ਤਾਜਾ ਖਬਰਾਂ
ਮੋਹਾਲੀ, 18 ਜੂਨ- ਇਰਾਨ ਅਤੇ ਇਜ਼ਰਾਇਲ ਵਿਚਾਲੇ ਚਲ ਰਹੀ ਜੰਗ ਦਾ ਅੱਜ ਛੇਵਾਂ ਦਿਨ ਹੈI ਇਸ ਦੌਰਾਨ ਰਾਜ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਜ਼ਰਾਇਲ ਅਤੇ ਇਰਾਨ ਵਿਚਾਲੇ ਚਲ ਰਹੀ ਜੰਗ ‘ਤੇ ਚਿੰਤਾ ਪ੍ਰਗਟਾਉਂਦਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਦਾਖ਼ਲਅੰਦਾਜ਼ੀ ਦੇ ਕੇ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ। ਉਨ੍ਹਾਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜਿਹੜੇ ਵੀ ਦੇਸ਼ ਦਾ ਇੱਕ-ਦੂਜੇ ਨਾਲ ਕੋਈ ਰੌਲਾ ਜਾਂ ਵਿਵਾਦ ਚੱਲ ਰਿਹਾ ਹੈ ਉਸ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਪਹਿਲਾਂ ਹੀ ਲੰਬੇ ਸਮੇਂ ਤੋਂ ਯੂਕਰੇਨ ਅਤੇ ਰੂਸ ਵਿੱਚ ਯੁੱਧ ਚੱਲ ਰਿਹਾ ਹੈ। ਦੋਵਾਂ ਮੁਲਕਾਂ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਇਜ਼ਰਾਇਲ ਅਤੇ ਹਮਾਸ ਵਿੱਚ ਜੰਗ ਚੱਲ ਰਹੀ ਹੈ। ਸੰਤ ਸੀਚੇਵਾਲ ਨੇ ਬੜਾ ਡੂੰਘਾ ਦੁੱਖ ਪ੍ਰਗਟਾਉਂਦਿਆ ਕਿਹਾ ਕਿ ਇਜ਼ਰਾਇਲੀ ਹਮਲਿਆਂ ਨਾਲ ਕਿੰਨ੍ਹੇ ਬੱਚੇ ਮਾਰੇ ਗਏ ਹਨ, ਜਿੰਨ੍ਹਾਂ ਨੂੰ ਅਜੇ ਜੰਗ ਦੇ ਅਰਥਾਂ ਦਾ ਵੀ ਨਹੀਂ ਪਤਾ।
ਸੰਤ ਸੀਚੇਵਾਲ ਨੇ ਕਿਹਾ ਕਿ ਧਰਤੀ ‘ਤੇ ਕਿਸੇ ਵੀ ਮੁਲਕ ਵਿੱਚ ਜਦੋਂ ਜੰਗ ਲੱਗਦੀ ਹੈ ਤਾਂ ਸਭ ਤੋਂ ਮਾੜਾ ਪ੍ਰਭਾਵ ਮਜ਼ਦੂਰ ਅਤੇ ਮੱਧ ਵਰਗੀ ਲੋਕਾਂ 'ਤੇ ਪੈਂਦਾ ਹੈ। ਉਨ੍ਹਾਂ ਜੰਗ ਨੂੰ ਸਰਮਾਏਦਾਰੀ ਦੀ ਖੇਡ ਦੱਸਦਿਆ ਕਿਹਾ ਕਿ ਵੱਡੀਆਂ ਧਿਰਾਂ ਸਿਰਫ਼ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਅਤੇ ਹਥਿਆਰ ਵੇਚਣ ਲਈ ਮੁਲਕਾਂ ਨੂੰ ਜੰਗਾਂ ਵਿੱਚ ਝੋਕ ਦਿੰਦੇ ਹਨ। ਹੁਣ ਜਦੋਂ ਦੁਨੀਆਂ ਭਰ ਦੇ ਮੁਲਕ ਇੱਕ-ਦੂਜੇ ‘ਤੇ ਨਿਰਭਰ ਹਨ ਤਾਂ ਜੰਗ ਦਾ ਅਸਰ ਸਮੁੱਚੀ ਦੁਨੀਆਂ ਦੇ ਲੋਕਾਂ ‘ਤੇ ਖ਼ਾਸ ਕਰਕੇ ਗਰੀਬ ਵਰਗ ‘ਤੇ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਰਾਨ ਦੇ ਤੇਲ ਟਿਕਾਣਿਆਂ ‘ਤੇ ਹੋਏ ਹਮਲਿਆਂ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ ਤੇ ਇਸ ਨਾਲ ਸਾਰੀਆਂ ਵਸਤਾਂ ਮਹਿੰਗੀਆਂ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਜੰਗ ਕਰ ਰਹੇ ਮੁਲਕਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੰਬਾਂ ਨਾਲ ਧਰਤੀ ਨੂੰ ਤਬਾਹ ਕਰਨ ਦੀਆਂ ਵਿਉਂਤਾਂ ਘੜਨ ਦੀ ਥਾਂ ਬੇਰੁਜ਼ਗਾਰੀ ਵਿਰੁੱਧ ਜੰਗ ਲੜਨ, ਦੇਸ਼ਾਂ ਵਿੱਚ ਅਨ੍ਹਪੜਤਾ ਖ਼ਤਮ ਕਰਨ ਲਈ ਆਪਣੀਆਂ ਯੋਜਨਾਵਾਂ ਘੜਨ। ਦੁਨੀਆਂ ਦੇ ਮੁਲਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਦਰਿਆ ਪਲੀਤ ਹੋ ਰਹੇ ਹਨ। ਉਹ ਪ੍ਰਦੂਸ਼ਣ ਵਿਰੁੱਧ ਜੰਗ ਲੜਨ ਨਾ ਕਿ ਦੁਨੀਆਂ ਦੇ ਖ਼ਾਤਮੇ ਲਈ ਕੰਮ ਕਰਨ।
Get all latest content delivered to your email a few times a month.