ਬਿੱਟੂ ਤੇ ਹਰਸਿਮਰਤ ਦੀ ਹੈਟ੍ਰਿਕ ਬਨਾਮ ਨੂਰਾ ਕੁਸ਼ਤੀ ! ਪੜ੍ਹੋ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ :- ਲੋਕ ਸਭਾ ਚੋਣਾਂ ਚ ਬਠਿੰਡਾ ਤੇ ਫਿਰੋਜਪੁਰ ਦੋ ਸੀਟਾਂ ਜਿੱਤ ਕੇ ਆਪਣੀ ਇੱਜ਼ਤ ਬਚਾਉਣ ਵਾਲੇ ਅਕਾਲੀ ਦਲ ਤੇ ਭਾਵੇਂ ਵਿਰੋਧੀਆਂ ਵੱਲੋਂ ਸਿੱਧੇ ਤੌਰ ਤੇ ਅਤੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਸਿੱਧੇ ਤੌਰ ਤੇ ਦੋਸ਼ ਲਗਾਏ ਗਏ ਸਨ ਕਿ ਕੈਪਟਨ ਤੇ ਬਾਦਲ ਰਲੇ ਹੋਏ ਨੇ ।
ਪਰ " ਮੇਰੇ ਨਜ਼ਰੀਏ" ਵਿੱਚ ਲਗਾਏ ਗਏ ਦੋਸ਼ਾਂ ਚ ਕਿਤੇ ਨਾ ਕਿਤੇ ਨੂਰਾ ਕੁਸ਼ਤੀ ਵਾਲੀ ਖੇਡ ਜਾਪਦੀ ਹੈ।
ਹਾਲ ਹੀ ਹੋਈਆਂ ਲੋਕ ਸਭਾ ਚੋਣਾਂ ਚ ਮਾਲਵਾ ਖੇਤਰ ਦੀਆਂ ਤਿੰਨ ਸੀਟਾਂ ਤੇ ਦਾਲ ਕਾਲੀ ਜ਼ਰੂਰ ਦਿਸ ਰਹੀ ਹੈ ।
ਥੋੜ੍ਹਾ ਪਿਛੋਕੜ ਤੋਂ ਗੱਲ ਕਰੀਏ !ਜਿਵੇਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾਵਾਂ ਵਾਪਰਨ ਕਾਰਨ ਅਕਾਲੀ ਦਲ ਵਿਰੁੱਧ ਪੰਜਾਬ ਚ ਲਹਿਰ ਖੜ੍ਹੀ ਹੋ ਗਈ ਸੀ , ਤਾਂ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਚੁਣੌਤੀ ਦੇ ਕੇ ਸੁਖਬੀਰ ਸਿੰਘ ਬਾਦਲ ਵਿਰੁੱਧ ਹਲਕਾ ਜਲਾਲਾਬਾਦ ਤੋਂ ਜਦੋਂ ਚੋਣ ਲੜੀ ਤਾਂ ਉਸ ਸਮੇਂ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਵੱਲੋਂ ਜਲਾਲਾਬਾਦ ਹਲਕੇ ਤੋਂ ਚੋਣ ਲੜਾਈ ਗਈ । ਤਿਕੋਣੀ ਟੱਕਰ ਚ ਬਾਦਲ ਵਿਰੋਧੀ ਵੋਟ ਜਿਹੜੀ ਕਿ ਭਗਵੰਤ ਮਾਨ ਨੂੰ ਭੁਗਤ ਨਹੀਂ ਸੀ ,ਉਸ ਦਾ ਵੱਡਾ ਹਿੱਸਾ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਚਲਾ ਗਿਆ । ਇਸ ਟਿਕਾਉਣੀ ਤਿਕੋਣੀ ਟੱਕਰ ਚ ਸੁਖਬੀਰ ਸਿੰਘ ਬਾਦਲ ਬਾਜ਼ੀ ਮਾਰ ਗਏ । ਜਿਸ ਦੀ ਆਮ ਲੋਕਾਂ ਚ ਇਹ ਚਰਚਾ ਹੋਈ ਕਿ ਰਵਨੀਤ ਬਿੱਟੂ ਤਾਂ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਆਇਆ ਸੀ ।
ਇਨ੍ਹਾਂ ਲੋਕ ਸਭਾ ਚੋਣਾਂ ਚ ਵੀ ਨੂਰਾ ਕੁਸ਼ਤੀ ਵਾਲੀ ਖੇਡ ਦੁਹਰਾਈ ਗਈ ,ਜਿਵੇਂ ਕਿ ਅਕਾਲੀ ਦਲ ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਮੀਦਵਾਰ ਵਜੋ ਉਤਾਰਿਆ ਗਿਆ, ਜਿਸ ਦਾ ਜ਼ਿਲ੍ਹੇ ਦੇ ਸਾਰੇ ਹਲਕਾ ਇੰਚਾਰਜ ਤੇ ਵੱਡੇ ਆਗੂ ਵਿਰੋਧ ਕਰਦੇ ਸਨ ,ਕਿਉਂਕਿ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਕਾਲੀ ਦਲ ਦੀ ਪਿਛਲੀ ਸਰਕਾਰ ਚ ਮੁੱਖ ਮੰਤਰੀ ਬਾਦਲ ਦੇ ਸਲਾਹਕਾਰ ਹੁੰਦਿਆਂ ਜ਼ਿਲ੍ਹੇ ਦੇ ਆਗੂਆਂ ਨਾਲ ਹੀ ਭਾਜੀ ਪਾ ਲਈ ਸੀ ,ਮਹੇਸ਼ਇੰਦਰ ਸਿੰਘ ਗਰੇਵਾਲ ਤੇ ਆਮ ਦੋਸ਼ ਲੱਗਦੇ ਸਨ ਕਿ ਉਹ ਜ਼ਿਲ੍ਹੇ ਦੇ ਸਾਰੇ ਹਲਕਿਆਂ ਚ ਆਪਣੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਵਿਰੁੱਧ ਛੋਟੇ ਛੋਟੇ ਕੰਮਾਂ ਚ ਨਿੱਜੀ ਦਖਲ ਦਿੰਦੇ ਹਨ , ਜਿਸ ਕਾਰਨ ਜ਼ਿਲ੍ਹੇ ਦੇ 8 ਵਿਧਾਇਕ ਤੇ ਹਲਕਾ ਇੰਚਾਰਜ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਚ ਮੁੱਖ ਮੰਤਰੀ ਬਾਦਲ ਨੂੰ ਵੀ ਮਿਲੇ ਸਨ । ਪਰ ਉਸ ਦਾ ਕੋਈ ਅਸਰ ਨਹੀਂ ਹੋਇਆ ਸੀ ,ਕਿਉਂਕਿ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਸਿਰ ਤੇ ਬਿਕਰਮ ਸਿੰਘ ਮਜੀਠੀਆ ਦਾ ਹਥ ਸੀ।

ਭਾਵੇਂ ਕਿ ਦਾਖਾ ਹਲਕੇ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਅਤੇ ਯੂਥ ਅਕਾਲੀ ਦਲ ਦੇ ਮਜੀਠੀਆ ਬ੍ਰਿਗੇਡ ਦੇ ਚਾਰ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ, ਗੁਰਦੀਪ ਸਿੰਘ ਗੋਸ਼ਾ ,ਪ੍ਰਭਜੋਤ ਸਿੰਘ ਧਾਲੀਵਾਲ ਤੇ ਤਨਵੀਰ ਸਿੰਘ ਧਾਲੀਵਾਲ ਆਦਿ ਨੇ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਮਿਲ ਕੇ ਨੌਜਵਾਨ ਆਗੂ ਪਰਮਿੰਦਰ ਸਿੰਘ ਬਰਾੜ ਨੂੰ ਉਮੀਦਵਾਰ ਬਣਾਉਣ ਦੀ ਵੀ ਮੰਗ ਕੀਤੀ ਸੀ ।ਉਪਰੋਕਤ ਦੋਵੇਂ ਨੌਜਵਾਨ ਢਿੱਲੋਂ ਤੇ ਬਰਾੜ ਨੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਮੁਕਾਬਲੇ ਮਜ਼ਬੂਤ ਉਮੀਦਵਾਰ ਬਣ ਸਕਦੇ ਸਨ ,ਕਿਉਂਕਿ ਮਹਾਨਗਰ ਲੁਧਿਆਣਾ ਚ ਹਿੰਦੂ ਵੋਟ ਮੋਦੀ ਦੇ ਰੰਗ ਚ ਰੰਗੀ ਹੋਈ ਸੀ ,ਤੇ ਨਾਲ ਹੀ ਬਾਕੀ ਵਿਧਾਨ ਸਭਾਂ ਹਲਕਿਆਂ ਚ ਹਲਕਾ ਇੰਚਾਰਜਾਂ ਨੇ ਵੀ ਸਿਰ ਤੋੜ ਯਤਨ ਕਰਨੇ ਸਨ ।
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਸਿਆਸੀ ਮਾਹਿਰਾਂ ਦੀ ਦੰਦ ਕਥਾ ਅਨੁਸਾਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਰਵਨੀਤ ਬਿੱਟੂ ਦੇ ਚਚੇਰੇ ਭਰਾ ਵਿਧਾਇਕ ਗੁਰਕੀਰਤ ਕੋਟਲੀ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ,ਕਿਉਂਕਿ ਹਿੰਦੂ ਤੇ ਉਦਯੋਗਿਕ ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਦਲ ਵੱਲੋਂ ਕੱਟੜ ਸਿੱਖ ਪਿਛੋਕੜ ਵਾਲੇ ਉਮੀਦਵਾਰ ਰਣਜੀਤ ਸਿੰਘ ਤਲਵੰਡੀ ਨੂੰ ਹੀ ਹਲਕਾ ਖੰਨਾ ਦਾ ਇੰਚਾਰਜ ਲਾ ਕੇ ਇੱਥੋਂ ਹੀ ਉਸ ਨੂੰ ਚੋਣ ਲੜਾਈ ਜਾਂਦੀ ਹੈ ।ਪਰ ਉਹ ਹਰ ਵਾਰ ਹਾਰਦਾ ਹੈ ,ਕਿਉਂਕਿ ਖੰਨੇ ਹਲਕੇ ਦਾ ਸ਼ਹਿਰੀ ਵੋਟ ਬੈਂਕ ਦਾ ਵੱਡਾ ਹਿੱਸਾ ਬੇਅੰਤ ਪਰਿਵਾਰ ਨੂੰ ਹੀ ਭੁਗਤਦਾ ਹੈ ।
ਹੁਣ ਗੱਲ ਕਰੀਏ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੀ!ਜਿੱਥੇ ਕਿ ਪਹਿਲਾਂ ਹੀ ਵਿਵਾਦਾਂ ਚ ਰਹੇ ਅਕਾਲੀ ਦਲ ਦੇ ਬਾਗੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਚ ਸ਼ਾਮਲ ਕਰਨ ਉਪਰੰਤ ਫਿਰੋਜ਼ਪੁਰ ਤੋਂ ਚੋਣ ਲੜਾਉਣਾ ਤੇ ਸੁਖਬੀਰ ਸਿੰਘ ਬਾਦਲ ਦਾ ਸਭ ਤੋਂ ਵੱਡੀ ਲੀਡ ਪ੍ਰਾਪਤ ਕਰਕੇ ਜਿੱਤਣ ਨੂੰ ਵੀ ਸਿਆਸੀ ਮਾਹਰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ,ਕਿਉਂਕਿ ਸ਼ੇਰ ਸਿੰਘ ਘੁਬਾਇਆ ਦਾ ਕਾਂਗਰਸ ਚ ਸ਼ਾਮਿਲ ਹੋਣ ਵਾਲੇ ਦਿਨ ਹੀ ਵਿਰੋਧ ਸ਼ੁਰੂ ਹੋ ਗਿਆ ਸੀ ।ਇੱਥੋਂ ਤੱਕ ਕਿ ਇਸ ਸਬੰਧੀ ਹਲਕੇ ਨਾਲ ਸਬੰਧ ਰੱਖਦਾ ਮੰਤਰੀ ਤੇ ਕਈ ਵਿਧਾਇਕ ਵੀ ਖੁੱਲ੍ਹ ਕੇ ਘੁਬਾਇਆ ਦੀ ਚੋਣ ਮੁਹਿੰਮ ਚ ਸ਼ਾਮਿਲ ਨਹੀਂ ਹੋਏ ।
ਜਿਸ ਦੀ ਸ਼ਿਕਾਇਤ ਵੀ ਉਹ ਵਾਰ ਵਾਰ ਕਾਂਗਰਸ ਹਾਈਕਮਾਨ ਨੂੰ ਕਰਦਾ ਰਿਹਾ ।ਜੇਕਰ ਇਸ ਹਲਕੇ ਤੋਂ ਗੁਰਮੀਤ ਸਿੰਘ ਰਾਣਾ ਸੋਢੀ ਵਰਗਿਆਂ ਨੂੰ ਕਾਂਗਰਸ ਵੱਲੋਂ ਚੋਣ ਲੜਾਈ ਜਾਂਦੀ ਤਾਂ ਹੋ ਸਕਦਾ ਕਾਂਗਰਸ ਦੀ ਬਾਜ਼ੀ ਪਲਟ ਸਕਦੀ ਸੀ ।
ਬਾਦਲ ਦਲ ਦੀ ਰਾਜਧਾਨੀ ਸਮਝੀ ਜਾਂਦੀ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਜਿਸ ਤੋਂ ਲਗਾਤਾਰ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣੀ ਬਾਦਲ ਘਰਾਣੇ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਥੋੜ੍ਹੇ ਫ਼ਰਕ ਨਾਲ ਜਿੱਤ ਤੋਂ ਬਾਅਦ ਵੀ ਇਹੋ ਸਵਾਲ ਖੜ੍ਹੇ ਹੁੰਦੇ ਹਨ , ਕਿ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦਾ ਰਾਜਸੀ ਕੱਦ ਬਾਦਲ ਪਰਿਵਾਰ ਮੁਕਾਬਲੇ ਬਹੁਤ ਛੋਟਾ ਹੈ । ਦੂਜਾ ਰਾਜਾ ਵੜਿੰਗ ਬਠਿੰਡਾ ਜ਼ਿਲ੍ਹੇ ਦੇ ਵਿਧਾਇਕ ਬਣਨ ਤੋਂ ਬਾਅਦ ਹਮੇਸ਼ਾ ਹੀ ਵਿਵਾਦਾਂ ਚ ਰਹੇ । ਪਰ ਜੇਕਰ ਇਸ ਹਲਕੇ ਤੋਂ ਨਵਜੋਤ ਕੌਰ ਸਿੱਧੂ ਵਰਗੀ ਉਮੀਦਵਾਰ ਹੁੰਦੀ ਤਾਂ ਬਠਿੰਡੇ ਦੇ ਕਿਲ੍ਹੇ ਤੇ ਵੀ ਕਾਂਗਰਸ ਦਾ ਝੰਡਾ ਝੂਲਦਾ ਹੋਣਾ ਸੀ ।