ਤਾਜਾ ਖਬਰਾਂ
ਕੈਨੇਡਾ ਦੇ ਸ਼ਹਿਰ ਸਰੀ 'ਚ ਜਨਵਰੀ 2024 ਵਿੱਚ ਹੋਏ ਹਿੱਟ-ਐਂਡ-ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ, ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋਵਾਂ ਨੇ 45 ਸਾਲਾ ਜੇਸਨ ਐਲਬਰਟ ਗ੍ਰੇ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਲਗਭਗ 1.3 ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਅਤੇ ਫਿਰ ਉਸਦੀ ਲਾਸ਼ ਨੂੰ ਸੜਕ 'ਤੇ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ, ਦੋਵਾਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਇਹ ਘਟਨਾ 27 ਜਨਵਰੀ, 2024 ਨੂੰ ਸਵੇਰੇ 1.38 ਵਜੇ ਦੇ ਕਰੀਬ ਵਾਪਰੀ, ਜਦੋਂ ਗਗਨਪ੍ਰੀਤ ਸਿੰਘ, ਜਗਦੀਪ ਸਿੰਘ ਦੀ ਲਾਲ ਫੋਰਡ ਮਸਟੈਂਗ ਚਲਾ ਰਿਹਾ ਸੀ, ਨੇ ਯੂਨੀਵਰਸਿਟੀ ਡਰਾਈਵ 'ਤੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਘਟਨਾ ਦੇ ਚਸ਼ਮਦੀਦਾਂ ਨੇ 911 'ਤੇ ਫ਼ੋਨ ਕੀਤਾ ਅਤੇ ਦੱਸਿਆ ਕਿ ਇੱਕ ਆਦਮੀ ਸੜਕ 'ਤੇ ਪਿਆ ਸੀ ਅਤੇ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਕੁਝ ਪਲਾਂ ਬਾਅਦ, ਉਨ੍ਹਾਂ ਨੇ ਉਹੀ ਕਾਰ ਗ੍ਰੇ ਨੂੰ ਘਸੀਟਦੇ ਹੋਏ ਦੇਖੀ। ਗਗਨਪ੍ਰੀਤ ਅਤੇ ਜਗਦੀਪ ਨੇ ਕਾਰ ਨੂੰ ਕੁਝ ਦੂਰੀ 'ਤੇ ਰੋਕਿਆ, ਗ੍ਰੇ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਫਿਰ ਮੌਕੇ ਤੋਂ ਭੱਜ ਗਏ।
ਗਗਨਪ੍ਰੀਤ ਸਿੰਘ ਨੇ 6 ਜਨਵਰੀ, 2025 ਨੂੰ ਅਤੇ ਜਗਦੀਪ ਸਿੰਘ ਨੇ 7 ਫਰਵਰੀ, 2025 ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਖ਼ਤਰਨਾਕ ਡਰਾਈਵਿੰਗ, ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਸਰੀਰ ਨਾਲ ਛੇੜਛਾੜ ਦੇ ਦੋਸ਼ਾਂ ਵਿੱਚ ਦੋਸ਼ੀ ਮੰਨਿਆ। ਦੋਵਾਂ ਨੂੰ 22 ਮਈ 2025 ਨੂੰ ਸਜ਼ਾ ਸੁਣਾਈ ਗਈ, ਜਿਸ ਵਿੱਚ ਗਗਨਪ੍ਰੀਤ ਨੂੰ ਤਿੰਨ ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ, ਜਦੋਂ ਕਿ ਜਗਦੀਪ ਨੂੰ ਚਾਰ ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ।
ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ, ਦੋਵਾਂ ਦੋਸ਼ੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਦੋਵੇਂ ਸਟੱਡੀ ਵੀਜ਼ੇ 'ਤੇ ਕੈਨੇਡਾ ਆਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਦੋਸ਼ੀਆਂ ਵਿਰੁੱਧ ਦੇਸ਼ ਨਿਕਾਲਾ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.