ਤਾਜਾ ਖਬਰਾਂ
ਮਾਨਸਾ, 29 ਅਪ੍ਰੈਲ ( ਸੰਜੀਵ ਜਿੰਦਲ ) : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਨਜਿੰਦਰ ਸਿੰਘ ਅਤੇ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਡੀ.ਆਰ. ਸੈਂਟਰ ਮਾਨਸਾ ਵਿਖੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਸੰਯੋਜਕ ਸੀਨੀਅਰ ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਬਾਲ ਮਜ਼ਦੂਰੀ ਸਮਾਜ ਲਈ ਸ਼ਰਾਪ ਹੈ, ਇਸ ਨੂੰ ਰੋਕਣ ਲਈ ਪੁਲਿਸ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਬਾਲ ਮਜ਼ਦੂਰੀ ਰੋਕਣ ਲਈ ਕਾਨੂੰਨੀ ਵਿਵਸਥਾਵਾਂ ਦੀ ਵਿਸਥਾਰ ਸਹਿਤ ਜਾਣਕਾਰੀ ਦੇਣ ਤੋਂ ਇਲਾਵਾ ਐਡਵੋਕੇਟ ਭਾਟੀਆ ਨੇ ਜੁਵੀਨਾਇਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ) ਐਕਟ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਓਫੈਂਸਜ਼ ਐਕਟ, 2012 ਦੀਆਂ ਵਿਵਸਥਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਬੱਚਿਆਂ ਦੀ ਯੋਨ ਸ਼ੋਸ਼ਣ ਤੋਂ ਸੁਰੱਖਿਆ ਬਹੁਤ ਮਹੱਤਵਪੂਰਨ ਮਾਮਲਾ ਹੈ, ਇਸ ਲਈ ਸਾਨੂੰ ਸਭ ਨੂੰ ਸੰਵੇਦਨਸ਼ੀਲ ਹੋਣ ਦੀ ਲੋੜ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਜ਼ਬਰ ਜਨਾਹ ਤੋਂ ਇਲਾਵਾ ਉਨ੍ਹਾਂ ਨਾਲ ਛੇੜ-ਛਾੜ ਕਰਨਾ, ਰਾਹ ਰੋਕਣਾ, ਗਲਤ ਇਸ਼ਾਰੇ ਕਰਨਾ, ਅਸ਼ਲੀਲ ਵਸਤਾਂ ਵਿਖਾਉਣਾ, ਅਸ਼ਲੀਲ ਰੂਪ ਵਿੱਚ ਪੇਸ਼ ਕਰਨਾ ਆਦਿ ਅਜਿਹੇ ਅਪਰਾਧ ਹਨ ਜਿਨ੍ਹਾਂ ਲਈ ਪੌਕਸੋ ਐਕਟ ਵਿੱਚ ਸਖਤ ਸਜਾਵਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਸ਼ਣ ਦਾ ਸ਼ਿਕਾਰ ਕੋਈ ਵੀ ਬੱਚਾ ਇਨਸਾਫ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਪੀੜ੍ਹਤ ਲੋੜ ਵੇਲੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਵਰਕਸ਼ਾਪ ਵਿੱਚ ਹਾਜਰ ਪੁਲਿਸ ਅਧਿਕਾਰੀਆਂ ਵੱਲੋਂ ਉਠਾਏ ਗਏ ਸਵਾਲਾਂ ਦਾ ਐਡਵੋਕੇਟ ਭਾਟੀਆ ਨੇ ਕਾਨੂੰਨੀ ਵਿਵਸਥਾਵਾਂ ਅਨੁਸਾਰ ਜਵਾਬ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਸਹਾਇਕ ਅਮਿਤ ਵਰਮਾ, ਪੁਲਿਸ ਅਧਿਕਾਰੀ ਰਜਿੰਦਰ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਸ਼ੁਖਮੰਦਰ ਸਿੰਘ, ਗੁਰਮੀਤ ਕੌਰ, ਸੱਤਪਾਲ ਸਿੰਘ, ਬਲਜੀਤ ਕੌਰ, ਕਰਮਜੀਤ ਕੌਰ, ਰਣਜੀਤ ਸਿੰਘ, ਬਿਕਰਮ ਸਿੰਘ ਆਦਿ ਹਾਜਰ ਸਨ।
Get all latest content delivered to your email a few times a month.