“ਖਬਰਵਾਲੇ ਡਾਟ ਕਾਮ” ਨੇ ਆਪਣੀ ਹੋਂਦ ਤੋਂ ਲੈ ਕੇ ਸੱਚ ਦਾ ਪੱਲਾ ਫੜਿਆ ਹੋਇਆ ਹੈ ਅਤੇ ਹਰ ਖਬਰ ਦੀ ਸਚਾਈ ਅਤੇ ਉਸ ਦੀ ਤਹਿ ਤੱਕ ਜਾਣ ਲਈ ਅਸੀਂ ਹਰ ਹੀਲਾ ਵਰਤਣ ਲਈ ਬਚਨਵੱਧ ਹਾਂ। ਇਹ ਵੀ ਜਾਣਦੇ ਹਾਂ ਕਿ ਸੱਚ ਹਮੇਸ਼ਾਂ ਕੌੜਾ ਤਾਂ ਹੁੰਦਾ ਹੀ ਹੈ, ਸਗੋਂ ਇਸ ਦੀ ਰਾਹ ਕੰਡਿਆਂ ਨਾਲ ਵੀ ਭਰਪੂਰ ਹੁੰਦੀ ਹੈ।ਅਸੀਂ ਸਚਾਈ ਲੋਕਾਂ ਸਾਹਮਣੇ ਲਿਆਉਣ ਲਈ ਤਲਵਾਰ ਦੀ ਧਾਰ ‘ਤੇ ਤੁਰਨਾ ਵੀ ਜਾਣਦੇ ਹਾਂ। ਸਾਰੀਆਂ ਰਾਜਨੀਤਿਕ ਪਾਰਟੀਆਂ ਮੀਡੀਆ ਤੋਂ ਵਾਹ-ਵਾਹ ਤਾਂ ਸੁਣਨਾ ਲੋਚਦੀਆਂ ਹਨ, ਪਰ ਇਤਿਹਾਸ ਗਵਾਹ ਹੈ ਕਿ ਆਪਣੇ ਵਿਰੁਧ ਉਠਣ ਵਾਲੀ ਅਵਾਜ਼ ਦਾ ਗਲਾ ਘੁੱਟਣ ਲਈ ਪ੍ਰੈੱਸ ਦੀ ਆਜ਼ਾਦੀ ਤੇ ਹਮਲੇ ਹੁੰਦੇ ਆਏ ਹਨ ;ਹਾਲੀਆ ਦਿਨ੍ਹਾਂ ਵਿੱਚ ਪੰਜਾਬ ਵਿੱਚ ਉਭਰੀ ਨਵੀਂ ਧਿਰ ਆਮ ਆਦਮੀ ਪਾਰਟੀ ਨੂੰ ਜਦੋਂ ਅੰਦਰੂਨੀ ਸੰਕਟ ਦਾ ਸਹਾਮਣਾ ਕਰਨਾ ਪੈ ਰਿਹਾ ਹੈ, ਉਸੇ ਸਮੇਂ ਉਸ ਦੇ ਆਗੂਆਂ ਦੀ ਆਪਸੀ ਗੱਲਬਾਤ ਦਾ ਚਿੱਠਾ "ਖ਼ਬਰ ਵਾਲੇ ਡਾਟ ਕਾਮ" ਵੱਲੋਂ ਲੋਕਾਂ ਸਾਹਮਣੇ ਆਉਣ ਕਾਰਨ ਉਹ ਲਾਲ-ਪੀਲ਼ੇ ਹੋਏ ਫਿਰਦੇ ਹਨ। ਹਾਲਾਂਕਿ "ਖਬਰਵਾਲੇ ਡਾਟ ਕਾਮ "ਨੇ ਉਸ ਨੂੰ ਨਸ਼ਰ ਕਰਨ ਸਮੇਂ ਹੀ ਇਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਹ ਵੀ ਕਿਹਾ ਸੀ ਕਿ ਜੇਕਰ ਇਹ ਸੱਚ ਸਾਬਤ ਹੋ ਜਾਵੇ ਤਾਂ ਸਾਨੂੰ ਇਸ ‘ਤੇ ਮਾਣ ਵੀ ਮਹਿਸੂਸ ਹੋਵੇਗਾ। ਜਿਸ ਦੀ ਤਵੱਕੋਂ ਪਹਿਲਾਂ ਹੀ ਕੀਤੀ ਜਾ ਰਹੀ ਸੀ ਉਹ ਸਾਹਮਣੇ ਆ ਗਿਆ ਹੈ। ਇਸ ਸਬੰਧੀ ਸ਼ਿਕਾਇਤ ਸਰਕਾਰੇ ਦਰਬਾਰੇ ਪੁੱਜ ਚੁੱਕੀ ਹੈ ਅਤੇ ਇਸ ਦੀ ਜਾਂਚ ਲਈ ਖੁਲ੍ਹੇ ਦਿਲ ਨਾਲ "ਖ਼ਬਰ ਵਾਲੇ ਡਾਟ ਕਾਮ" ਸਾਹਮਣਾ ਕਰਨ ਲਈ ਤਿਆਰ ਹੈ। ਖਬਰਵਾਲੇ ਡਾਟ ਕਾਮ ਆਪਣੇ ਰਾਹਾਂ ‘ਤੇ ਸਾਬਤ ਕਦਮੀਂ ਅੱਗੇ ਵੱਧਦਾ ਰਹੇਗਾ। ਮੈਂ ਧੰਨਵਾਦੀ ਹਾਂ 14ਲੱਖ ਪਾਠਕਾਂ ਦਾ ਜਿਨ੍ਹਾਂ ਨੇ ਕੁਝ ਹੀ ਮਹੀਨਿਆਂ ਚ "ਖ਼ਬਰ ਵਾਲੇ ਡਾਟ ਕਾਮ " ਜੋ ਆਪਣੀ ਹਾਜ਼ਰੀ ਦਰਜ ਕੀਤੀ ।