ਤਾਜਾ ਖਬਰਾਂ
ਮਾਲੇਰਕੋਟਲਾ 19 ਮਈ (ਭੁਪਿੰਦਰ ਗਿੱਲ) -ਪੰਜਾਬ ਸਰਕਾਰ ਵਲੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਅੱਜ ਮਾਲੇਰਕੋਟਲਾ ਦੇ ਪਿੰਡ ਸ਼ੇਰਗੜ੍ਹ ਚੀਮਾ ਅਤੇ ਰੁੜਕਾ ਦੇ ਪਿੰਡਾਂ ਦੇ ਲੋਕਾਂ ਨੇ ਨਸ਼ੇ ਵਿਰੁੱਧ ਲੜਾਈ ਵਿਚ ਮੂਹਰੇ ਹੋ ਕੇ ਲੜਨ ਦਾ ਅਹਿਦ ਲਈ । ਨਸ਼ਾ ਮੁਕਤੀ ਯਾਤਰਾ ਤਹਿਤ ਸਭਾਵਾਂ ਦੀ ਅਗਵਾਈ ਕਰਦਿਆ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਸ ਯਾਤਰਾ ਦਾ ਮਕਸਦ ਨਸ਼ੇ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣਾ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸਨੂੰ ਨਿਰਣਾਇਕ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆ ਕਿਹਾ ਕਿ ਸਮਾਜ ਦਾ ਹਰ ਵਰਗ, ਪੰਚਾਇਤ, ਮਾਤਾ-ਪਿਤਾ ਇਸ ਅੰਦੋਲਨ ਨਾਲ ਜੁੜਨ ਤਾਂ ਜੋ ਨਸ਼ੇ ਦੇ ਦੈਂਤ ਨੂੰ ਹਰਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਸਭਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਸਾਡੇ ਆਸ-ਪਾਸ ਜਿਹੜਾ ਵੀ ਵਿਅਕਤੀ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਉਸ ਨੂੰ ਸਹੀ ਰਾਹ ਉੱਤੇ ਲੈ ਕੇ ਆਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਜਾਂ ਸੌਦਾਗਰਾਂ ਦੀ ਜਾਣਕਾਰੀ ਤੁਰੰਤ ਬਿਨਾਂ ਕਿਸੇ ਡਰ ਤੋਂ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਹੁਣ ਪੰਜਾਬ ਸਰਕਾਰ ਦਾ ਸਾਥ ਦਿੰਦੀ ਹੋਈ ਨਸ਼ਿਆਂ ਦਾ ਖਾਤਮਾ ਕਰ ਕੇ ਹੀ ਦਮ ਲਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਪਿੰਡ-ਪਿੰਡ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਹਰੇਕ ਪਿੰਡ ਵਾਸੀ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕਿਮਮ ਦੀ ਸਿਆਸੀ ਸਰਪ੍ਰਸਤੀ ਨਹੀਂ ਮਿਲੇਗੀ ਤੇ ਨਾ ਹੀ ਉਨ੍ਹਾਂ ਦੀ ਕੋਈ ਜਮਾਨਤ ਦੇਵੇਗਾ।
ਉਨ੍ਹਾਂ ਅਵਾਮ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਲੋਕ ਲਹਿਰ ਬਣ ਰਹੀ ਹੈ, ਜਿਸ ਤਹਿਤ ਨਸ਼ੇ ਦੇ ਖਾਤਮੇ ਲਈ ਲੋਕ ਖੁਦ ਅੱਗੇ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਨਸ਼ੇ ਵਿਰੁੱਧ ਜੰਗ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਸਹੁੰ ਵੀ ਚੁਕਾਈ। ਉਨ੍ਹਾਂ ਕਿਹਾ ਕਿ ‘ ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ, ਸਗੋਂ ਨਸ਼ੇ ਦੇ ਖਾਤਮੇ ਦਾ ਸਮਾਜਿਕ ਸੰਕਲਪ ਹੈ।
ਇਸ ਮੌਕੇ ਬੀ.ਡੀ.ਪੀ.ਓਜ਼, ਐਸ.ਐਚ.ਓਜ਼,ਸਰਪੰਚਾਂ ਵਲੋਂ ਵੀ ਨਸ਼ਾ ਮੁਕਤੀ ਯਾਤਰਾ ਦੀ ਸਫਲਤਾ ਲਈ ਲੋਕਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ । ਇਸ ਮੌਕੇ ਜੁਗਰਾਜ ਸਿੰਘ ਸਰਪੰਚ,ਬਿਕਰ ਸਿੰਘ ਨੰਬਰਦਾਰ,ਬਿੱਕਰ ਸਿੰਘ,ਸੁਖਦੇਵ ਸਿੰਘ,ਜਗਦੀਪ ਸਿੰਘ, ਚਰਨਜੀਤ ਸਿੰਘ ,ਹਰੀ ਭਾਲ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।
Get all latest content delivered to your email a few times a month.