ਤਾਜਾ ਖਬਰਾਂ
ਜਲਾਲਾਬਾਦ 14 ਮਈ: ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਰਫਤਾਰ ਮਿਲਦੀ ਨਜ਼ਰ ਆ ਰਹੀ ਹੈ, ਜਿਥੇ ਇਲਾਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਐਲਾਨ ਕੀਤਾ ਹੈ ਕਿ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਵਿਸ਼ਾਲ ਪ੍ਰੋਜੈਕਟ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮਕਸਦ ਲਈ ਮੰਡੀ ਬੋਰਡ ਵੱਲੋਂ 31.44 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਕਮ ਵਿੱਚੋਂ 10.91 ਕਰੋੜ ਰੁਪਏ ਜਲਾਲਾਬਾਦ ਬਲਾਕ ਅਤੇ 20.53 ਕਰੋੜ ਰੁਪਏ ਅਰਨੀਵਾਲਾ ਖੇਤਰ ਦੀਆਂ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਉੱਤੇ ਖਰਚ ਕੀਤੇ ਜਾਣਗੇ। ਇਹ ਕਾਰਜ ਸਿਰਫ ਮੁਰੰਮਤ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਸੜਕਾਂ ਦੀ ਪੰਜ ਸਾਲਾਂ ਦੀ ਸਾਂਭ ਸੰਭਾਲ ਵੀ ਇਸ ਯੋਜਨਾ ਹੇਠ ਕੀਤੀ ਜਾਵੇਗੀ ਤਾਂ ਜੋ ਲੰਬੇ ਸਮੇਂ ਤੱਕ ਇਨ੍ਹਾਂ ਸੜਕਾਂ ਦੀ ਗੁਣਵੱਤਾ ਬਣੀ ਰਹੇ। ਵਿਧਾਇਕ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਉਪਲਬਧ ਕਰਵਾਉਣ ਵਾਸਤੇ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਇਹ ਯੋਜਨਾ ਨਾ ਸਿਰਫ ਆਮ ਨਾਗਰਿਕਾਂ ਲਈ ਆਵਾਜਾਈ ਨੂੰ ਆਸਾਨ ਬਣਾਵੇਗੀ, ਸਗੋਂ ਕਿਸਾਨਾਂ ਨੂੰ ਆਪਣੇ ਅਨਾਜ ਦੀ ਆਸਾਨ ਢੋਆ ਢੁਆਈ ਲਈ ਵੀ ਵੱਡੀ ਸਹੂਲਤ ਪ੍ਰਦਾਨ ਕਰੇਗੀ।
Get all latest content delivered to your email a few times a month.