ਤਾਜਾ ਖਬਰਾਂ
ਅਮਨ ਅਰੋੜਾ ਵੱਲੋਂ ਨਵੇਂ ਚੇਅਰਪਰਸਨ ਨੂੰ ਵਧਾਈ ਅਤੇ ਕਿਹਾ, ਨਵਿਆਉਣਯੋਗ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ
ਚੰਡੀਗੜ੍ਹ, 29 ਅਪ੍ਰੈਲ: ਡਾ. ਸੁਖਚੈਨ ਗੋਗੀ ਨੇ ਅੱਜ ਇੱਥੇ ਸੈਕਟਰ-33ਡੀ ਸਥਿਤ ਪੇਡਾ ਕੰਪਲੈਕਸ ਵਿਖੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਹਾਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ, ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਵੀ ਡਾ. ਸੁਖਚੈਨ ਗੋਗੀ ਨੂੰ ਵਧਾਈ ਦਿੱਤੀ।
ਲੁਧਿਆਣਾ ਪੱਛਮੀ ਤੋਂ ਸਾਬਕਾ ਵਿਧਾਇਕ ਸਵਰਗੀ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਦੇ ਪਤਨੀ ਡਾ. ਸੁਖਚੈਨ ਗੋਗੀ ਆਪਣੇ ਪੁੱਤਰ ਸਵਰਾਜ ਗੋਗੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਪੇਡਾ ਕੰਪਲੈਕਸ ਵਿਖੇ ਪਹੁੰਚੇ। ਡਾ. ਸੁਖਚੈਨ ਗੋਗੀ ਨੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਉਨ੍ਹਾਂ ਉੱਤੇ ਭਰੋਸਾ ਪ੍ਰਗਟਾਉਣ ਲਈ ਧੰਨਵਾਦ ਕਰਦਿਆਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ।
ਨਵੇਂ ਚੇਅਰਪਰਸਨ ਨੂੰ ਵਧਾਈ ਦਿੰਦਿਆਂ ਅਤੇ ਸਵਾਗਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਭਵਿੱਖ ਹੈ ਅਤੇ ਕੁਦਰਤੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਨਵਿਆਉਣਯੋਗ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ ਕਿਹਾ, “ਡਾ. ਸੁਖਚੈਨ ਗੋਗੀ ਦੀ ਪੇਡਾ ਦੇ ਚੇਅਰਪਰਸਨ ਵਜੋਂ ਨਿਯੁਕਤੀ ਨਾਲ ਸਾਡੀ ਟੀਮ ਮੁਕੰਮਲ ਹੋ ਗਈ ਹੈ ਅਤੇ ਹੁਣ ਅਸੀਂ ਨਵਿਆਉਣਯੋਗ ਖੇਤਰ ਦੇ ਪ੍ਰਚਾਰ ਅਤੇ ਵਿਕਾਸ ਲਈ ਹੋਰ ਜ਼ੋਰਦਾਰ ਢੰਗ ਨਾਲ ਕੰਮ ਕਰਾਂਗੇ।” ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਤੀਬਾੜੀ ਵਾਸਤੇ 4000 ਤੋਂ ਵੱਧ ਸੋਲਰ ਪੰਪ ਲਗਾਏ ਜਾ ਰਹੇ ਹਨ, ਜਦੋਂ ਕਿ ਸਰਕਾਰੀ ਇਮਾਰਤਾਂ 'ਤੇ 36 ਮੈਗਾਵਾਟ ਦੇ ਸੋਲਰ ਰੂਫਟਾਪ ਪਲਾਂਟ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਅਸ਼ੋਕ ਪਰਾਸ਼ਰ (ਪੱਪੀ), ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ।
Get all latest content delivered to your email a few times a month.