IMG-LOGO
ਹੋਮ ਪੰਜਾਬ: 🟣 ਪੰਜਾਬ ਪੁਲਿਸ ਨੇ ਪਾਕਿਸਤਾਨ ਅਤੇ ਅਮਰੀਕਾ ਅਧਾਰਤ ਡਰੱਗ ਸਿੰਡੀਕੇਟਸ...

🟣 ਪੰਜਾਬ ਪੁਲਿਸ ਨੇ ਪਾਕਿਸਤਾਨ ਅਤੇ ਅਮਰੀਕਾ ਅਧਾਰਤ ਡਰੱਗ ਸਿੰਡੀਕੇਟਸ ਨਾਲ ਸਬੰਧਤ 15 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਕਾਬੂ

Admin User - Mar 31, 2025 04:19 PM
IMG

ਚੰਡੀਗੜ੍ਹ/ਤਰਨਤਾਰਨ, 31 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਕਰਾਰਾ ਝਟਕਾ ਦਿੰਦਿਆਂ ਤਰਨਤਾਰਨ ਪੁਲਿਸ ਨੇ ਪਾਕਿਸਤਾਨ ਅਤੇ ਅਮਰੀਕਾ ਅਧਾਰਿਤ ਡਰੱਗ ਸਿੰਡੀਕੇਟ ਨਾਲ ਸਬੰਧਤ ਨਸ਼ਾ ਤਸਕਰ ਨੂੰ 15 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਸ਼ਪ੍ਰੀਤ ਸਿੰਘ ਵਾਸੀ ਰੋੜਾਂਵਾਲਾ, ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲੀਸ ਟੀਮਾਂ ਵੱਲੋਂ ਮੁਲਜ਼ਮ ਵੱਲੋਂ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਚਿੱਟੇ ਰੰਗ ਦੀ ਐਕਟਿਵਾ ਸਕੂਟਰ (ਪੀਬੀ 02 ਸੀਜੇ 4165) ਵੀ ਜ਼ਬਤ ਕੀਤੀ ਗਈ ਹੈ।

ਇਹ ਸਫਲਤਾ ਤਰਨਤਾਰਨ ਪੁਲਿਸ ਵੱਲੋਂ 6 ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਨ ਦੇ ਇੱਕ ਦਿਨ ਬਾਅਦ ਪ੍ਰਾਪਤ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਅਮਰੀਕਾ ਅਧਾਰਿਤ ਤਸਕਰ ਗੁਰਨਾਮ ਕਾਲੋਵਾਲ ਜੋ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਪਹਿਲਵਾਨ ਨਾਲ ਜੁੜਿਆ ਹੋਇਆ ਹੈ, ਵੱਲੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਨਾਲ ਸਬੰਧਤ ਹੈ। ਉਹਨਾਂ ਅੱਗੇ ਦੱਸਿਆ ਕਿ ਉਹ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਖੇਪ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਜਾਂਚ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਮੁਲਜ਼ਮ ਹਰਸ਼ਪ੍ਰੀਤ ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਕੇ ਇਸ ਨੂੰ ਸਥਾਨਕ ਨਸ਼ਾ ਤਸਕਰਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ ਅਤੇ ਅਮਰੀਕਾ ਅਧਾਰਿਤ ਆਪਣੇ ਹੈਂਡਲਰ ਦੇ ਇਸ਼ਾਰੇ 'ਤੇ ਨਸ਼ੀਲੇ ਪਦਾਰਥਾਂ ਦੇ ਪੈਸੇ ਹਵਾਲਾ ਚੈਨਲਾਂ ਰਾਹੀਂ ਭੇਜ ਰਿਹਾ ਸੀ।

ਡੀਜੀਪੀ ਨੇ ਦੱਸਿਆ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਵਾਸਤੇ ਹੋਰ ਜਾਂਚ ਜਾਰੀ ਹੈ।

ਇਸ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਤਰਨ ਤਾਰਨ ਅਭਿਮਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮ ਹਰਸ਼ਪ੍ਰੀਤ ਦੀਆਂ ਤਸਕਰੀ ਸਬੰਧੀ ਗਤੀਵਿਧੀਆਂ ਬਾਰੇ ਮਿਲੀ ਭਰੋਸੇਮੰਦ ਸੂਹ ‘ਤੇ ਕਾਰਵਾਈ ਕਰਦਿਆਂ, ਐਸਪੀ ਇਨਵੈਸਟੀਗੇਸ਼ਨ ਅਜੈ ਰਾਜ, ਡੀਐਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਅਤੇ ਡੀਐਸਪੀ ਸਪੈਸ਼ਲ ਕ੍ਰਾਈਮ ਗੁਰਿੰਦਰ ਪਾਲ ਨਾਗਰਾ ਦੀ ਅਗਵਾਈ ਵਿੱਚ ਸੀਆਈਏ ਦੀਆਂ ਟੀਮਾਂ ਨੇ ਖੂਫੀਆ ਆਪਰੇਸ਼ਨ ਚਲਾਇਆ ਅਤੇ ਰੱਖ ਸਰਾਏ ਅਮਾਨਤ ਖਾਂ ਖੇਤਰ ਤੋਂ ਮੁਲਜ਼ਮ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਆਪਣੀ ਐਕਟਿਵਾ ਸਕੂਟਰ 'ਤੇ ਕਿਸੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।

ਐਸਐਸਪੀ ਨੇ ਦੱਸਿਆ ਕਿ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਪ੍ਰਾਪਤ ਹੋਏ ਨਸ਼ਿਆਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਐਫਆਈਆਰ ਨੰ. 66 ਮਿਤੀ 31 ਮਾਰਚ, 2025 ਨੂੰ ਥਾਣਾ ਸਦਰ ਤਰਨਤਾਰਨ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਸੀ) ਤਹਿਤ ਦਰਜ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.