ਤਾਜਾ ਖਬਰਾਂ
ਰਾਜ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਜ਼ਰਾਇਲ ਅਤੇ ਇਰਾਨ ਵਿੱਚ ਛਿੜੀ ਜੰਗ ‘ਤੇ ਚਿੰਤਾ ਪ੍ਰਗਟਾਉਂਦਿਆ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਰ ਰਾਸੂਖ ਵਰਤ ਕੇ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ। ਉਨ੍ਹਾਂ ਇੱਥੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜਿਹੜੇ ਵੀ ਦੇਸ਼ ਦਾ ਇੱਕ ਦੂਜੇ ਨਾਲ ਕੋਈ ਰੌਲਾ ਜਾ ਵਿਵਾਦ ਚੱਲ ਰਿਹਾ ਹੈ ਉਸ ਨੂੰ ਟੇਬਲ ‘ਤੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਇੱਕ ਵਾਰ ਫਿਰ ਦੁਰਾਇਆ ਕਿ ਸਮੁੱਚੀ ਦੁਨੀਆਂ ਵਿੱਚ ਸੁਖਸ਼ਾਂਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਪਹਿਰਾ ਦੇਣ ਨਾਲ ਹੀ ਆ ਸਕਦੀ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸ਼ਾਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਫਲਸਫੇ ਤੇ ਚੱਲ ਕੇ ਹੀ ਆ ਸਕਦੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਪਹਿਲਾਂ ਹੀ ਲੰਮੇ ਸਮੇਂ ਤੋਂ ਯੂਕਰੇਨ ਅਤੇ ਰੂਸ ਵਿੱਚ ਯੁੱਧ ਚੱਲ ਰਿਹਾ ਹੈ। ਦੋਵਾਂ ਮੁਲਕਾਂ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਇਜ਼ਰਾਇਲ ਅਤੇ ਹਮਾਸ ਵਿੱਚ ਜੰਗ ਚੱਲ ਰਹੀ ਹੈ। ਸੰਤ ਸੀਚੇਵਾਲ ਨੇ ਬੜਾ ਡੂੰਘਾ ਦੁੱਖ ਪ੍ਰਗਟਾਉਂਦਿਆ ਕਿਹਾ ਕਿ ਇਜ਼ਰਾਇਲੀ ਹਮਲਿਆਂ ਨਾਲ ਕਿੰਨ੍ਹੇ ਬੱਚੇ ਮਾਰੇ ਗਏ ਹਨ, ਜਿੰਨ੍ਹਾਂ ਨੂੰ ਅਜੇ ਜੰਗ ਦੇ ਅਰਥਾਂ ਦਾ ਵੀ ਨਹੀਂ ਪਤਾ। ਇਸੇ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਿੱਚ ਤਿੰਨ-ਚਾਰ ਦਿਨ ਬਹੁਤ ਭਾਰੀ ਤਣਾਅ ਬਣਿਆ ਰਿਹਾ ਸੀ।
ਸੰਤ ਸੀਚੇਵਾਲ ਨੇ ਕਿਹਾ ਕਿ ਧਰਤੀ ‘ਤੇ ਕਿਸੇ ਵੀ ਮੁਲਕ ਵਿੱਚ ਜਦੋਂ ਜੰਗ ਲੱਗਦੀ ਹੈ ਤਾਂ ਸਭ ਤੋਂ ਮਾੜਾ ਪ੍ਰਭਾਵ ਮਜ਼ਦੂਰ ਅਤੇ ਮੱਧ ਵਰਗੀ ਲੋਕਾਂ ‘ੱਤੇ ਪੈਂਦਾ ਹੈ। ਉਨ੍ਹਾਂ ਜੰਗ ਨੂੰ ਸਰਮਾਏਦਾਰੀ ਦੀ ਖੇਡ ਦੱਸਦਿਆ ਕਿਹਾ ਕਿ ਵੱਡੀਆਂ ਧਿਰਾਂ ਸਿਰਫ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਅਤੇ ਹਥਿਆਰ ਵੇਚਣ ਲਈ ਮੁਲਕਾਂ ਨੂੰ ਜੰਗਾਂ ਵਿੱਚ ਝੋਕ ਦਿੰਦੇ ਹਨ। ਹੁਣ ਜਦੋਂ ਦੁਨੀਆਂ ਭਰ ਦੇ ਮੁਲਕ ਇੱਕ ਦੂਜੇ ‘ਤੇ ਨਿਰਭਰ ਹਨ ਤਾਂ ਜੰਗ ਦਾ ਅਸਰ ਸਮੁੱਚੀ ਦੁਨੀਆਂ ਦੇ ਲੋਕਾਂ ‘ਤੇ ਖ਼ਾਸ ਕਰਕੇ ਗਰੀਬ ਵਰਗ ‘ਤੇ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਰਾਨ ਦੇ ਤੇਲ ਟਿਕਾਣਿਆਂ ‘ਤੇ ਹੋਏ ਹਮਲਿਆ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ ਤੇ ਇਸ ਨਾਲ ਸਾਰੀਆਂ ਵਸਤਾਂ ਮਹਿੰਗੀਆਂ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਜੰਗ ਕਰ ਰਹੇ ਮੁਲਕਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਐਟਮ ਬੰਬਾਂ ਨਾਲ ਧਰਤੀ ਨੂੰ ਤਬਾਹ ਕਰਨ ਦੀਆਂ ਵਿਉਂਤਾਂ ਘੜਨ ਦੀ ਥਾਂ ਬੇਰੁਜ਼ਗਾਰੀ ਵਿਰੁੱਧ ਜੰਗ ਲੜਨ, ਦੇਸ਼ਾਂ ਵਿੱਚ ਅਨ੍ਹਪੜਤਾ ਖਤਮ ਕਰਨ ਲਈ ਆਪਣੀਆਂ ਯੋਜਨਾਵਾਂ ਘੜਨ। ਦੁਨੀਆਂ ਦੇ ਮੁਲਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਦਰਿਆ ਪਲੀਤ ਹੋ ਰਹੇ ਹਨ। ਉਹ ਪ੍ਰਦੂਸ਼ਣ ਵਿਰੁੱਧ ਜੰਗ ਲੜਨ ਨਾ ਕਿ ਦੁਨੀਆਂ ਦੇ ਖਾਤਮੇ ਲਈ ਕੰਮ ਕਰਨ।
Get all latest content delivered to your email a few times a month.