ਤਾਜਾ ਖਬਰਾਂ
ਹਿਸਾਰ, 17 ਜੂਨ- ਹਿਸਾਰ ਜ਼ਿਲ੍ਹੇ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਦਾ ਟਾਇਰ ਅਚਾਨਕ ਫਟ ਗਿਆ। ਹਾਦਸਾ ਬਰਵਾਲਾ ਬਾਈਪਾਸ ਨੇੜੇ ਵਾਪਰਿਆ, ਜਿੱਥੇ ਟਾਇਰ ਫਟਣ ਕਾਰਨ ਕਾਰ ਅਸੰਤੁਲਿਤ ਹੋ ਕੇ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਟਰੱਕ ਹੇਠਾਂ ਫਸ ਗਈ ਅਤੇ ਕਾਰ ਦੇ ਪੁਰਜ਼ੇ ਉੱਡ ਗਏ।
ਮ੍ਰਿਤਕਾਂ ਦੀ ਪਛਾਣ ਸੁਰਜਾਖੇੜਾ ਪਿੰਡ ਦੇ ਰਹਿਣ ਵਾਲੇ 75 ਸਾਲਾ ਮਹਾਵੀਰ ਸਿੰਘ, ਉਨ੍ਹਾਂ ਦੀ ਪਤਨੀ 70 ਸਾਲਾ ਰੋਸ਼ਨੀ ਦੇਵੀ, 40 ਸਾਲਾ ਭਤੀਜਾ ਸੰਦੀਪ ਉਰਫ ਮੀਕੂ ਅਤੇ ਪਿੰਡ ਵਾਸੀ 40 ਸਾਲਾ ਸੁਨੀਲ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਪਰਿਵਾਰ ਦੇ ਮੈਂਬਰ ਹਿਸਾਰ ਦੇ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਰਸਤੇ 'ਚ ਇਹ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਗੱਡੀ ਤੋਂ ਕੱਢਿਆ ਗਿਆ। ਹਾਲੇ ਤੱਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.