈ ਇਹ ਕਦਮ ਬਹੁਤ ਜ਼ਰੂਰੀ ਹੈ ਅਤੇ ਹਰ ਇਕ ਨਾਗਰਿਕ ਨੂੰ ਇਸ ਯਤਨ ਵਿੱਚ ਆਪਣੀ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸੂਨ ਦੇ ਮੌਸਮ ਦੌਰਾਨ ਹਰ ਪਰਿਵਾਰ ਘੱਟੋ-ਘੱਟ ਇੱਕ ਰੁੱਖ ਲਗਾਏ, ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਫ ਹਵਾ ਅਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਹੇਠ ਪਹਿਲੇ ਪੜਾਅ ਵਿੱਚ ਹੀ 1.87 ਕਰੋੜ ਪੌਦੇ ਲਗਾਏ ਜਾ ਚੁੱਕੇ ਹਨ, ਜੋ ਕਿ 1.60 ਕਰੋੜ ਦੇ ਟੀਚੇ ਤੋਂ ਵੀ ਅੱਗੇ ਨਿਕਲੇ ਹਨ।
ਪੰਚਕੂਲਾ ਦੇ ਮੋਰਨੀ ਵਿੱਚ ਆਯੋਜਿਤ ਰਾਜ ਪੱਧਰੀ ਜੰਗਲਾਤ ਮੇਲੇ ਦੌਰਾਨ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਕਿ ਜੰਗਲਾਤ ਵਿਭਾਗ ਦੁਆਰਾ ਲਗਾਏ ਜਾ ਰਹੇ ਬੂਟਿਆਂ ਦੀ ਜੀਓ-ਟੈਗਿੰਗ ਕੀਤੀ ਜਾਵੇਗੀ। ਇਸਦੇ ਨਾਲ ਹੀ, ਹਰ ਸਾਲ ਡਰੋਨ ਰਾਹੀਂ ਨਿਯਮਿਤ ਤੌਰ 'ਤੇ ਮੈਪਿੰਗ ਕਰਕੇ ਪੌਦਿਆਂ ਦੀ ਹਾਲਤ ਅਤੇ ਵਿਕਾਸ ਦੀ ਨਿਗਰਾਨੀ ਕੀਤੀ ਜਾਵੇਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਗਾਏ ਗਏ ਪੌਦੇ ਜਿੰਦੇ ਅਤੇ ਸੁਰੱਖਿਅਤ ਹਨ।
ਮੁੱਖ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੰਗਲਾਤ ਖੇਤਰ ਵਿੱਚ ਵਾਧਾ ਕਰਨ ਲਈ ਪੌਦਿਆਂ ਦੀ ਪੰਜ ਸਾਲ ਤੱਕ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਕਤੂਬਰ 2014 ਤੋਂ ਲੈ ਕੇ ਹੁਣ ਤੱਕ ਰਾਜ ਵਿੱਚ ਲਗਭਗ 18 ਕਰੋੜ ਪੌਦੇ ਲਗਾਏ ਜਾ ਚੁੱਕੇ ਹਨ, ਜੋ ਕਿ ਵਾਤਾਵਰਣ ਰੱਖਿਆ ਲਈ ਰਾਜ ਦੀ ਗੰਭੀਰਤਾ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
Get all latest content delivered to your email a few times a month.