ਤਾਜਾ ਖਬਰਾਂ
ਲੁਧਿਆਣਾ- ਆਮ ਆਦਮੀ ਪਾਰਟੀ (ਆਪ) ਦੀ ਜ਼ਿਲ੍ਹਾ ਲੀਡਰਸ਼ਿਪ ਨੇ ਵੀਰਵਾਰ (1 ਮਈ) ਨੂੰ ਲੁਧਿਆਣਾ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ। ‘ਆਪ’ ਆਗੂਆਂ ਨੇ ਭਾਜਪਾ ਦੇ ਜ਼ਿਲ੍ਹਾ ਅਧਿਕਾਰੀਆਂ ਸਾਹਮਣੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਾਏ। ‘ਆਪ’ ਆਗੂਆਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਵੀ ਫੂਕਿਆ। ਉਨ੍ਹਾਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਸਰਕਾਰ ਵਿਚਕਾਰ 1981 ਵਿੱਚ ਪਾਣੀ ਦਾ ਸਮਝੌਤਾ ਹੋਇਆ ਸੀ, ਜਿਸ ਤਹਿਤ ਪੰਜਾਬ ਭਾਖੜਾ ਨਹਿਰ ਰਾਹੀਂ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਸਪਲਾਈ ਕਰਦਾ ਹੈ। ਹੁਣ ਤੱਕ ਪੰਜਾਬ ਹਰਿਆਣਾ ਨੂੰ ਰੋਜ਼ਾਨਾ 9.5 ਹਜ਼ਾਰ ਕਿਊਸਿਕ ਪਾਣੀ ਦੇ ਰਿਹਾ ਸੀ, ਜੋ 15 ਦਿਨ ਪਹਿਲਾਂ ਘਟਾ ਕੇ 4 ਹਜ਼ਾਰ ਕਿਊਸਿਕ ਰਹਿ ਗਿਆ ਹੈ।
ਧਰਨੇ ਵਿੱਚ ਸ਼ਾਮਲ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਬਿੱਟੂ ਨੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਹ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਹੱਕ ਵਿੱਚ ਹੈ ਪਰ ਆਮ ਆਦਮੀ ਪਾਰਟੀ ਆਪਣੇ ਹਿੱਸੇ ਦੀ ਇੱਕ ਬੂੰਦ ਵੀ ਨਹੀਂ ਦੇਵੇਗੀ। ਸਾਰੇ ਪੰਜਾਬੀਆਂ ਨੂੰ ਆਪਣੇ ਲਹੂ ਨਾਲੋਂ ਆਪਣੇ ਪਾਣੀ ਨਾਲ ਪਿਆਰ ਹੈ। ਰਵਨੀਤ ਬਿੱਟੂ ਪੰਜਾਬ ਵਿੱਚ ਰਹਿ ਕੇ ਪੰਜਾਬੀਆਂ ਨਾਲ ਧੋਖਾ ਕਰ ਰਿਹਾ ਹੈ।ਸਾਰੇ 'ਆਪ' ਵਰਕਰ ਭਾਜਪਾ ਦੇ ਇਸ ਕਦਮ ਦੀ ਨਿੰਦਾ ਕਰਦੇ ਹਨ। ਪਾਣੀ ਦੀ ਲੜਾਈ ਸਾਰਿਆਂ ਨੇ ਇੱਕਜੁੱਟ ਹੋ ਕੇ ਲੜਨੀ ਹੈ। ਰਵਨੀਤ ਬਿੱਟੂ ਨੇ ਹਮੇਸ਼ਾ ਪੰਜਾਬੀਆਂ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ।
ਦੂਜੇ ਪਾਸੇ, ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਨੇ ਕੇਂਦਰ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ 4 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੁੰਦੀ ਹੈ ਤਾਂ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਮਾਨ ਸਰਕਾਰ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਨ ਸਰਕਾਰ ਨੇ ਅਚਾਨਕ ਪਾਣੀਆਂ ਦਾ ਮੁੱਦਾ ਉਠਾ ਕੇ ਸੂਬਾ ਪੱਧਰੀ ਧਰਨੇ ਸ਼ੁਰੂ ਕਰ ਦਿੱਤੇ।
Get all latest content delivered to your email a few times a month.