ਪੰਜਾਬੀ ਦੀ ਕਹਾਵਤ ਹੈ ,ਜਦੋਂ ਕਿਸਾਨ ਦੀ ਪੱਕੀ ਹੋਈ ਮੱਕੀ / ਬਾਜਰੇ ਦੀ ਫਸਲ ਨੂੰ "ਕਾਵਾਂ "ਦੀ ਡਾਰ ਉਜਾੜਨ ਲਈ ਆ ਜਾਵੇ ਤਾਂ ਇੱਕ "ਕਾਂ" ਮਾਰ ਕੇ ਟੰਗ ਦੇਵੋ ,ਜਿਸ ਨਾਲ ਫ਼ਸਲ ਉਜਾੜਨ ਲਈ ਆਉਂਦੇ "ਕਾਂ " ਦਲ ਨੇੜੇ ਤੇੜੇ ਨਹੀਂ ਖੜ੍ਹਦੇ ।ਇਹੋ ਫਾਰਮੂਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਨੂੰ ਮੁਅੱਤਲ ਕਰਕੇ ਤੇ ਬਾਅਦ ਵਿੱਚ ਉਸ ਦੀ ਬਹਾਲੀ ਨੂੰ ਲਟਕਾਉਣਾ ਆਦਿ ਦਾ ਛੜਯੰਤਰ ਪੰਜਾਬ ਕਾਂਗਰਸ ਦੇ ਵਿੱਚ ਉੱਠ ਰਹੀ ਅੰਦਰ ਖਾਤੇ ਬਗ਼ਾਵਤ ਨੂੰ ਠੱਲ੍ਹ ਪਾਉਣ ਲਈ ਅਪਣਾਇਆ ਲੱਗਦਾ ਹੈ ।.ਭਾਵੇਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਆਗੂ ਹਨ ,ਕਿਉਂਕਿ ਜਥੇਦਾਰ ਜ਼ੀਰਾ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਉਨ੍ਹਾਂ ਪੰਜ ਮੰਤਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 1997ਤੋਂ 2012 ਵਾਲੀ ਅਕਾਲੀ ਦਲ (ਬਾਦਲ) ਸਰਕਾਰ ਤੋਂ ਜਥੇਦਾਰ ਤਲਵੰਡੀ ਦੇ ਛੋਟੇ ਸਪੁੱਤਰ ਦੇ ਵਿਆਹ ਵਾਲੇ ਦਿਨ ਇੱਕੋ ਸਮੇਂ ਇਕੱਠਿਆਂ ਅਸਤੀਫ਼ੇ ਦਿੱਤੇ ਸਨ । ਬਾਅਦ ਵਿੱਚ ਜਥੇਦਾਰ ਜ਼ੀਰਾ ਨੇ ਕੈਪਟਨ ਅਮਰਿੰਦਰ ਦੀ ਅਗਵਾਈ ਚ ਕਾਂਗਰਸ ਦੇ ਕਿਸਾਨ ਸੈੱਲ ਦੀ ਵਾਂਗਡੋਰ ਸੰਭਾਲੀ । ਕੁਲਬੀਰ ਸਿੰਘ ਜ਼ੀਰਾ ਵੱਲੋਂ ਫਿਰੋਜ਼ਪੁਰ ਰੇਂਜ ਦੇ ਪੁਲਸ ਅਧਿਕਾਰੀ ਦਾ ਸਰਕਾਰੀ ਸਮਾਗਮ ਸਮੇਂ ਵਿਰੋਧ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਕਟਹਿਰੇ ਚ ਲਿਆਉਣ ਲਈ ਕੋਈ ਬਾਹਰੀ ਸ਼ਕਤੀ ਨੇ ਕੰਮ ਨਹੀਂ ਕੀਤਾ , ਸਗੋਂ ਕਾਂਗਰਸ ਦੀ ਚੱਲ ਰਹੀ ਅੰਦਰੂਨੀ ਧੜੇਬੰਦੀ ਕਾਰਨ ਹੀ ਹੈ ਇਹ ਘਟਨਾਕ੍ਰਮ ਵਾਪਰਿਆ ਹੈ ।ਪਰ ਇਸ ਸਮੇਂ ਕੁਲਬੀਰ ਜ਼ੀਰਾ ਨੂੰ ਸਿਰਫ਼ ਮੋਹਰਾ ਹੀ ਬਣਾਇਆ ਗਿਆ ਹੈ ,ਜਿਸ ਵਿੱਚ ਉਸ ਸਮੇਂ ਸਮਾਗਮ ਤੇ ਬੈਠਾ ਇੱਕ ਵਿਧਾਇਕ ਵੀ ਸ਼ਾਮਿਲ ਹੈ । ਇਸ ਘਟਨਾਕ੍ਰਮ ਤੋਂ ਬਾਅਦ ਕੁਲਬੀਰ ਜ਼ੀਰਾ ਦੀ ਪਿੱਠ ਤੇ ਆਏ ਤੇ ਉਸ ਨੂੰ ਹੱਲਾ ਸ਼ੇਰੀ ਦੇਣ ਵਾਲੇ ਆਗੂਆਂ ਦੇ ਨਾਂ ਵੀ ਕਿਸੇ ਤੋਂ ਛੁਪੇ ਨਹੀਂ ।ਪਰ ਚਾਣਕੀਆ ਨੀਤੀ ਦੇ ਮਾਹਿਰ ਬਣ ਚੁੱਕੇ ਕੈਪਟਨ ਅਮਰਿੰਦਰ ਵੱਲੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਰਾਹੀਂ ਵਿਧਾਇਕ ਜ਼ੀਰਾ ਨੂੰ ਮੁਅੱਤਲ ਕਰਵਾਉਣਾ ਤੇ ਬਾਅਦ ਵਿੱਚ ਵਿਧਾਇਕਾਂ ਤੋਂ ਬਜਟ ਦੀ ਸਲਾਹ ਲੈਣ ਵਾਸਤੇ ਸੱਦੀ ਮੀਟਿੰਗ ਚ ਵਿਧਾਇਕ ਜ਼ੀਰਾ ਨੂੰ ਨਾ ਸ਼ਾਮਿਲ ਹੋਣ ਦੇਣਾ ਤੇ ਚੁੱਪ- ਚੁਪੀਤੇ ਬਹਾਲ ਕਰ ਦੇਣਾ ਆਦਿ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਨਹੀਂ ਲਗਾਏ ,ਸਗੋਂ ਪੰਜਾਬ ਕਾਂਗਰਸ ਅੰਦਰ ਉੱਠ ਰਹੀ ਬਗਾਵਤ ਨੂੰ ਫਿਲਹਾਲ ਠੱਲ੍ਹ ਜ਼ਰੂਰ ਪਾ ਦਿੱਤੀ ਹੈ ।