ਤਾਜਾ ਖਬਰਾਂ
ਬੀਤੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਪੰਜਾਬ ਦੇ ਕਈ ਹਿੱਸਿਆਂ ਵਿਚ ਜੀਵਨ ਮੁਸ਼ਕਿਲ ਬਣਾਇਆ ਹੋਇਆ ਹੈ। ਟੋਭਿਆਂ ਅਤੇ ਖਾਲੀਆਂ ਪਲਾਟਾਂ ਵਿੱਚ ਪਾਣੀ ਭਰ ਜਾਣ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਈ ਹੋਈ ਹੈ। ਐਸੀ ਹੀ ਇੱਕ ਦਰਦਨਾਕ ਘਟਨਾ ਮੋਹਾਲੀ ਦੇ ਬਾਕਰਪੁਰ ਇਲਾਕੇ ਵਿੱਚ ਵਾਪਰੀ, ਜਿੱਥੇ ਇੱਕ 9 ਸਾਲਾ ਬੱਚਾ ਹਰੀ ਸ਼ੰਕਰ, ਜੋ ਬਿਹਾਰ ਦੇ ਰਹਿਣ ਵਾਲੇ ਪਰਿਵਾਰ ਨਾਲ ਪਿਛਲੇ 18 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ, ਬਰਸਾਤੀ ਟੋਭੇ ਦੇ ਪਾਣੀ ’ਚ ਡੁੱਬਣ ਕਾਰਨ ਆਪਣੀ ਜਾਨ ਗਵਾ ਬੈਠਾ।
ਪਤਾ ਲੱਗਾ ਹੈ ਕਿ ਹਰੀ ਸ਼ੰਕਰ ਦੇ ਪਿਤਾ, ਜੋ ਦਿਹਾੜੀਦਾਰ ਮਜ਼ਦੂਰ ਹਨ, ਉਸ ਨੂੰ ਸਵੇਰੇ ਸਕੂਲ ਛੱਡ ਕੇ ਹਰਿਆਣਾ ਕੰਮ ਤੇ ਚਲੇ ਗਏ ਸਨ। ਸਕੂਲ ਤੋਂ ਛੁੱਟੀ ਮਗਰੋਂ ਜਦੋਂ ਹਰੀ ਘਰ ਨਹੀਂ ਲੌਟਿਆ, ਤਾਂ ਮਾਂ ਨੇ ਚਿੰਤਤ ਹੋ ਕੇ ਉਸਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ। ਸ਼ੁਰੂ ਵਿੱਚ ਉਹਨਾਂ ਨੇ ਡਰ ਕਰਕੇ ਕੁਝ ਨਹੀਂ ਦੱਸਿਆ ਪਰ ਫਿਰ ਖੋਜ-ਖ਼ਬਰ ਵਿੱਚ ਪਤਾ ਲੱਗਾ ਕਿ ਹਰੀ ਟੋਭੇ ਵਿੱਚ ਨਹਾਉਣ ਗਿਆ ਸੀ ਪਰ ਮੁੜ ਕੇ ਨਹੀਂ ਆਇਆ।
ਜਦੋਂ ਪਰਿਵਾਰ ਟੋਭੇ ਤੇ ਪਹੁੰਚਿਆ ਤਾਂ ਹਰੀ ਸ਼ੰਕਰ ਨੂੰ ਪਾਣੀ ’ਚ ਡੁੱਬਿਆ ਹੋਇਆ ਲੱਭਿਆ ਗਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮੌਤ ਦੀ ਪੁਸ਼ਟੀ ਕਰ ਦਿੱਤੀ। ਘਟਨਾ ਤੋਂ ਬਾਅਦ ਪਰਿਵਾਰ ’ਚ ਕੋਹਰਾਮ ਮਚ ਗਿਆ ਹੈ। ਮਾਂ ਦੀ ਹਿਸਟੀਰੀਕ ਚੀਕਾਂ ਅਤੇ ਪਿਤਾ ਦੀ ਤਬਾਹ ਹਾਲਤ ਨੇ ਹਰ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ।
ਇਸ ਤਾਜ਼ਾ ਮੌਤ ਤੋਂ ਪਹਿਲਾਂ ਵੀ ਬਲੌਂਗੀ ’ਚ ਦੋ ਬੱਚਿਆਂ ਦੀ ਐਸੇ ਹੀ ਟੋਭੇ ’ਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ। ਇਹ ਸਥਿਤੀ ਸਥਾਨਕ ਪ੍ਰਸ਼ਾਸਨ ਲਈ ਵੀ ਵੱਡੀ ਚੇਤਾਵਨੀ ਹੈ ਕਿ ਟੋਭਿਆਂ ਜਾਂ ਪਾਣੀ ਭਰੇ ਖਾਲੀ ਪਲਾਟਾਂ ਦੀ ਸੁਰੱਖਿਆ ਲਈ ਤੁਰੰਤ ਪੱਕੇ ਇੰਤਜ਼ਾਮ ਕੀਤੇ ਜਾਣ।
Get all latest content delivered to your email a few times a month.