ਤਾਜਾ ਖਬਰਾਂ
ਹਰਿਆਣਾ: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿਚ ਪਿੰਡ ਝਿੰਝਰ ਨੇੜੇ ਰਾਸ਼ਟਰੀ ਰਾਜਮਾਰਗ NH 152-D 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਟਰੱਕ ਆਪਸ ਵਿੱਚ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਲਾਜ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ, ਇੱਕ ਟਰੱਕ ਖੜ੍ਹਾ ਸੀ ਜਦਕਿ ਦੂਜਾ ਟਰੱਕ ਉਸ ਨਾਲ ਤੇਜ਼ ਰਫ਼ਤਾਰ ਵਿੱਚ ਆ ਟਕਰਾਇਆ। ਥੋੜ੍ਹੀ ਦੇਰ ਵਿੱਚ ਇੱਕ ਹੋਰ ਟਰੱਕ ਵੀ ਇਨ੍ਹਾਂ ਦੋਹਾਂ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤਿੰਨੋਂ ਟਰੱਕ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਆਵਾਜਾਈ ਕੁਝ ਸਮੇਂ ਲਈ ਬਿਲਕੁਲ ਰੁਕ ਗਈ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਚਰਖੀ ਦਾਦਰੀ ਸਿਵਲ ਹਸਪਤਾਲ ਭੇਜਿਆ, ਪਰ ਹਾਲਤ ਗੰਭੀਰ ਹੋਣ ਕਰਕੇ ਦੋਵਾਂ ਨੂੰ PGI ਰੋਹਤਕ ਰੈਫਰ ਕਰਨਾ ਪਿਆ। ਇਲਾਜ ਦੌਰਾਨ ਸੁਮਿਤ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਅਤੇ ਜ਼ਖਮੀ ਦੀ ਪਛਾਣ ਸੁਮਿਤ ਅਤੇ ਅਨਵਰ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਦੂਜੇ ਮ੍ਰਿਤਕ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ। ਪੁਲਿਸ ਵਲੋਂ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਦੋਹਾਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਾਦਸਾ ਕਿਸੇ ਵਾਹਨ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਜਾਂ ਕਿਸੇ ਹੋਰ ਕਾਰਨ ਕਰਕੇ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਹਕੀਕਤ ਸਾਹਮਣੇ ਆਵੇਗੀ।
Get all latest content delivered to your email a few times a month.