ਤਾਜਾ ਖਬਰਾਂ
ਚੰਡੀਗੜ੍ਹ/ਲੁਧਿਆਣਾ, 7 ਅਪ੍ਰੈਲ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ, ਜਦੋਂ ਤੋਂ ‘ਆਪ’ ਸਰਕਾਰ ਦੇ ਸੱਤਾ ਸੰਭਾਲੀ ਹੈ, ਪੰਜਾਬ ਸਿੱਖਿਆ ਖੇਤਰ ਵਿੱਚ ਨਵੀਆਂ ਬੁਲੰਦੀਆਂ ਛੋਹ ਰਿਹਾ ਹੈ।
ਪੰਜਾਬ ਸਰਕਾਰ ਸੂਬੇ ਭਰ ਦੇ 12,000 ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੇ ਨਵੇਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰ ਰਹੀ ਹੈ। ਅੱਜ, ਕੈਬਨਿਟ ਮੰਤਰੀ ਮੁੰਡੀਆਂ ਨੇ ਸਾਹਨੇਵਾਲ ਅਤੇ ਦਾਖਾ ਦੇ ਸਕੂਲਾਂ ਵਿੱਚ 2 ਕਰੋੜ ਰੁਪਏ ਦੀ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕੀਤਾ।
ਅੱਜ ਦੇ ਦਿਨ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਦਿਨ ਦੱਸਦਿਆਂ, ਕੈਬਨਿਟ ਮੰਤਰੀ ਨੇ ਸਾਹਨੇਵਾਲ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕਈ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜੋ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉਲੀਕੇ ਗਏ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਵੇਂ ਸਮਾਰਟ ਕਲਾਸਰੂਮ, ਸਾਇੰਸ ਲੈਬ, ਚਾਰਦੀਵਾਰੀ, ਅਤੇ ਕੁੜੀਆਂ ਅਤੇ ਮੁੰਡਿਆਂ ਲਈ ਵੱਖਰੇ ਪਖ਼ਾਨਿਆਂ ਦੇ ਨਾਲ-ਨਾਲ ਖੇਡ ਮੈਦਾਨ ਵੀ ਸ਼ਾਮਲ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਸਕੂਲ ਹੁਣ ਨਿੱਜੀ ਅਤੇ ਮਹਿੰਗੇ ਸਕੂਲਾਂ ਨੂੰ ਪਛਾੜਕੇ ਅੱਗੇ ਆ ਰਹੇ ਹਨ, ਜਿਸ ਨਾਲ ਇਹ ਬਹੁਤ ਸਾਰੇ ਮਾਪਿਆਂ ਦੀ ਪਹਿਲੀ ਪਸੰਦ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਮੁਕੰਮਲ ਕਾਇਆ-ਕਲਪ ਦੇ ਦੌਰ ਚੋਂ ਗੁਜ਼ਰ ਰਹੇ ਹਨ, ਜਿਸ ਤਹਿਤ ਬਜਟ ਦਾ ਇੱਕ ਮਹੱਤਵਪੂਰਨ ਹਿੱਸਾ ਸਿੱਖਿਆ ਲਈ ਅਲਾਟ ਕੀਤਾ ਗਿਆ ਹੈ।
ਮੁੰਡੀਆਂ ਨੇ ਸਿੱਖਿਆ ਦੀ ਪਰਿਵਰਤਨਸ਼ੀਲ ਤੇ ਸੇਧਪੂਰਨ ਸਮਰੱਥਾ ’ਤੇ ਜ਼ੋਰ ਦਿੰਦਿਆਂ, ਇਸਨੂੰ ਨਰੋਏ ਸਮਾਜ ਦੀ ਨੀਂਹ ਦੱਸਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿੱਚ ਨੌਜਵਾਨ ਨੂੰ ਤਰਾਸ਼ ਕੇ ਡਾਕਟਰ, ਵਿਦਵਾਨ, ਇੰਜੀਨੀਅਰ, ਉੱਚ ਅਧਿਕਾਰੀ ਅਤੇ ਆਗੂ ਬਣਾਉਣ ਦੀ ਸਮਰੱਥਾ ਹੁੰਦੀ ਹੈ।
ਕੈਬਨਿਟ ਮੰਤਰੀ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਿੱਖਿਆ ਦੇ ਮਹੱਤਵ ਤੇ ਜ਼ੋਰ ਦਿੰਦੇ ਹੋਏ, ਹਰੇਕ ਬੱਚੇ ਦੀ ਸਮਰੱਥਾ ਦਾ ਸੁਚੱਜਤਾ ਨਾਲ ਪਾਲਣ-ਪੋਸ਼ਣ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪਹਿਲਕਦਮੀ - ‘ਪੰਜਾਬ ਸਿੱਖਿਆ ਕ੍ਰਾਂਤੀ’, ਨੂੰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਇੱਕ ਸ਼ਲਾਘਾਯੋਗ ਯਤਨ ਦੱਸਿਆ।
Get all latest content delivered to your email a few times a month.