ਤਾਜਾ ਖਬਰਾਂ
ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਫਫੜੇ ਭਾਈਕੇ ਦੇ ਸਕੂਲਾਂ ਵਿਖੇ ਹਲਕਾ ਵਿਧਾਇਕ ਮਾਨਸਾ ਨੇ ਕੀਤੇ ਕਰੀਬ 21 ਲੱਖ ਰੁਪਏ ਦੇ ਪ੍ਰੋੋਜੈਕਟਾਂ ਦੇ ਉਦਘਾਟਨ
ਮਾਨਸਾ, 7 ਅਪ੍ਰੈਲ 2025 ( ਸੰਜੀਵ ਜਿੰਦਲ ) : ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਮੇਂ ਦੇ ਹਾਣੀ ਬਣਾਉਣ ਲਈ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨਾ ਅਤੇ ਸਿ਼ੰਗਾਰਨਾ ਸਰਕਾਰ ਦੀ ਮੁੱਖ ਤਰਜੀਹ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਅੱਜ ਮਾਨਸਾ ਸਬ—ਡਵੀਜ਼ਨ ਦੇ ਪਿੰਡ ਫਫੜੇ ਭਾਈਕੇ ਵਿਖੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਫਫੜੇ ਭਾਈਕੇ ਅਤੇ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫਫੜੇ ਭਾਈਕੇ ਵਿਖੇ ਕਰੀਬ 21 ਲੱਖ ਦੀ ਲਾਗਤ ਨਾਲ ਬਣੇ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਦੇ ਮੱਦੇਨਜ਼ਰ ਅਤੇ ਉਨ੍ਹਾਂ ਦੀ ਵਧੀਆ ਤੇ ਸੁਰੱਖਿਅਤ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਫਫੜੇ ਭਾਈਕੇ ਵਿਖੇ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਐਡੀਸ਼ਨਲ ਕਲਾਸ ਰੂਮ ਅਤੇ 3 ਲੱਖ ਰੁਪਏ ਦੀ ਲਾਗਤ ਨਾਲ 60 ਮੀਟਰ ਲੰਮੀ ਚਾਰਦੀਵਾਰੀ ਕਰਵਾਈ ਗਈ ਹੈ। ਇਸੇ ਤਰ੍ਹਾਂ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫਫੜੇ ਭਾਈਕੇ ਵਿਖੇ 9 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਅਤੇ 1 ਲੱਖ 13 ਰੁਪਏ ਦੀ ਲਾਗਤ ਨਾਲ ਨਵਾਂ ਪਖਾਣਾ ਬਣਾਇਆ ਗਿਆ ਹੈ।
ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਪ੍ਰਫੂਲਿਤ ਕਰਨ ਦੇ ਮੰਤਵ ਨਾਲ ਕਲਾਸ ਰੂਮ, ਬੁਨਿਆਦੀ ਢਾਂਚਾ ਅਤੇ ਡਿਜੀਟਲ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਜਿੱਥੇ ਪੜ੍ਹਨ ਲਈ ਵਧੀਆਂ ਸਹੂਲਤਾਂ ਮਿਲਣਗੀਆਂ, ਉਥੇ ਹੀ ਇੱਕ ਵਧੀਆ ਮਾਹੌਲ ਵੀ ਸਿਰਜਿਆ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਰੂਚੀ ਵਿੱਚ ਵਾਧਾ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ ਤੇ ਹੋਰ ਅੱਗੇ ਵਧਣ ਦੇ ਸਮਰੱਥ ਬਣਾਉਣ ਵਿੱਚ ਵੀ ਸਹਾਈ ਹੋਵੇਗਾ।
ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਨੇ ਸ਼ੁਰੂ ਤੋਂ ਹੀ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਕਰਨਗੇ, ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਵਾ ਪਵੇ।ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਦੇ ਖਸਤਾਹਾਲ ਸਿਸਟਮ ਨੂੰ ਸੁਧਾਰ ਕੇ ਗੱਲੀ—ਮੁਹੱਲੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਪੈਦਾ ਕੀਤੀ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਹੁਣ ਹਰ ਸਕੂਲ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਵਧੀਆ ਫਰਨੀਚਰ, ਗਰੀਨ ਬੋਰਡ, ਪੀਣ ਵਾਲਾ ਸਾਫ਼ ਪਾਣੀ, ਪੜਾਉਣ ਵਾਲੇ ਵਧੀਆ ਅਧਿਆਪਕ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਨਸਿ਼ਆਂ ਖਿਲਾਫ਼ ਪੂਰੀ ਦ੍ਰਿੜਤਾ ਨਾਲ ਲੜ ਰਹੀ ਹੈ ਅਤੇ ਨਸ਼ਾ ਸਮੱਗਲਰਾਂ ਨੂੰ ਕਰੜੇ ਹੱਥੀ ਲੈਂਦਿਆਂ ਜਿੱਥੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਰਹੀ ਹੈ, ਉਥੇ ਹੀ ਉਨ੍ਹਾਂ ਦੇ ਘਰਾਂ *ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ, ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵੀ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਸਰਪੰਚ ਫਫੜੇ ਭਾਈਕੇ ਸ਼੍ਰੀਮਤੀ ਜ਼ਸਵੀਰ ਕੌਰ, ਸਰਪੰਚ ਚਕੇਰੀਆਂ ਜਗਵੀਰ ਸਿੰਘ, ਸਰਪੰਚ ਦਲੇਲ ਸਿੰਘ ਵਾਲਾ ਹਰਦੀਪ ਸਿੰਘ, ਹਲਕਾ ਕੋਆਰਡੀਨੇਟਰ ਸ਼੍ਰੀ ਅਜੈਬ ਸਿੰਘ ਬੁਰਜ ਹਰੀ, ਸੁਖਵੀਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ, ਇੰਚਾਰਜ ਪ੍ਰਿੰਸੀਪਲ ਕੁਲਦੀਪ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ, ਹੈਡ ਮਾਸਟਰ ਮੁਨੀਸ਼ ਕੁਮਾਰ, ਡਾ. ਭਰਪੂਰ ਸਿੱਧੂ, ਰਜਿੰਦਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਜਗਸੀਰ ਸਿੰਘ ਖਿੱਲਣ, ਗਗਨਦੀਪ ਸਿੰਘ, ਜਗਤਾਰ ਸਿੰਘ, ਅਮਨਦੀਪ ਸਿੰਘ, ਸਿ਼ੰਦਰਪਾਲ ਕੌਰ ਤੋਂ ਇਲਾਵਾ ਸਕੂਲ ਸਟਾਫ਼, ਵਿਦਿਆਰਥੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ।
Get all latest content delivered to your email a few times a month.