ਤਾਜਾ ਖਬਰਾਂ
ਸੰਗਰੂਰ, 8 ਜੂਨ- ਜਿਉਂਦਿਆਂ ਇਕੱਠਿਆਂ ਨਹੀਂ ਕਰ ਸਕਿਆ ਪਰ ਮਰਨ ਉਪਰੰਤ ਆਪਣੇ ਸ਼ਰਧਾਂਜਲੀ ਸਮਾਗਮ ਤੇ ਇੱਕੋ ਮੰਚ ਤੇ ਪੰਥਕ ਆਗੂਆਂ ਨੂੰ ਇਕੱਠਿਆਂ ਬਿਠਾ ਗਏ ਸੁਖਦੇਵ ਸਿੰਘ ਢੀਡਸਾ । ਅੱਜ ਦਰਵੇਸ਼ ਸਿਆਸਤਦਾਨ , ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਸੁਖਦੇਵ ਸਿੰਘ ਢੀਡਸਾ ਨਮਿਤ ਸ਼ਰਧਾਂਜਲੀ ਸਮਾਗਮ ਚ ਵੱਡੀ ਗਿਣਤੀ ਵਿੱਚ ਹੋਏ ਲੋਕਾਂ ਦੇ ਇਕੱਠ ਨੇ ਇੱਕ ਗੱਲ ਤੇ ਮੋਹਰ ਲਗਾ ਦਿੱਤੀ ਕਿ ਇੱਕ ਵੱਡੀ ਸ਼ਖਸ਼ੀਅਤ ਉਹਨਾਂ ਤੋਂ ਵਿਛੜ ਗਈ ਹੈ । ਸ਼ਰਧਾਂਜਲੀ ਸਮਾਗਮ ਸਮੇਂ ਜਿੱਥੇ ਹਜੂਰੀ ਰਾਗੀ ਦੇ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ ,ਉੱਥੇ ਹੀ ਰਾਧਾ ਸੁਆਮੀ ਬਿਆਸ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੀ ਲੰਬਾ ਸਮਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਰਹੇ । ਇਸ ਸਮੇਂ ਕੀ ਬੁਲਾਰਿਆਂ ਨੇ ਖੇਤਰੀ ਪਾਰਟੀ ਅਕਾਲੀ ਦਲ ਦੇ ਮਜਬੂਤ ਹੋਣ ਦੀ ਗੱਲ ਆਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਦੀ ਵੀ ਗੱਲ ਉੱਠੀ ।
ਅੱਤ ਦੀ ਗਰਮੀ ਦੇ ਬਾਵਜੂਦ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਦਰਵੇਸ਼ ਸਿਆਸਤਦਾਨ ਨੂੰ ਯਾਦ ਕੀਤਾ। ਹਰੇਕ ਪਾਰਟੀ ਦੇ ਵੱਡੇ ਆਗੂ ਨੇ ਸ਼ਿਰਕਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬ ਤੇ ਪੰਥ ਦਾ ਵੱਡਾ ਹਿਤੈਸ਼ੀ ਦੱਸਿਆ
ਇਕੱਠ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਮਰਹੂਮ ਸ. ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾ ਪੁਸ਼ਪ ਅਰਪਿਤ ਕਰਦਿਆਂ ਕਿਹਾ ਗਿਆ ਕਿ ਸ. ਢੀਂਡਸਾ ਵੱਲੋਂ ਕੀਤੀ ਲੋਕ ਸੇਵਾ ਲਈ ਉਹਨਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਹਨਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ।
ਅਰੋੜਾ ਨੇ ਕਿਹਾ ਕਿ ਮਰਹੂਮ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਹਲੀਮ ਸ਼ਖ਼ਸੀਅਤ ਸਦਕਾ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਤੇ ਪਾਰਟੀ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਸਮਾਜ ਵਿੱਚ ਵਿਚਰਦੇ ਰਹੇ। ਸ਼੍ਰੀ ਅਰੋੜਾ ਨੇ ਕਿਹਾ ਕਿ ਸ.ਸੁਖਦੇਵ ਸਿੰਘ ਢੀਂਡਸਾ ਦੇ ਜੀਵਨ ਪੰਧ ਵਿੱਚੋਂ ਬਹੁਤ ਸਾਰੀਆਂ ਗੱਲਾਂ ਹਰ ਇਕ ਇਨਸਾਨ ਨੂੰ ਸੇਧ ਦੇਣ ਵਾਲੀਆਂ ਹਨ, ਜਿਨ੍ਹਾਂ ਤੋਂ ਸੇਧ ਲੈ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਇਸ ਮੌਕੇ ਉਹਨਾਂ ਨੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉੱਥੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਬੁਲਾਰਿਆਂ ਵਿੱਚ ਪੰਜਾਬ ਆਪ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸਿਆਸੀ ਵਖਰੇਵਿਆਂ ਦੇ ਬਾਵਜੂਦ ਸੁਖਦੇਵ ਸਿੰਘ ਢੀਂਡਸਾ ਦੀ ਸਖਸੀਅਤ ਦੇ ਨਿੱਜੀ ਗੁਣਾਂ, ਨਿੱਘੇ, ਸਾਊ ਤੇ ਮਿਲਣਸਾਰ ਸੁਭਾਅ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੇ ਸਾਂਝੇ ਅਤੇ ਪੰਜਾਬ ਤੇ ਪੰਥ ਦੇ ਵੱਡੇ ਆਗੂ ਸਨ। ਉਨ੍ਹਾਂ ਕਿਹਾ ਕਿ ਅਜਿਹੀ ਸ਼ਖ਼ਸੀਅਤ ਤੋਂ ਸਭ ਨੂੰ ਸਿੱਖਣ ਦੀ ਲੋੜ ਹੈ ਜੋ ਸਾਡੇ ਲਈ ਚਾਨਣ ਮੁਨਾਰਾ ਹੈ। ਉਹ ਚਿੱਟੀ ਚਾਦਰ ਬੇਦਾਗ਼ ਲੈ ਕੇ ਗਏ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਸ਼ੋਕ ਸੰਦੇਸ਼ ਸਾਂਝਾ ਕੀਤਾ।
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਛੇ ਦਹਾਕਿਆਂ ਦੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਦੇਣ ਨੂੰ ਯਾਦ ਕੀਤਾ। ਉਹਨਾਂ ਆਖ਼ਰੀ ਸਮੇਂ ਕੀਤੀ ਮਿਲਣੀ ਦਾ ਵੀ ਜ਼ਿਕਰ ਕੀਤਾ।
ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸੁਧਾਰ ਲਹਿਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਜਿੰਮਾ ਸਾਂਭ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬ ਤੇ ਸਿੱਖ ਕੌਮ ਦੀ ਸਿਰਮੌਰ ਸ਼ਖ਼ਸੀਅਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਉਹ ਸਾਰੀ ਉਮਰ ਅਕਾਲੀ ਰਹੇ ਅਤੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।
ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ ਨੇ ਢੀਂਡਸਾ ਸਾਹਬ ਦੇ ਜੀਵਨ ਦੇ ਨਿਵੇਕਲੇ ਪਹਿਲੂਆਂ ਬਾਰੇ ਚਾਨਣਾ ਪਾਇਆ। ਉਹਨਾਂ ਦੀ ਖੇਡ ਨੂੰ ਬਹੁਤ ਦੇਣ ਹੈ। ਬਤੌਰ ਕੇਂਦਰੀ ਖੇਡ ਮੰਤਰੀ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵਜੋਂ ਲਾਮਿਸਾਲ ਸੇਵਾਵਾਂ ਨਿਭਾਈਆਂ। ਪਿੰਡ ਦੀ ਸਰਪੰਚੀ ਤੋਂ ਲੈ ਕੇ ਯੂਐਨਓ ਤੱਕ ਬੋਲੇ। ਇੱਕ ਵਾਰ ਅਜ਼ਾਦ ਵਿਧਾਇਕ ਜਿੱਤਣ ਉੱਤੇ ਕਾਂਗਰਸ ਦੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ ਮੰਤਰੀ ਬਣਨ ਦੀ ਪੇਸ਼ਕਸ਼ ਦੇ ਬਾਵਜੂਦ ਉਹਨਾਂ ਅਕਾਲੀ ਦਲ ਨਹੀਂ ਛੱਡਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਥ ਵੱਲੋਂ ਸਭ ਦਾ ਧੰਨਵਾਦ ਕੀਤਾ। ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਢੀਂਡਸਾ ਪਰਿਵਾਰ ਨਾਲ ਨਿੱਜੀ ਸਾਂਝ ਦਾ ਜ਼ਿਕਰ ਕਰਦਿਆਂ ਇਸ ਨੂੰ ਨਿੱਜੀ ਘਾਟਾ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਨੇ ਸੁੱਗੜ, ਸਿਆਣਾ ਤੇ ਦਰਵੇਸ਼ ਸਿਆਸਤਦਾਨ ਖੋਹ ਲਿਆ।
ਅੰਤ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਾਵੁਕ ਹੁੰਦਿਆਂ ਆਪਣੇ ਪਿਤਾ ਵੱਲੋਂ ਦਿੱਤੇ ਸੰਸਕਾਰਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਉਹ ਜੋ ਵੀ ਹਨ ਉਹ ਸਭ ਆਪਣੇ ਪਿਤਾ ਬਦਲੌਤ ਹਨ। ਉਨ੍ਹਾਂ ਢੀਂਡਸਾ ਸਾਹਬ ਦੀ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਸਾਂਝ ਦੇ ਜ਼ਿਕਰ ਤੋਂ ਢੀਂਡਸਾ ਸਾਹਬ ਨਾਲ ਅੰਤਲੇ ਸਮੇਂ ਤੱਕ ਆਪਣੇ ਸਟਾਫ ਨਾਲ ਸਾਂਝ ਦੀ ਗੱਲ ਕਰਦਿਆਂ ਇਕੱਲੇ ਇਕੱਲੇ ਸਟਾਫ ਦੇ ਮੈਂਬਰ ਦਾ ਨਾਮ ਲਿਆ।
ਮੰਚ ਸੰਚਾਲਨ ਸਾਬਕਾ ਮੰਤਰੀ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।
ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਦਸਤਾਰ ਭੇਂਟ ਕੀਤੀ।
ਸਮਾਗਮ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ,ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ,ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਡਾ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਗਟ ਸਿੰਘ, ਰਣਦੀਪ ਸਿੰਘ ਨਾਭਾ, ਗੁਰਪ੍ਰੀਤ ਸਿੰਘ ਕਾਂਗੜ, ਗੋਬਿੰਦ ਸਿੰਘੇ ਲੌਂਗੋਵਾਲ, ਸੁਰਜੀਤ ਜਿਆਣੀ ਤੇ ਨੁਸਰਤ ਅਲੀ ਖਾਨ ਬੱਗਾ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਸ਼ੇਰ ਸਿੰਘ ਘੁਬਾਇਆ ਤੇ ਸਤਨਾਮ ਸਿੰਘ ਸੰਧੂ, ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਜਗਮੀਤ ਸਿੰਘ ਬਰਾੜ, ਮੁਹੰਮਦ ਸਦੀਕ, ਪਰਮਜੀਤ ਕੌਰ ਗੁਲਸ਼ਨ ਤੇ ਹੰਸ ਰਾਜ ਹੰਸ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਬਰਿੰਦਰ ਮੀਤ ਸਿੰਘ ਪਾਹੜਾ ਤੇ ਲਾਡੀ ਸ਼ੇਰੋਵਾਲੀਆ, ਸਾਬਕਾ ਮੁੱਖ ਸੰਸਦੀ ਸਕੱਤਰ ਬਲਬੀਰ ਸਿੰਘ ਘੁੰਨਸ, ਮਹਿੰਦਰ ਕੌਰ ਜੋਸ਼ ਤੇ ਜਗਦੀਪ ਨਕਈ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਭੁੱਲੇਵਾਲਾ ਰਾਠਾਂ, ਅਰਵਿੰਦ ਖੰਨਾ, ਹਰਪ੍ਰੀਤ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਸਟਿਸ ਨਿਰਮਲ ਸਿੰਘ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਦਰਸ਼ਨ ਸਿੰਘ ਸ਼ਿਵਾਲਿਕ, ਦਲਬੀਰ ਸਿੰਘ ਗੋਲਡੀ, ਇਕਬਾਲ ਸਿੰਘ ਝੂੰਦਾ, ਬਲਦੇਵ ਮਾਨ, ਸੰਤਾ ਸਿੰਘ ਉਮੈਦਪੁਰੀ ਅਬਦੁਲ ਗੁਫਾਰ ਤੇ ਡਾ ,ਹਰਜੋਤ ਕਮਲ ਹਾਜ਼ਰ ਸਨ।
ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵੀਸੀ ਡਾ ਜਸਪਾਲ ਸਿੰਘ, ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ, ਪਹਿਲਵਾਨਾਂ ਦੀ ਕੌਮਾਂਤਰੀ ਸੰਸਥਾ ਦੇ ਪ੍ਰਧਾਨ ਕੰਵਰਜੀਤ ਸਿੰਘ ਸੰਧੂ, ਸਾਈਕਲਿੰਗ, ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਓਂਕਾਰ ਸਿੰਘ, ਦਿੱਲੀ ਤੋਂ ਹਰਮੀਤ ਸਿੰਘ ਕਾਲਕਾ, ਹਰਿਆਣਾ ਤੋਂ ਜਗਦੀਸ਼ ਸਿੰਘ ਝੀਂਡਾ, ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੀਤ ਕੌਰ, ਗੁਰਚਰਨ ਸਿੰਘ ਟੌਹੜਾ ਦੀ ਬੇਟੀ ਕੁਲਦੀਪ ਕੌਰ, ਜਗਦੇਵ ਸਿੰਘ ਤਲਵੰਡੀ ਦੀ ਬੇਟੀ ਹਰਜੀਤ ਕੌਰ ਤਲਵੰਡੀ, ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ, ਦਰਬਾਰਾ ਸਿੰਘ ਗੁਰੂ, ਨਿਧੜਕ ਸਿੰਘ ਬਰਾੜ, ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਦਲਮੇਘ ਸਿੰਘ, ਮਿੱਠੂ ਸਿੰਘ ਕਾਹਨੇਕੇ, ਹੌਬੀ ਧਾਲੀਵਾਲ, ਪਰਮਬੰਸ ਸਿੰਘ ਬੰਟੀ ਰੋਮਾਣਾ, ਚਰਨਜੀਤ ਸਿੰਘ ਬਰਾੜ, ਡਾ ਹਰਕੇਸ਼ ਸਿੰਘ ਸਿੱਧੂ ਆਦਿ ਆਗੂਆਂ ਨੇ ਸਰਦਾਰ ਢੀਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਡਸਾ ਤੇ ਦਾਮਾਦ ਤਜਿੰਦਰ ਪਾਲ ਸਿੰਘ ਸਿੱਧੂ ਤੇ ਹਰਸੁੱਖਇੰਦਰ ਸਿੰਘ ਬਰਾੜ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
Get all latest content delivered to your email a few times a month.