IMG-LOGO
ਹੋਮ ਚੰਡੀਗੜ੍ਹ: ਵੜਿੰਗ ਨੇ ਲੁਧਿਆਣਾ ਪੱਛਮੀ ਵਿੱਚ 'ਆਪ'-ਭਾਜਪਾ ਵਿਚਾਲੇ ਗੁਪਤ ਸਮਝੌਤੇ ਦਾ...

ਵੜਿੰਗ ਨੇ ਲੁਧਿਆਣਾ ਪੱਛਮੀ ਵਿੱਚ 'ਆਪ'-ਭਾਜਪਾ ਵਿਚਾਲੇ ਗੁਪਤ ਸਮਝੌਤੇ ਦਾ ਦੋਸ਼ ਲਗਾਇਆ

Admin User - Jun 24, 2025 09:03 PM
IMG

ਚੰਡੀਗੜ੍ਹ, 24 ਜੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਇੱਕ ਗੁਪਤ ਸਮਝੌਤਾ ਹੋਇਆ ਸੀ।


ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਪਾਰਟੀਆਂ ਇਕੱਠੀਆਂ ਹੋ ਗਈਆਂ ਸਨ, ਕਿਉਂਕਿ ਦੋਵੇਂ ਪੰਜਾਬ ਅਤੇ ਗੁਜਰਾਤ ਵਿੱਚ ਕਾਂਗਰਸ ਤੋਂ ਡਰਦੀਆਂ ਸਨ।


ਇੱਥੇ ਇੱਕ ਬਿਆਨ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਰਟੀ ਵਿੱਚ ਕਿਸੇ ਵੀ ਧੜੇਬੰਦੀ ਬਾਰੇ ਅਟਕਲਾਂ ਨੂੰ ਖਾਰਜ ਕਰ ਦਿੱਤਾ, ਜਿਸਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਅੰਦਰੂਨੀ ਲੜਾਈ ਕਾਰਨ ਨਹੀਂ ਹਾਰੀ ਹੈ, ਕਾਂਗਰਸ ਇਸ ਲਈ ਹਾਰੀ ਕਿਉਂਕਿ 'ਆਪ' ਅਤੇ ਭਾਜਪਾ ਸਾਡੇ ਵਿਰੁੱਧ ਇਕੱਠੇ ਹੋ ਗਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਆਪਣੀਆਂ ਵੋਟਾਂ ਦਾ ਕਾਫ਼ੀ ਹਿੱਸਾ 'ਆਪ' ਉਮੀਦਵਾਰ ਨੂੰ ਟ੍ਰਾਂਸਫਰ ਕੀਤਾ ਗਿਆ ਸੀ।

 

ਉਨ੍ਹਾਂ ਦੱਸਿਆ ਕਿ ਸਿਰਫ ਇਕ ਸਾਲ ਬਾਅਦ ਭਾਜਪਾ ਦਾ ਵੋਟ ਸ਼ੇਅਰ ਆਮ ਚੋਣਾਂ ਵਿੱਚ ਮਿਲੀ ਵੋਟ ਪ੍ਰਤੀਸ਼ਤ ਨਾਲੋਂ ਅੱਧਾ ਘੱਟ ਗਿਆ। ਜਦਕਿ ਇਸਦੇ ਉਲਟ 'ਆਪ' ਦਾ ਵੋਟ ਪ੍ਰਤੀਸ਼ਤ ਇਨ੍ਹਾਂ ਚੋਣਾਂ ਵਿੱਚ ਮਿਲੀ ਵੋਟ ਪ੍ਰਤੀਸ਼ਤ ਨਾਲੋਂ ਦੁੱਗਣਾ ਹੋ ਗਿਆ।


ਉਨ੍ਹਾਂ ਨੇ ਵੇਰਵੇ ਦਿੰਦੇ ਹੋਏ, ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਲੁਧਿਆਣਾ ਪੱਛਮੀ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ 41 ਪ੍ਰਤੀਸ਼ਤ ਸੀ, ਜੋ ਇਸ ਵਾਰ ਘੱਟ ਕੇ 22 ਪ੍ਰਤੀਸ਼ਤ ਰਹਿ ਗਿਆ। ਜਦਕਿ 2024 ਵਿੱਚ 'ਆਪ' ਦਾ ਵੋਟ ਪ੍ਰਤੀਸ਼ਤ 20 ਪ੍ਰਤੀਸ਼ਤ ਸੀ, ਜੋ ਇਸ ਵਾਰ 39 ਪ੍ਰਤੀਸ਼ਤ ਹੋ ਗਿਆ। ਇਸ ਦੇ ਮੁਕਾਬਲੇ, ਕਾਂਗਰਸ ਦਾ ਵੋਟ ਪ੍ਰਤੀਸ਼ਤ ਲਗਭਗ ਉਹੀ ਰਿਹਾ, ਕਿਉਂਕਿ 2024 ਵਿੱਚ ਇਹ 28 ਪ੍ਰਤੀਸ਼ਤ ਸੀ, ਜਦੋਂ ਕਿ ਇਸ ਵਾਰ ਇਹ 27 ਪ੍ਰਤੀਸ਼ਤ ਰਿਹਾ ਹੈ।


ਉਨ੍ਹਾਂ ਕਿਹਾ ਕਿ ਕਾਰਨ ਕਿਸੇ 'ਤੇ ਵੀ ਨਹੀਂ ਛਿਪਿਆ ਹੈ, ਕਿਉਂਕਿ ਭਾਜਪਾ ਨੇ ਜਾਣਬੁੱਝ ਕੇ ਆਪਣੇ ਉਮੀਦਵਾਰ ਦਾ ਐਲਾਨ ਕਰਨ ਵਿੱਚ ਦੇਰੀ ਕੀਤੀ ਅਤੇ ਸਹੀ ਢੰਗ ਨਾਲ ਪ੍ਰਚਾਰ ਵੀ ਨਹੀਂ ਕੀਤਾ। ਇਸ ਤੋਂ ਇਲਾਵਾ, ਬਿਨ੍ਹਾਂ ਕਿਸੇ ਦਾ ਨਾਂਮ ਲਏ ਟਿੱਪਣੀ ਕੀਤੀ ਕਿ ਪੰਜਾਬ ਦੇ ਇੱਕ ਸੀਨੀਅਰ ਭਾਜਪਾ ਆਗੂ ਅਤੇ ਇੱਕ ਸੀਨੀਅਰ 'ਆਪ' ਆਗੂ ਵਿਚਕਾਰ ਨੇੜਲੇ ਦੋਸਤਾਨਾ ਸਬੰਧ ਬਹੁਤ ਜਾਣੇ-ਪਛਾਣੇ ਹਨ।


ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਨਾ ਸਿਰਫ਼ ਪੰਜਾਬ ਵਿੱਚ, ਸਗੋਂ ਗੁਜਰਾਤ ਵਿੱਚ ਵੀ ਭਾਜਪਾ ਕਾਂਗਰਸ ਦੇ ਵਿਰੁੱਧ 'ਆਪ' ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਾਣਬੁੱਝ ਕੇ ਵਿਸਾਵਦਰ ਵਿਧਾਨ ਸਭਾ ਹਲਕੇ ਵਿੱਚ 'ਆਪ' ਦੇ ਖਿਲਾਫ ਇੱਕ ਨਵੇਂ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ, ਜਿਸ ਨਾਲ 'ਆਪ' ਦੀ ਜਿੱਤ ਨੂੰ ਸੌਖਾ ਬਣਾਇਆ ਗਿਆ, ਤਾਂ ਜੋ ਕਾਂਗਰਸ ਨਾਲ ਵਿਰੋਧੀ ਧਿਰ ਦੀ ਜਗ੍ਹਾ ਹਾਸਲ ਕਰਨ ਵਿੱਚ ਮਦਦ ਮਿਲ ਸਕੇ।


ਕਾਂਗਰਸ ਵਿੱਚ ਅੰਦਰੂਨੀ ਲੜਾਈ ਦੀਆਂ ਅਟਕਲਾਂ 'ਤੇ, ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਹ ਮੁੜ ਤੋਂ ਦੁਹਰਾਉਂਦੇ ਹਨ ਕਿ ਕਾਂਗਰਸ ਇੱਕਜੁੱਟ ਅਤੇ ਇਕੱਠੀ ਹੈ। ਸਿਰਫ਼ ਵਿਚਾਰਾਂ ਦੇ ਮਤਭੇਦ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵੰਡੇ ਹੋਏ ਹਾਂ।


ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰਨਾਂ ਸਮੇਤ ਸੀਨੀਅਰ ਲੀਡਰਸ਼ਿਪ ਨੇ ਦਿਨ-ਰਾਤ ਕੰਮ ਕੀਤਾ। ਇਸ ਤੋਂ ਇਲਾਵਾ, ਉਹ ਨਾਮਜ਼ਦਗੀ ਵਾਲੇ ਦਿਨ ਤੋਂ ਹੀ ਨਿੱਜੀ ਤੌਰ 'ਤੇ ਉੱਥੇ ਮੌਜੂਦ ਸਨ।


ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ, ਉਨ੍ਹਾਂ ਨੂੰ ਹੋਰ ਪਾਰਟੀ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਨੂੰ ਵੀ ਅੰਜਾਮ ਦੇਣਾ ਪੈਂਦਾ ਸੀ, ਜੋ ਕਿ ਏ.ਆਈ.ਸੀ.ਸੀ. ਦੁਆਰਾ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿੱਚ 'ਸੰਵਿਧਾਨ ਬਚਾਓ ਮੀਟਿੰਗਾਂ' ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਤੱਕ ਪਹੁੰਚਣਾ ਸ਼ਾਮਲ ਸੀ।


ਵੜਿੰਗ ਨੇ ਕਾਂਗਰਸ 'ਤੇ ਮੀਡੀਆ ਟ੍ਰਾਇਲ ਦਾ ਦੋਸ਼ ਲਗਾਉਂਦੇ ਹੋਏ, ਪੁੱਛਿਆ ਕਿ ਮੀਡੀਆ ਆਮ ਆਦਮੀ ਪਾਰਟੀ ਨੂੰ ਉਹੀ ਸਵਾਲ ਕਿਉਂ ਨਹੀਂ ਪੁੱਛ ਰਿਹਾ ਸੀ, ਜਦਕਿ ਪਿਛਲੇ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਆਏ ਸਨ ਅਤੇ ਨਾ ਹੀ ਉਹ ਪਾਰਟੀ ਦੇ ਅਖੀਰਲੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.