ਤਾਜਾ ਖਬਰਾਂ
ਵਾਸ਼ਿੰਗਟਨ, ਡੀ. ਸੀ., 22 ਮਈ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਕੱਲ੍ਹ ਰਾਤ ਕਰੀਬ 9:05 ਵਜੇ ਕੈਪੀਟਲ ਯਹੂਦੀ ਅਜਾਇਬ ਘਰ ਦੇ ਬਾਹਰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇਜ਼ਰਾਈਲੀ ਦੂਤਾਵਾਸ ਨਾਲ ਜੁੜੇ ਦੋ ਕਰਮਚਾਰੀਆਂ—ਇੱਕ ਆਦਮੀ ਅਤੇ ਇੱਕ ਔਰਤ—ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਹਮਲਾ ਸ਼ਹਿਰ ਦੇ ਅਜਿਹੇ ਇਲਾਕੇ ਵਿਚ ਹੋਇਆ ਜੋ ਕਿ ਭੀੜ-ਭੜੱਕੇ ਵਾਲਾ ਹੈ ਅਤੇ ਜਿੱਥੇ ਕਈ ਅਜਾਇਬ ਘਰ, ਸਰਕਾਰੀ ਦਫ਼ਤਰ ਅਤੇ ਏਕ ਐਫ.ਬੀ.ਆਈ. ਦਫ਼ਤਰ ਵੀ ਸਥਿਤ ਹਨ। ਦੋਵੇਂ ਕਰਮਚਾਰੀ ਘਟਨਾ ਦੇ ਸਮੇਂ ਅਜਾਇਬ ਘਰ ਤੋਂ ਬਾਹਰ ਆ ਰਹੇ ਸਨ। ਅਮਰੀਕਾ ਦੀ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਇਸ ਹਮਲੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਕਰਾਰ ਦਿੱਤਾ ਹੈ ਤੇ ਲੋਕਾਂ ਨੂੰ ਪੀੜਤ ਪਰਿਵਾਰਾਂ ਲਈ ਦੁਆ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਹਮਲਾਵਰ ਦੀ ਭਾਲ ਜਾਰੀ ਹੈ, ਇਜ਼ਰਾਈਲੀ ਦੂਤਾਵਾਸ ਦੇ ਬੁਲਾਰੇ ਨੇ ਵਿਸ਼ਵਾਸ ਜਤਾਇਆ ਹੈ ਕਿ ਸਥਾਨਕ ਅਤੇ ਸੰਘੀ ਪੱਧਰ ’ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਇਜ਼ਰਾਈਲੀ ਪ੍ਰਤੀਨਿਧਾਂ ਅਤੇ ਯਹੂਦੀ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੀਆਂ।
Get all latest content delivered to your email a few times a month.