ਤਾਜਾ ਖਬਰਾਂ
ਚੰਡੀਗੜ੍ਹ, 24 ਮਈ: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰਾਂ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੀ ਮੌਜੂਦਗੀ ਵਿੱਚ ਆਈ.ਆਈ.ਆਈ.ਡੀ.ਈ.ਐਮ., ਨਵੀਂ ਦਿੱਲੀ ਵਿਖੇ ਭਾਰਤੀ ਚੋਣ ਕਮਿਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਕਾਨੂੰਨੀ ਮਾਹਿਰਾਂ ਦੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ। ਭਾਰਤ ਦੀ ਸੁਪਰੀਮ ਕੋਰਟ ਅਤੇ ਦੇਸ਼ ਭਰ ਦੀਆਂ 28 ਹਾਈ ਕੋਰਟਾਂ ਦੇ ਸੀਨੀਅਰ ਵਕੀਲਾਂ ਦੇ ਨਾਲ-ਨਾਲ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਅਤੇ 36 ਸੀ.ਈ.ਓਜ਼. ਨੇ ਕਾਨਫਰੰਸ ਵਿੱਚ ਹਿੱਸਾ ਲਿਆ। ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਵੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ।
ਇਸ ਪਹਿਲਕਦਮੀ ਦਾ ਉਦੇਸ਼ ਕਮਿਸ਼ਨ ਦੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਅਤੇ ਪੁਨਰਗਠਿਤ ਕਰਨਾ ਹੈ ਤਾਂ ਜੋ ਸੁਚੱਜਾ ਤਾਲਮੇਲ ਕਰਕੇ ਉਭਰ ਰਹੀਆਂ ਚੁਣੌਤੀਆਂ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਸਕੇ। ਕਾਨਫਰੰਸ ਦੌਰਾਨ ਨਿਰਪੱਖਤਾ ਨਾਲ ਸਹਿਯੋਗ ਕਰਨ ਅਤੇ ਸੁਣਵਾਈ ਲਈ ਬਣਦੇ ਮੌਕੇ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ ਗਿਆ।
ਦਿਨ ਭਰ ਚੱਲੀ ਇਸ ਕਾਨਫਰੰਸ ਨੇ ਕਮਿਸ਼ਨ ਅਤੇ ਦੇਸ਼ ਭਰ ਦੇ ਪ੍ਰਮੁੱਖ ਕਾਨੂੰਨੀ ਪੇਸ਼ੇਵਰਾਂ ਵਿਚਕਾਰ ਗੱਲਬਾਤ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਇਹ ਰਣਨੀਤਕ ਸ਼ਮੂਲੀਅਤ ਭਾਰਤ ਵਿੱਚ ਚੋਣ ਨਿਆਂ-ਸ਼ਾਸਤਰ ਦੇ ਗਤੀਸ਼ੀਲ ਦ੍ਰਿਸ਼ਟੀਕੋਣ ਨਾਲ ਆਪਣੇ ਕਾਨੂੰਨੀ ਸਰੋਤਾਂ ਨੂੰ ਇਕਸਾਰ ਕਰਨ ਵਿੱਚ ਚੋਣ ਕਮਿਸ਼ਨ ਵੱਲੋਂ ਚੁੱਕਿਆ ਇੱਕ ਅਹਿਮ ਕਦਮ ਹੈ। ਇਹ ਵਿਚਾਰ-ਵਟਾਂਦਰੇ ਕਮਿਸ਼ਨ ਦੀ ਕਾਨੂੰਨੀ ਟੀਮ ਦੀ ਤਿਆਰੀ, ਕੁਸ਼ਲਤਾ ਅਤੇ ਤਾਲਮੇਲ ਨੂੰ ਵਧਾਉਣ ’ਤੇ ਕੇਂਦ੍ਰਿਤ ਸਨ, ਜਦਕਿ ਇਸ ਦੌਰਾਨ ਚੋਣ ਸਬੰਧੀ ਕਾਨੂੰਨ, ਨਿਆਂਇਕ ਕਾਰਵਾਈਆਂ ਅਤੇ ਕਾਨੂੰਨੀ ਸੁਧਾਰਾਂ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਗੱਲਬਾਤ ਰਾਹੀਂ, ਕਮਿਸ਼ਨ ਨੇ ਵੱਖ-ਵੱਖ ਨਿਆਂਇਕ ਫੋਰਮਾਂ ਵਿੱਚ ਆਪਣੀ ਕਾਨੂੰਨੀ ਨੁਮਾਂਇੰਦਗੀ ਦੀ ਪ੍ਰਭਾਵਸ਼ੀਲਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ।
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਆਈ.ਆਈ.ਆਈ.ਡੀ.ਈ.ਐਮ., ਨਵੀਂ ਦਿੱਲੀ ਵਿਖੇ ਮੁੱਖ ਚੋਣ ਅਧਿਕਾਰੀਆਂ ਦੀ ਇੱਕ ਕਾਨਫਰੰਸ ਕਰਵਾਈ। ਇਹ ਕਾਨਫਰੰਸ ਭਾਰਤੀ ਚੋਣ ਕਮਿਸ਼ਨ ਦੀਆਂ ਆਈਟੀ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਅਤੇ ਰੂਪਰੇਖਾ ਤਿਆਰ ਕਰਨ ਲਈ ਕਰਵਾਈ ਗਈ। ਭਾਰਤੀ ਚੋਣ ਕਮਿਸ਼ਨ ਨੇ ਸਾਲ 2025 ਵਿੱਚ ਇੱਕ ਏਕੀਕ੍ਰਿਤ ਡੈਸ਼ਬੋਰਡ, ਈਸੀਆਈਨੈਟ ਨੂੰ ਡਿਜ਼ਾਈਨ ਅਤੇ ਵਿਕਸਤ ਕਰਨ ਲਈ ਇੱਕ ਨਵੀਂ ਪਹਿਲਕਦਮੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਾਰੇ ਸਬੰਧਤ ਡੇਟਾ ਅਤੇ ਲੋੜੀਂਦੇ ਕਾਨੂੰਨੀ ਪ੍ਰਬੰਧਾਂ ਲਈ ਇੱਕ ਸਿੰਗਲ-ਵਿੰਡੋ ਪਹੁੰਚ ਪ੍ਰਦਾਨ ਕੀਤੀ ਜਾ ਸਕੇ। ਇਹ ਵਿਲੱਖਣ ਪਹਿਲਕਦਮੀ ਭਾਰਤੀ ਚੋਣ ਕਮਿਸ਼ਨ ਦੀਆਂ ਸਾਰੀਆਂ ਆਈਟੀ ਪਹਿਲਕਦਮੀਆਂ ਨੂੰ ਇੱਕੋ ਮੰਚ ਹੇਠ ਇੱਕਜੁੱਟ ਕਰੇਗੀ।
Get all latest content delivered to your email a few times a month.