ਤਾਜਾ ਖਬਰਾਂ
ਕਰਨਾਲ- ਕਰਨਾਲ ਦੇ ਨੈਸ਼ਨਲ ਹਾਈਵੇਅ 44 'ਤੇ ਮਧੂਬਨ ਅਤੇ ਬਸਤਾਰਾ ਵਿਚਕਾਰ ਬਣ ਰਹੀ ਰਿੰਗ ਰੋਡ ਨੇੜੇ ਮੰਗਲਵਾਰ ਦੇਰ ਰਾਤ ਪੰਜਾਬ ਰੋਡਵੇਜ਼ ਦੇ ਲੁਧਿਆਣਾ ਡਿਪੂ ਦੀ ਇੱਕ ਬੱਸ ਉਸਾਰੀ ਅਧੀਨ ਸੜਕ ਕੋਲ ਖੜ੍ਹੀ ਹਾਈਡਰਾ ਮਸ਼ੀਨ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਦੇ ਪਰਖੱਚੇ ਉੱਡ ਗਏ।ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮੱਚ ਗਈ। ਖਿੜਕੀ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਹਾਦਸੇ 'ਚ 10 ਤੋਂ 12 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਕਰਨਾਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਬੱਸ 'ਚ 30 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸੇ ਵਿੱਚ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਸ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਰੋਡ 'ਤੇ ਡਾਇਵਰਸ਼ਨ ਬੋਰਡ ਕੋਲ ਹਾਈਡਰਾ ਮਸ਼ੀਨ ਖੜ੍ਹੀ ਸੀ। ਚਸ਼ਮਦੀਦ ਦੇਵੇਂਦਰ, ਸੁਭਾਸ਼, ਰਾਜੇਸ਼ ਅਤੇ ਹੋਰਨਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ।ਬੱਸ ਅੰਦਰ ਫਸੇ ਡਰਾਈਵਰ ਨੂੰ ਖਿੜਕੀ ਤੋੜ ਕੇ ਬਾਹਰ ਕੱਢਿਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਯਾਤਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਬੱਸ ਦੇ ਅੱਗੇ ਇੱਕ ਕੈਮਰਾ ਲੱਗਾ ਹੋਇਆ ਸੀ, ਜਿਸ ਨਾਲ ਹਾਦਸੇ ਦੀ ਸਾਰੀ ਘਟਨਾ ਰਿਕਾਰਡ ਹੋ ਜਾਂਦੀ ਸੀ। ਪੁਲਸ ਹੁਣ ਉਸ ਫੁਟੇਜ ਰਾਹੀਂ ਜਾਂਚ ਕਰੇਗੀ ਕਿ ਬੱਸ ਅਤੇ ਹਾਈਡਰਾ ਵਿਚਾਲੇ ਟੱਕਰ ਕਿਵੇਂ ਹੋਈ?
ਥਾਣਾ ਇੰਚਾਰਜ ਗੌਰਵ ਨੇ ਦੱਸਿਆ ਕਿ ਬੱਸ 'ਚ ਸਵਾਰ ਕਰੀਬ 10 ਤੋਂ 12 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਕਰਨਾਲ ਹਸਪਤਾਲ ਭੇਜਿਆ ਗਿਆ। ਥਾਣਾ ਇੰਚਾਰਜ ਗੌਰਵ ਪੂਨੀਆ ਨੇ ਦੱਸਿਆ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਈਡਰਾ ਮਸ਼ੀਨ ਉੱਥੇ ਕਿਵੇਂ ਅਤੇ ਕਿਉਂ ਖੜ੍ਹੀ ਸੀ। ਜੇਕਰ ਮਸ਼ੀਨ ਖੜ੍ਹੀ ਹਾਲਤ ਵਿੱਚ ਲਾਪ੍ਰਵਾਹੀ ਪਾਈ ਗਈ ਤਾਂ ਸਬੰਧਤ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.