ਤਾਜਾ ਖਬਰਾਂ
ਲੁਧਿਆਣਾ, 13 ਮਈ: ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਵਸਨੀਕਾਂ ਨੂੰ ਸਸ਼ਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ "ਮੇਰਾ ਘਰ ਮੇਰੇ ਨਾਮ" ਸਕੀਮ ਤਹਿਤ 158 ਪਰਿਵਾਰਾਂ ਨੂੰ ਮਾਲਕੀ ਅਧਿਕਾਰ ਪ੍ਰਦਾਨ ਕੀਤੇ। ਇਹ ਸਰਟੀਫਿਕੇਟ ਗੁਰਦੁਆਰਾ ਸਾਧ ਸੰਗਤ ਸਾਹਿਬ ਹੈਬੋਵਾਲ ਕਲਾਂ ਦੇ ਲੰਗਰ ਹਾਲ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵੰਡੇ ਗਏ |
ਸਮਾਗਮ ਵਿੱਚ ਬੋਲਦਿਆਂ, ਸੰਸਦ ਮੈਂਬਰ ਸੰਜੀਵ ਅਰੋੜਾ ਨੇ ਇਸ ਪਹਿਲਕਦਮੀ ਨੂੰ ਹੈਬੋਵਾਲ ਖੇਤਰ (ਵਾਰਡ ਨੰਬਰ 65) ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਜਾਇਦਾਦ ਮਾਲਕੀ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇੱਕ ਇਤਿਹਾਸਕ ਕਦਮ ਦੱਸਿਆ। ਵਸਨੀਕ ਪਿਛਲੇ 50 ਸਾਲਾਂ ਤੋਂ ਆਪਣੀਆਂ ਜਾਇਦਾਦਾਂ ਦੀ ਕਾਨੂੰਨੀ ਮਾਲਕੀ ਦੀ ਮੰਗ ਕਰ ਰਹੇ ਸਨ।
ਅਰੋੜਾ ਨੇ ਇਸ ਯੋਜਨਾ ਦੇ ਦੂਰਗਾਮੀ ਪ੍ਰਭਾਵ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਨਾ ਸਿਰਫ਼ ਦਹਾਕਿਆਂ ਪੁਰਾਣੀਆਂ ਚੁਣੌਤੀਆਂ ਨੂੰ ਹੱਲ ਕਰਦੀ ਹੈ ਬਲਕਿ ਨਿਵਾਸੀਆਂ ਲਈ ਮਾਣ-ਸਨਮਾਨ ਨੂੰ ਵੀ ਬਹਾਲ ਕਰਦੀ ਹੈ ਅਤੇ ਨਵੇਂ ਆਰਥਿਕ ਰਸਤੇ ਖੋਲ੍ਹਦੀ ਹੈ। "ਇਹ ਯੋਜਨਾ ਨਿਵਾਸੀਆਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਵਿੱਤੀ ਵਿਕਾਸ ਲਈ ਆਪਣੀਆਂ ਜਾਇਦਾਦਾਂ ਦੀ ਵਰਤੋਂ ਕਰਨ ਦੇ ਯੋਗ ਬਣਾਉਂਦੀ ਹੈ - ਭਾਵੇਂ ਉਹ ਕਰਜ਼ਿਆਂ ਰਾਹੀਂ ਹੋਵੇ ਜਾਂ ਆਪਣੇ ਪਰਿਵਾਰਾਂ ਲਈ ਭਵਿੱਖ ਦੀ ਯੋਜਨਾਬੰਦੀ ਰਾਹੀਂ," ਉਨ੍ਹਾਂ ਕਿਹਾ।
ਇਸ ਪਹਿਲਕਦਮੀ ਦੀ ਹੈਬੋਵਾਲ ਦੇ ਵਸਨੀਕਾਂ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਅਰੋੜਾ ਦਾ ਦਿਲੋਂ ਧੰਨਵਾਦ ਕੀਤਾ। ਇਸ ਮਹੀਨੇ ਦੇ ਸ਼ੁਰੂ ਵਿੱਚ, 6 ਮਈ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਹੋਏ ਇੱਕ ਸਮਾਗਮ ਵਿੱਚ ਸੁਨੇਤ ਅਤੇ ਬਾੜੇਵਾਲ ਵਿੱਚ 990 ਲਾਭਪਾਤਰੀਆਂ ਨੂੰ ਇਸੇ ਤਰ੍ਹਾਂ ਦੇ ਮਾਲਕੀ ਅਧਿਕਾਰ ਦਿੱਤੇ ਗਏ ਸਨ। ਉਸ ਸਮਾਗਮ ਵਿੱਚ, ਅਰੋੜਾ ਨੇ ਐਲਾਨ ਕੀਤਾ ਸੀ ਕਿ ਹੈਬੋਵਾਲ ਨੂੰ ਵੀ ਅਗਲੇ ਪੜਾਅ ਵਿੱਚ ਸ਼ਾਮਲ ਕੀਤਾ ਜਾਵੇਗਾ - ਇਹ ਵਾਅਦਾ ਅੱਜ ਪੂਰਾ ਹੋਇਆ।
ਲੁਧਿਆਣਾ (ਪੱਛਮੀ) ਤੋਂ 'ਆਪ' ਉਮੀਦਵਾਰ ਅਰੋੜਾ ਨੇ ਕਿਹਾ ਕਿ ਸੁਨੇਤ, ਬਾੜੇਵਾਲ ਅਤੇ ਹੈਬੋਵਾਲ ਵਿੱਚ ਉਨ੍ਹਾਂ ਦੀਆਂ ਪ੍ਰਚਾਰ ਮੀਟਿੰਗਾਂ ਦੌਰਾਨ ਲਾਲ ਲਕੀਰ ਦੀ ਮਾਲਕੀ ਦਾ ਮੁੱਦਾ ਅਕਸਰ ਉਠਾਇਆ ਜਾਂਦਾ ਰਿਹਾ ਹੈ। "ਕਾਨੂੰਨੀ ਮਾਲਕੀ ਵਸਨੀਕਾਂ ਨੂੰ ਆਪਣੀ ਜਾਇਦਾਦ ਨੂੰ ਵਿੱਤੀ ਸੰਪਤੀ ਵਜੋਂ ਵਰਤਣ ਦਾ ਅਧਿਕਾਰ ਦਿੰਦੀ ਹੈ, ਆਜ਼ਾਦੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦੀ ਹੈ," ਉਨ੍ਹਾਂ ਕਿਹਾ।
ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਦੀ ਸਮਾਜਿਕ-ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਹੀ ਮਾਲਕੀ ਯਕੀਨੀ ਬਣਾਉਣ ਲਈ ਮਾਲ ਅਧਿਕਾਰੀਆਂ ਵੱਲੋਂ ਜ਼ਮੀਨੀ ਰਿਕਾਰਡ ਦੀ ਧਿਆਨ ਨਾਲ ਜਾਂਚ ਕੀਤੀ ਗਈ। ਅਰੋੜਾ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਕਿਹਾ, "ਲੁਧਿਆਣਾ ਦੇ ਲੋਕ ਖੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਅਜਿਹਾ ਗਤੀਸ਼ੀਲ, ਵਿਕਾਸ-ਮੁਖੀ ਨੇਤਾ ਹੈ।"
ਇਸ ਮੌਕੇ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਅਰਾਧਨਾ ਮਨੀ ਸਾਈਂ ਅਤੇ ਤ੍ਰਿਸ਼ੂਲ ਔਲ ਵੀ ਹਾਜ਼ਰ ਸਨ।
Get all latest content delivered to your email a few times a month.