IMG-LOGO
ਹੋਮ ਪੰਜਾਬ, ਰਾਸ਼ਟਰੀ, ਸੂਬੇ ਵਿੱਚ ਪਸ਼ੂਧਨ ਨੂੰ ਹੁਲਾਰਾ ਦੇਣ ਲਈ ਕੇਰਲਾ ਦੇ ਫ੍ਰੋਜ਼ਨ...

ਸੂਬੇ ਵਿੱਚ ਪਸ਼ੂਧਨ ਨੂੰ ਹੁਲਾਰਾ ਦੇਣ ਲਈ ਕੇਰਲਾ ਦੇ ਫ੍ਰੋਜ਼ਨ ਸੀਮਨ ਅਤੇ ਬਾਇਓਟੈਕ ਨਵੀਨਤਾਵਾਂ ‘ਤੇ ਪੰਜਾਬ ਦਾ ਧਿਆਨ

Admin User - May 01, 2025 09:23 PM
IMG

 ਗੁਰਮੀਤ ਖੁੱਡੀਆਂ ਵੱਲੋਂ ਕੇਰਲਾ ਦੇ ਫ੍ਰੋਜ਼ਨ ਸੀਮਨ ਟੈਕਨਾਲੌਜੀ ਐਂਡ  ਐਸਿਸਟਡ ਰੀਪ੍ਰੋਡਕਟਿਵ ਟੈਕਨਾਲੌਜੀ ਕੇਂਦਰ ਦਾ ਦੌਰਾ


ਚੰਡੀਗੜ੍ਹ, 1 ਮਈ: ਸੂਬੇ ਵਿੱਚ ਪਸ਼ੂ ਪਾਲਣ ਨੂੰ ਅਤਿ-ਆਧੁਨਿਕ ਪ੍ਰਜਨਨ ਬਾਇਓਟੈਕਨਾਲੋਜੀਆਂ ਨਾਲ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਨੇ ਕੇਰਲਾ ਦੇ ਇਡੁੱਕੀ ਜ਼ਿਲ੍ਹੇ ਦੇ ਮਾਟੂਪੇਟੀ ਵਿਖੇ ਕੇਰਲਾ ਪਸ਼ੂਧਨ ਵਿਕਾਸ ਬੋਰਡ (ਕੇ.ਐਲ.ਡੀ.ਬੀ.) ਦੇ ਫ੍ਰੋਜ਼ਨ ਸੀਮਨ ਟੈਕਨਾਲੌਜੀ ਐਂਡ ਐਸਿਸਟਡ ਰੀਪ੍ਰੋਡਕਟਿਵ ਟੈਕਨਾਲੌਜੀ ਕੇਂਦਰ ਦਾ ਦੌਰਾ ਕੀਤਾ। ਇਹ ਕੇਂਦਰ 1965 ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਭਾਰਤ ਵਿੱਚ ਪਸ਼ੂ ਫ੍ਰੋਜ਼ਨ ਸੀਮਨ ਤਕਨਾਲੋਜੀ ਦਾ ਜਨਮ ਸਥਾਨ ਹੈ ਅਤੇ ਇਹ ਉੱਨਤ ਪ੍ਰਜਨਨ ਬਾਇਓਟੈਕਨਾਲੋਜੀਆਂ ਲਈ ਇੱਕ ਮੋਹਰੀ ਕੇਂਦਰ ਬਣਿਆ ਹੋਇਆ ਹੈ।

 ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਸ੍ਰੀ ਰਾਹੁਲ ਭੰਡਾਰੀ ਅਤੇ ਹੋਰ ਅਧਿਕਾਰੀਆਂ ਦੇ ਨਾਲ ਕੇਰਲਾ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀਮਤੀ ਜੇ. ਚਿਨਚੁਰਾਨੀ ਦੇ ਸੱਦੇ 'ਤੇ ਕੇਰਲਾ ਦਾ ਦੌਰਾ ਕੀਤਾ ਜਿਸਦਾ ਉਦੇਸ਼ ਵਿਆਪਕ ਪਸ਼ੂ ਪ੍ਰਜਨਨ ਪ੍ਰੋਗਰਾਮਾਂ ਵਿੱਚ ਤਕਨੀਕੀ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨਾ ਸੀ।

 ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, "ਮਾਟੂਪੇਟੀ ਵਿਖੇ ਉੱਨਤ ਜੀਨੋਮਿਕ ਚੋਣ ਵਿਧੀਆਂ ਅਤੇ ਸਹਾਇਕ ਪ੍ਰਜਨਨ ਤਕਨਾਲੋਜੀਆਂ ਪੰਜਾਬ ਵਿੱਚ ਸਾਡੇ ਪਸ਼ੂਆਂ ਦੀ ਅਨੁਵੰਸ਼ਿਕ ਗੁਣਵੱਤਾ ਵਿੱਚ ਸੁਧਾਰ ਲਈ ਅਥਾਹ ਸੰਭਾਵਨਾਵਾਂ ਪ੍ਰਦਾਨ ਕਰਦੀਆਂ ਹਨ। ਫ੍ਰੋਜ਼ਨ ਸੀਮਨ ਉਤਪਾਦਨ, ਇਨ-ਵਿਟਰੋ ਫਰਟੀਲਾਈਜ਼ੇਸ਼ਨ, ਅਤੇ ਭਰੂਣ ਤਬਾਦਲਾ ਪ੍ਰੋਗਰਾਮਾਂ ਵਿੱਚ ਮੁਹਾਰਤ ਸੂਬਾ ਸਰਕਾਰ ਦੀਆਂ ਪਸ਼ੂ ਪ੍ਰਜਨਨ ਪਹਿਲਕਦਮੀਆਂ ਨੂੰ ਵੱਡਾ ਹੁਲਾਰਾ ਦੇ ਸਕਦੀ ਹੈ।"

 ਖੁੱਡੀਆਂ ਨੇ ਆਪਣੇ ਕੇਰਲਾ ਦੇ ਹਮਰੁਤਬਾ ਸ੍ਰੀਮਤੀ ਜੇ. ਚਿਨਚੁਰਾਨੀ ਅਤੇ ਸਕੱਤਰ ਪਸ਼ੂ ਪਾਲਣ ਵਿਭਾਗ ਡਾ. ਕੇ. ਵਾਸੂਕੀ, ਆਈ.ਏ.ਐਸ., ਨਾਲ ਆਨਲਾਈਨ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਮਾਟੂਪੇਟੀ ਵਿਖੇ ਕੇ.ਐਲ.ਡੀ. ਬੋਰਡ ਦੇ ਪ੍ਰਬੰਧਕੀ ਡਾਇਰੈਕਟਰ ਡਾ. ਆਰ. ਰਾਜੀਵ ਨਾਲ ਮੁਲਾਕਾਤ ਦੌਰਾਨ ਵਿਚਾਰ-ਵਟਾਂਦਰਾ ਕੀਤਾ।

ਇਸ ਦੌਰੇ ਦੌਰਾਨ ਵਫ਼ਦ ਵਿਸ਼ੇਸ਼ ਤੌਰ 'ਤੇ ਇਨ-ਵਿਟਰੋ ਫਰਟੀਲਾਈਜ਼ੇਸ਼ਨ (ਆਈ.ਵੀ.ਐਫ.) ਅਤੇ ਭਰੂਣ ਤਬਾਦਲਾ (ਈ.ਟੀ.) ਪ੍ਰੋਗਰਾਮਾਂ ਲਈ ਕੇ.ਐਲ.ਡੀ.ਬੀ. ਦੀ ਸੈਂਟਰ ਆਫ਼ ਐਕਸੀਲੈਂਸ ਲੈਬਾਰਟਰੀ ਅਤੇ ਵੈਟਰਨਰੀਅਨਾਂ, ਪੈਰਾ-ਵੈਟਰਨਰੀਅਨਾਂ ਤੇ ਡੇਅਰੀ ਕਿਸਾਨਾਂ ਲਈ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਵਾਲੇ ਅੰਤਰਰਾਸ਼ਟਰੀ ਸਿਖਲਾਈ ਕੇਂਦਰ ਤੋਂ ਕਾਫੀ ਪ੍ਰਭਾਵਿਤ ਹੋਇਆ। 

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਦੌਰੇ ਦੌਰਾਨ, ਭਵਿੱਖੀ ਸਹਿਯੋਗ ਲਈ ਕਈ ਮੁੱਖ ਖੇਤਰਾਂ ਦੀ ਪਛਾਣ ਕੀਤੀ ਗਈ। ਪਹਿਲੇ ਖੇਤਰ ਵਿੱਚ ਜਰਮ-ਪਲਾਜ਼ਮ ਐਕਸਚੇਂਜ ਪ੍ਰੋਗਰਾਮ ਸ਼ਾਮਲ ਹੈ। ਸੂਬਾ ਸਰਕਾਰ ਪੰਜਾਬ ਤੋਂ ਉੱਚ-ਗੁਣਵੱਤਾ ਵਾਲੇ ਹੋਲਸਟਾਈਨ ਫ੍ਰੀਜ਼ੀਅਨ (ਐਚ.ਐਫ) ਵੱਛੀਆਂ, ਸਾਨ੍ਹਾ ਅਤੇ ਗਾਵਾਂ ਦੀ ਖਰੀਦ ਦੀ ਸਹੂਲਤ ਨਾਲ ਕੇਰਲਾ ਦੇ ਦੁੱਧ ਉਤਪਾਦਨ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨ ਦੇ ਯਤਨਾਂ ਦਾ ਸਹਿਯੋਗ ਕਰੇਗੀ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਪਸ਼ੂ ਕੇਰਲਾ ਦੇ ਕਿਸਾਨਾਂ ਨੂੰ ਦਿੱਤੇ ਜਾਣਗੇ ਅਤੇ ਕੇ.ਐਲ.ਡੀ.ਬੀ. ਦੇ ਆਈ.ਵੀ.ਐਫ./ਈ.ਟੀ. ਪ੍ਰੋਗਰਾਮਾਂ ਲਈ ਭਰੂਣ/ਅੰਡੇ ਦੇ ਡੋਨਰ ਵਜੋਂ ਵਰਤੇ ਜਾਣਗੇ।


ਉਨ੍ਹਾਂ ਦੱਸਿਆ ਕਿ ਸਹਿਯੋਗ ਦਾ ਦੂਜਾ ਖੇਤਰ ਇਲੀਟ ਬ੍ਰੀਡਿੰਗ ਸਟਾਕ ਐਕਸਚੇਂਜ 'ਤੇ ਕੇਂਦ੍ਰਿਤ ਹੈ, ਜੋ ਕਿ ਕੇ.ਐਲ.ਡੀ. ਬੋਰਡ ਨਾਲ ਪੰਜਾਬ ਦੀ ਮਸ਼ਹੂਰ ਬੀਟਲ ਨਸਲ ਦੀਆਂ ਬੱਕਰੀਆਂ ਦੇ ਨਾਲ-ਨਾਲ ਵੱਖ-ਵੱਖ ਪਸ਼ੂਆਂ ਅਤੇ ਮੱਝਾਂ ਦੀਆਂ ਨਸਲਾਂ ਦੇ ਗੁਣਵੱਤਾ ਵਾਲੇ ਸਾਨ੍ਹਾਂ ਦੇ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਦਾ ਹੈ। ਤੀਜੇ ਖੇਤਰ ਵਿੱਚ ਜੀਨੋਮਿਕ ਤਕਨਾਲੋਜੀ, ਆਈ.ਵੀ.ਐਫ. ਅਤੇ ਈ.ਟੀ. ਪ੍ਰੋਗਰਾਮਾਂ ਸਮੇਤ ਪਸ਼ੂ ਪ੍ਰਜਨਨ ਵਿੱਚ ਉੱਨਤ ਬਾਇਓਟੈਕਨਾਲੋਜੀ ਪ੍ਰੋਗਰਾਮਾਂ 'ਤੇ ਸਹਿਯੋਗ ਰਾਹੀਂ ਬਾਇਓਟੈਕਨਾਲੋਜੀ ਬਾਰੇ ਜਾਣਕਾਰੀ ਦੇ ਅਦਾਨ-ਪਦਾਨ ਅਤੇ ਉੱਚ-ਗੁਣਵੱਤਾ ਵਾਲੇ ਫ੍ਰੋਜ਼ਨ ਸੀਮਨ ਖੁਰਾਕਾਂ ਦਾ ਉਤਪਾਦਨ ਸ਼ਾਮਲ ਹੈ।

 ਖੁੱਡੀਆਂ ਨੇ ਦੱਸਿਆ ਕਿ ਚੌਥਾ ਖੇਤਰ ਤਕਨੀਕੀ ਸਿਖਲਾਈ ਐਕਸਚੇਂਜ 'ਤੇ ਕੇਂਦਰਿਤ ਹੈ, ਜਿਸ ਵਿੱਚ ਪਰਸਪਰ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ। ਪੰਜਾਬ ਦੇ ਪ੍ਰੋਫੈਸ਼ਨਲਜ਼ ਮਾਟੂਪੇਟੀ ਵਿਖੇ ਆਈ.ਵੀ.ਐਫ./ਈ.ਟੀ., ਫ੍ਰੋਜ਼ਨ ਸੀਮਨ ਤਕਨਾਲੋਜੀ, ਅਤੇ ਗਾਂ/ਮੱਝ ਪ੍ਰਜਨਨ ਤਕਨਾਲੋਜੀਆਂ ਦੇ ਵਿਸ਼ੇਸ਼ ਕੋਰਸਾਂ ਵਿੱਚ ਹਿੱਸਾ ਲੈਣਗੇ, ਜਦੋਂ ਕਿ ਕੇਰਲਾ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵਿੱਚ ਸਥਾਪਿਤ ਉੱਨਤ ਅਭਿਆਸਾਂ ਬਾਰੇ ਸਿੱਖਣ ਲਈ ਸਿਖਿਆਰਥੀਆਂ ਨੂੰ ਪੰਜਾਬ ਭੇਜੇਗਾ। ਸਹਿਯੋਗ ਦਾ ਪੰਜਵਾਂ ਖੇਤਰ ਵਿਸ਼ੇਸ਼ ਹੁਨਰ ਵਿਕਾਸ 'ਤੇ ਕੇਂਦ੍ਰਿਤ ਹੈ, ਜਿੱਥੇ ਪੰਜਾਬ ਦੇ ਅਧਿਕਾਰੀ ਚਾਰੇ ਦੇ ਉਤਪਾਦਨ, ਚਾਰੇ ਦੇ ਬੀਜ ਦੀ ਗੁਣਵੱਤਾ ਸਬੰਧੀ ਜਾਂਚ, ਜੀਨੋਮਿਕ ਬ੍ਰੀਡਿੰਗ ਵੈਲਿਊ ਐਸਟੀਮੇਸ਼ਨ, ਜੈਨੇਟਿਕ ਬਿਮਾਰੀ ਸਬੰਧੀ ਸਕ੍ਰੀਨਿੰਗ, ਅਤੇ ਕੈਰੀਓਟਾਈਪਿੰਗ ਬਾਰੇ ਕੇ.ਐਲ.ਡੀ.ਬੀ. ਦੇ ਸਿਖਲਾਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।

 ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸਹਿਯੋਗ ਅਤਿ-ਆਧੁਨਿਕ ਪ੍ਰਜਨਨ ਬਾਇਓਟੈਕਨਾਲੋਜੀਆਂ ਦੇ ਏਕੀਕਰਨ ਰਾਹੀਂ ਸਾਡੇ ਪਸ਼ੂ ਪਾਲਣ ਪ੍ਰੋਗਰਾਮਾਂ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਨੂੰ ਦਰਸਾਉਂਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.